ਜੇਲ੍ਹਾਂ ਦੀਆਂ ਸਲਾਖ਼ਾਂ ਵੀ ਨਹੀਂ ਰੋਕ ਰਹੀਆਂ, ਮੋਬਾਈਲਾਂ ਦੀਆਂ ਘੰਟੀਆਂ ਨੂੰ!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 21 2019 12:10
Reading time: 2 mins, 57 secs

ਜੇਲ੍ਹ!! ਜਿਸ ਦੇ ਅੰਦਰ ਜੁਰਮ ਕਰਨ ਵਾਲੇ ਬੰਦ ਹੁੰਦੇ ਹਨ, ਉਸ ਨੂੰ ਜੇਲ੍ਹ ਹੀ ਆਖਿਆ ਜਾਂਦਾ ਹੈ। ਪਰ, ਜਦੋਂ ਜੇਲ੍ਹ ਦੀਆਂ ਸਲਾਖ਼ਾਂ ਦੇ ਅੰਦਰ ਬੰਦ, ਜੁਰਮ ਕਰਨ ਵਾਲੇ ਹੀ ਜੇਲ੍ਹ ਅੰਦਰ ਨਜਾਇਜ਼ ਕਾਰੋਬਾਰ ਕਰਨ ਲੱਗ ਪੈਣ ਤਾਂ ਉਨ੍ਹਾਂ ਨੂੰ ਕੀ ਆਖਿਆ ਜਾਵੇ, ਇਸ ਦੇ ਬਾਰੇ ਵਿੱਚ ਕੋਈ ਵਿੱਚਾਰ ਨਹੀਂ ਕਰ ਰਿਹਾ? ਦੱਸ ਦਈਏ ਕਿ ਸੂਬੇ ਦੇ ਅੰਦਰ ਜਿੰਨੀਆਂ ਵੀ ਜੇਲ੍ਹਾਂ ਹੁਣ ਤੱਕ ਹਨ, ਉਨ੍ਹਾਂ ਸਾਰੀਆਂ ਦੇ ਵਿੱਚ ਹੀ ਨਸ਼ੇ, ਮੋਬਾਈਲ ਫੋਨ, ਰਿਸ਼ਵਤ ਅਤੇ ਹੋਰ ਗੈਰ ਕਾਨੂੰਨੀ ਕੰਮ ਧੰਦੇ ਚੱਲਦੇ ਹਨ।

ਇਹ ਸਭ ਕੁਝ ਕਥਿਤ ਤੌਰ 'ਤੇ ਜੇਲ੍ਹ ਪ੍ਰਸ਼ਾਸਨ ਦੀ ਮਿਲੀਭੁਗਤ ਦੇ ਨਾਲ ਹੀ ਚੱਲਦਾ ਹੈ ਅਤੇ ਜੇਲ੍ਹ ਪ੍ਰਸ਼ਾਸਨ ਹੀ ਜੇਲ੍ਹ ਦੇ ਅੰਦਰ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਸੁੱਖ ਸਹੂਲਤਾਂ ਪ੍ਰੋਵਾਈਡ ਕਰਵਾਉਂਦੇ ਹਨ। ਵੇਖਿਆ ਜਾਵੇ ਤਾਂ ਦਾਲ ਵਿੱਚ ਕਾਲਾ ਤਾਂ ਉਦੋਂ ਹੀ ਆਉਣਾ ਸ਼ੁਰੂ ਹੋ ਜਾਂਦਾ ਹੈ, ਜਦੋਂ ਜੇਲ੍ਹ ਦੇ ਅਧਿਕਾਰੀ ਹੀ ਵਿੱਕ ਜਾਂਦੇ ਹਨ ਅਤੇ ਉਹ ਸ਼ਰੇਆਮ ਹੀ ਜੁਰਮ ਕਰਨ ਵਾਲਿਆਂ ਦਾ ਸਾਥ ਦੇਣ ਲੱਗ ਪੈਂਦੇ ਹਨ। ਜੇਲ੍ਹ ਦੀਆਂ ਸਲਾਖ਼ਾਂ ਭਾਵੇਂ ਹੀ ਬੜੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਜੇਲ੍ਹ ਦੀ ਸੁਰੱਖਿਆ ਸੈਂਕੜੇ ਕਰਮਚਾਰੀਆਂ ਦੇ ਹੱਥ ਵਿੱਚ ਹੁੰਦੀ ਹੈ।

ਪਰ ਜੇਕਰ ਇਨ੍ਹਾਂ ਜੇਲ੍ਹਾਂ ਦੇ ਅੰਦਰ ਮੋਬਾਈਲ ਫੋਨ, ਨਸ਼ੇ ਅਤੇ ਹੋਰ ਗੈਰ ਕਾਨੂੰਨੀ ਪਦਾਰਥ ਹਵਾਲਾਤੀਆਂ ਅਤੇ ਕੈਦੀਆਂ ਦੇ ਕੋਲ ਚਲੇ ਜਾਣਾ, ਕਈ ਸਵਾਲ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਅੰਦਰ ਹੁਣ ਤੱਕ ਕਈ ਨਾਮੀ ਗੈਂਗਸਟਰ, ਖਾਲਿਸਤਾਨੀ, ਅੱਤਵਾਦੀ, ਵੱਖਵਾਦੀ ਅਤੇ ਬਾਹਰਲੇ ਰਾਜਾਂ ਤੋਂ ਇਲਾਵਾ ਬਾਹਰਲੇ ਦੇਸ਼ਾਂ ਦੇ ਜੁਰਮ ਕਰਨ ਵਾਲੇ ਮੁਲਜ਼ਮ ਬੰਦ ਰਹੇ ਹਨ। ਪਰ ਫਿਰ ਵੀ ਜੇਲ੍ਹ ਦੀ ਸੁਰੱਖਿਆ ਕੋਈ ਚੰਗੀ ਨਹੀਂ ਹੈ ਅਤੇ ਰੋਜ਼ ਹੀ ਜੇਲ੍ਹ ਦੇ ਅੰਦਰ ਗੈਰ ਕਾਨੂੰਨੀ ਕੰਮ ਹੋ ਰਹੇ ਹਨ।

ਮੋਬਾਈਲ ਫੋਨ, ਨਸ਼ਾ ਅਤੇ ਹੋਰ ਗੈਰ ਕਾਨੂੰਨੀ ਪਦਾਰਥ ਜੇਲ੍ਹ ਦੇ ਅੰਦਰੋਂ ਮਿਲਣਾ ਤਾਂ ਅੱਜ ਆਮ ਗੱਲ ਹੀ ਹੋ ਗਈ ਹੈ। ਤਾਜ਼ਾ ਕੇਸ ਦੇ ਮੁਤਾਬਿਕ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਅੰਦਰ ਬੰਦ ਦੋ ਹਵਾਲਾਤੀਆਂ ਦੇ ਕਬਜ਼ੇ ਵਿੱਚੋਂ ਮੋਬਾਈਲ ਫੋਨ ਬਰਾਮਦ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧ ਦੇ ਵਿੱਚ ਪੁਲਿਸ ਥਾਣਾ ਸਿਟੀ ਫਿਰੋਜ਼ਪੁਰ ਦੇ ਵੱਲੋਂ ਉਕਤ ਦੋਵੇਂ ਹਵਾਲਾਤੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਕੋਲੋਂ ਜੇਲ੍ਹ ਅਧਿਕਾਰੀਆਂ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਮੋਬਾਈਲ ਫੋਨ ਉਨ੍ਹਾਂ ਕੋਲ ਕਿਵੇਂ ਆਏ?

ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਰਜਿੰਦਰ ਕੁਮਾਰ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਜਦੋਂ ਬੀਤੇ ਦਿਨ ਜੇਲ੍ਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਵੱਲੋਂ ਕੈਦੀਆਂ ਅਤੇ ਹਵਾਲਾਤੀਆਂ ਦੀ ਤਲਾਸ਼ੀ ਲਈ ਜਾ ਰਹੀ ਸੀ ਤਾਂ ਇਸ ਦੌਰਾਨ ਹਵਾਲਾਤੀ ਪ੍ਰਦੀਨ ਕੁਮਾਰ ਕੋਲੋਂ ਇੱਕ ਮੋਬਾਈਲ ਫੋਨ ਮਾਰਕਾ ਸੈਮਸੰਗ ਬਿਨ੍ਹਾਂ ਬੈਟਰੀ ਤੇ ਬਿਨ੍ਹਾਂ ਸਿੰਮ ਬਰਾਮਦ ਹੋਇਆ ਅਤੇ ਇਸੇ ਤਲਾਸ਼ੀ ਅਭਿਆਨ ਦੇ ਦੌਰਾਨ ਹੀ ਹਵਾਲਾਤੀ ਸੰਜੀਵ ਰੋਸ਼ਨ ਦੇ ਕਬਜ਼ੇ ਵਿੱਚੋਂ ਇੱਕ ਮੋਬਾਈਲ ਫੋਨ ਮਾਰਕਾ ਸੈਮਸੰਗ ਸਮੇਤ ਬੈਟਰੀ ਅਤੇ ਸਿੰਮ ਬਰਾਮਦ ਹੋਇਆ।

ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਹਵਾਲਾਤੀਆਂ ਦੇ ਕੋਲੋਂ ਹੋਰ ਡੁੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਦੀਆਂ ਸਲਾਖਾਂ ਪਿੱਛੇ ਉਕਤ ਹਵਾਲਾਤੀ ਕਿਵੇਂ ਮੋਬਾਈਲ ਫੋਨ ਲੈ ਕੇ ਗਏ, ਇਸ ਦੇ ਬਾਰੇ ਵਿੱਚ ਹਾਲੇ ਜਾਂਚ ਚੱਲ ਰਹੀ ਹੈ। ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਉਕਤ ਦੋਵੇਂ ਹਵਾਲਾਤੀਆਂ ਦੇ ਵਿਰੁੱਧ ਪੁਲਿਸ ਕਾਰਵਾਈ ਲਈ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੀ ਸਬ ਇੰਸਪੈਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਰਜਿੰਦਰ ਕੁਮਾਰ ਦੇ ਵੱਲੋਂ ਭੇਜੀ ਗਈ ਸ਼ਿਕਾਇਤ ਦੇ ਆਧਾਰ 'ਤੇ ਹਵਾਲਾਤੀ ਪ੍ਰਵੀਨ ਕੁਮਾਰ ਪੁੱਤਰ ਪ੍ਰੇਮ ਕੁਮਾਰ ਵਾਸੀ ਪਿੰਡ ਨੁਕੇਰਾ ਥਾਣਾ ਸੰਗਰੀਆ ਜ਼ਿਲ੍ਹਾ ਹੰਨੂਮਾਨਗੜ, ਹਵਾਲਾਤੀ ਸੰਜੀਵ ਕੁਮਾਰ ਰੋਸ਼ਨ ਉਰਫ਼ ਪ੍ਰਮੋਦ ਗਿਰੀ ਵਾਸੀ ਪਿੰਡ ਪ੍ਰਦੁਮਣ ਛਪਰਾ, ਵਾਰਡ ਨੰਬਰ 1 ਕੇਸਰੀਆ ਜ਼ਿਲ੍ਹਾ ਈਸਟ ਚੰਪਾਹਰਨ ਬਿਹਾਰ ਹਾਲ ਗਲੀ ਨੰਬਰ 1 ਬਚਿੱਤਰ ਨਗਰ ਲੁਧਿਆਣਾ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਵਿਰੁੱਧ 52-ਏ ਪਰੀਸੰਨਜ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।