ਸਤਲੁਜ ਦਰਿਆ ਦੀਆਂ ਫਾਟਾਂ ਤੱਕ ਪਹੁੰਚਿਆ ਪਾਣੀ, ਜ਼ਿਲ੍ਹੇ ਦੇ 18 ਪਿੰਡਾਂ 'ਚ ਰੈੱਡ ਅਲਰਟ ਜਾਰੀ ( ਨਿਊਜ਼ਨੰਬਰ ਖ਼ਾਸ ਖ਼ਬਰ )

Last Updated: Aug 21 2019 11:08
Reading time: 1 min, 53 secs

ਭਾਖੜਾ ਡੈਮ 'ਚ ਬਰਸਾਤਾਂ ਦੇ ਪਾਣੀ ਕਰਕੇ ਖ਼ਤਰੇ ਦੇ ਨਿਸ਼ਾਨ ਵੱਲ ਵਧਦੇ ਪਾਣੀ ਦੇ ਪੱਧਰ ਨੂੰ ਰੋਕਣ ਲਈ ਛੱਡੇ ਗਏ ਪਾਣੀ ਕਰਕੇ ਸਤਲੁਜ ਦਰਿਆ ਸਣੇ ਹੋਰ ਨਹਿਰਾਂ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ ਅਤੇ ਪਾਣੀ ਹੁਣ ਹੜ੍ਹ ਦੇ ਰੂਪ 'ਚ ਤਬਾਹੀ ਮਚਾਉਂਦੇ ਪੰਜਾਬ ਦੇ ਅਖੀਰਲੇ ਜ਼ਿਲ੍ਹਾ ਫ਼ਾਜ਼ਿਲਕਾ ਤੱਕ ਪਹੁੰਚ ਗਿਆ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ 18 ਪਿੰਡਾਂ 'ਚ ਰੈੱਡ ਅਲਰਟ ਜਾਰੀ ਕਰਕੇ ਅਧਿਕਾਰੀਆਂ ਨੂੰ ਪਾਣੀ ਦੇ ਪੱਧਰ 'ਤੇ ਨਜ਼ਰ ਰੱਖਣ ਸਮੇਤ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਹੁਕਮ ਜਾਰੀ ਕੀਤੇ ਗਏ ਹਨ।

ਉੱਧਰ ਸਤਲੁਜ 'ਚ ਪਿੱਛੋਂ ਆਏ ਪਾਣੀ ਕਰਕੇ ਪਾਣੀ ਦਾ ਪੱਧਰ ਵੱਧ ਗਿਆ ਹੈ ਅਤੇ ਜ਼ਿਲ੍ਹੇ ਦੇ ਕਈ ਪਿੰਡਾਂ ਦੀਆਂ ਫ਼ਸਲਾਂ ਪਾਣੀ 'ਚ ਡੁੱਬ ਗਈਆਂ ਹਨ। ਪ੍ਰਸ਼ਾਸਨ ਵਲੋਂ ਫ਼ਾਜ਼ਿਲਕਾ ਦੇ 13 ਅਤੇ ਹਲਕਾ ਜਲਾਲਾਬਾਦ ਦੇ 5 ਪਿੰਡਾਂ 'ਚ ਅਲਰਟ ਜਾਰੀ ਕੀਤਾ ਹੈ ਜਿਨ੍ਹਾਂ 'ਚ ਪਾਣੀ ਦੀ ਮਾਰ ਦਾ ਖ਼ਤਰਾ ਵੱਧ ਹੈ। ਬੇਸ਼ੱਕ ਹਲੇ ਤੱਕ ਸਥਿਤੀ ਕੰਟ੍ਰੋਲ 'ਚ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪਾਣੀ ਦਾ ਪੱਧਰ ਵਧਦਾ ਹੈ ਤਾਂ ਨੁਕਸਾਨ ਕਰ ਸਕਦਾ ਹੈ।

ਸਰਹੱਦੀ ਪਿੰਡਾਂ, ਜੋ ਸਤਲੁਜ ਦਰੀਆਂ ਦੇ ਕੰਡੇ ਨਾਲ ਲਗਦੇ ਹਨ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰੀ ਜ਼ਿਲ੍ਹਾ ਫ਼ਿਰੋਜ਼ਪੁਰ 'ਚ ਸਤਲੁਜ ਦੇ ਕਈ ਥਾਵਾਂ ਤੋਂ ਟੁੱਟ ਜਾਣ ਕਰਕੇ ਪਾਣੀ ਉਸ ਇਲਾਕੇ 'ਚ ਖਿੱਲਰ ਗਿਆ ਹੈ ਜਿਸ ਕਰਕੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡਾਂ ਤੱਕ ਪਹੁੰਚੇ ਪਾਣੀ ਦੀ ਰਫ਼ਤਾਰ ਤੇ ਪੱਧਰ 'ਚ ਕਮੀ ਰਹੀ, ਉਹ ਆਸ਼ੰਕਾ ਜਤਾਉਂਦੇ ਹਨ ਕਿ ਜੇਕਰ ਫ਼ਿਰੋਜ਼ਪੁਰ ਇਲਾਕੇ 'ਚ ਪਾਣੀ ਨਾ ਟੁੱਟਦਾ ਤਾਂ ਉਸ ਦਾ ਵੱਡਾ ਨੁਕਸਾਨ ਫ਼ਾਜ਼ਿਲਕਾ ਦੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਹੋ ਸਕਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਪਾਣੀ ਦਾ ਪੱਧਰ ਜੇਕਰ ਹੁਣ ਵਧਦਾ ਹੈ ਤਾਂ ਉਸ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ।

ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਫ਼ਾਜ਼ਿਲਕਾ ਜ਼ਿਲ੍ਹੇ 'ਚ ਪੂਰੀ ਨਜ਼ਰ ਅਧਿਕਾਰੀਆਂ ਵਲੋਂ ਰਖੀ ਜਾ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਹਾਲਾਤ ਬਣਨ 'ਤੇ ਲੋਕਾਂ ਦੀ ਸੁਰੱਖਿਆ ਲਈ ਪ੍ਰਬੰਧ ਕੀਤੇ ਹੋਏ ਹਨ। ਪ੍ਰਸ਼ਾਸਨ ਨੇ ਸਤਲੁਜ ਦਰਿਆ ਦੇ ਨੇੜੇ ਵਸੇ ਪਿੰਡਾਂ ਜਿਵੇਂ ਮਹਾਤਮ ਨਗਰ , ਭੈਣੀ ਰਾਮ ਸਿੰਘ , ਹਸਤਾਂ ਕਲਾਂ , ਰੇਤੇ ਵਾਲੀ ਭੈਣੀ , ਰੁਹੇਲਾ ਤੇਜੇਕੇ , ਮੁਹਾਰ ਜਮਸ਼ੇਰ ਆਦੀ ਪਿੰਡਾਂ ਦੇ ਲੋਕਾਂ ਨਾਲ ਸੰਪਰਕ ਰੱਖਿਆ ਜਾ ਰਿਹਾ ਹੈ। ਸਤਲੁਜ ਦਾ ਪਾਣੀ ਦਰਿਆ ਦੇ ਫਾਟਾਂ ਤੱਕ ਪਹੁੰਚ ਚੁੱਕਿਆ ਹੈ ਪਰ ਪਾਣੀ ਦੀ ਰਫ਼ਤਾਰ 'ਚ ਕਮੀ ਫ਼ਾਜ਼ਿਲਕਾ ਇਲਾਕੇ ਦੇ ਇਨ੍ਹਾਂ ਪਿੰਡਾਂ ਲਈ ਰਾਹਤ ਵਾਲੀ ਗੱਲ ਹੈ ਅਤੇ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਪਾਣੀ ਦਾ ਪੱਧਰ ਘੱਟ ਹੋ ਸਕਦਾ ਹੈ ਜੇਕਰ ਉੱਪਰਲੇ ਇਲਾਕਿਆਂ 'ਚ ਬੀਤੇ ਦਿਨਾਂ ਜਿਹੀ ਬਰਸਾਤ ਨਾ ਹੋਈ ਤਾਂ।