ਖ਼ਬਰਦਾਰ, ਤੁਸੀਂ ਢੱਠਾਸਤਾਨ ਵਿੱਚ ਹੋ (ਵਿਅੰਗ)

Last Updated: Aug 21 2019 10:12
Reading time: 1 min, 59 secs

ਇਸ ਵੇਲੇ ਪਟਿਆਲਾ ਵਿੱਚ ਅਵਾਰਾ ਜਾਨਵਰਾਂ, ਖ਼ਾਸ ਕਰਕੇ ਸਾਂਢਾਂ ਦਾ ਪੂਰਾ ਬੋਲਬਾਲਾ ਹੈ। ਆਲਮ ਇਹ ਹੈ ਕਿ, ਹੁਣ ਤਾਂ ਲੋਕ ਘਰੋਂ ਬਾਹਰ ਤੱਕ ਨਿਕਲਣ ਲੱਗੇ ਵੀ ਸੌ ਵਾਰ ਸੋਚਣ ਲੱਗ ਪਏ ਹਨ। ਅੱਜ ਹਰ ਬੰਦਾ ਖੁਦ ਨੂੰ ਇਨ੍ਹਾਂ ਅਵਾਰਾ ਜਾਨਵਰਾਂ ਤੋਂ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਿਆ ਹੈ। ਕੋਈ ਸਾਂਢ ਕਦੋਂ ਅਤੇ ਕਿਸ ਪਾਸਿਓਂ ਆਕੇ, ਕਿਸੇ ਰਾਹਗੀਰ ਜਾਂ ਵਾਹਨ ਚਾਲਕ ਨੂੰ ਟਰੱਕ ਮਾਰਕੇ ਉੜਾ ਦੇਵੇ, ਕੁਝ ਨਹੀਂ ਕਿਹਾ ਜਾ ਸਕਦਾ।  

ਪਿਛਲੇ ਸਮੇਂ ਦੇ ਦੌਰਾਨ ਇੱਕ-ਦੋ ਜਾਂ ਦਰਜਨਾਂ ਨਹੀਂ ਬਲਕਿ ਸੈਂਕੜੇ ਹੀ ਲੋਕ ਅਵਾਰਾ ਜਾਨਵਰਾਂ ਅਤੇ ਖ਼ਾਸ ਕਰਕੇ ਢੱਠਿਆਂ ਦਾ ਸ਼ਿਕਾਰ ਹੋਕੇ ਜਾਂ ਤਾਂ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ ਅਤੇ ਜਾਂ ਫਿਰ ਉਮਰ ਭਰ ਲਈ ਅਪਾਹਜ ਹੋਕੇ ਮੰਜੇ ਮੱਲ ਬੈਠੇ ਹਨ। ਗੱਲ ਕਰੀਏ ਜੇਕਰ ਸਮੇਂ ਦੀਆਂ ਸਰਕਾਰਾਂ ਅਤੇ ਨਗਰ ਨਿਗਮ ਪਟਿਆਲਾ ਦੀ ਤਾਂ ਹਰ ਸਾਲ ਕਰੋੜਾਂ ਰੁਪਏ ਗਊ ਸੈੱਸ ਦੇ ਰੂਪ ਵਿੱਚ ਅਦਾ ਕਰਨ ਦੇ ਬਾਵਜੂਦ ਵੀ ਪਟਿਆਲਵੀ ਖ਼ੁਦ ਨੂੰ ਅਵਾਰਾ ਸਾਂਢਾਂ ਤੋਂ ਮਹਿਫ਼ੂਜ਼ ਨਹੀਂ ਸਮਝਦੇ।

ਦੋਸਤੋ, ਬੜੀ ਕੌੜੀ ਸਚਾਈ ਹੈ ਕਿ, ਪਟਿਆਲਾ ਵਿੱਚ ਬੜੀਆਂ ਸੰਸਥਾਵਾਂ ਹਨ, ਜਿਹੜੀਆਂ ਖੁਦ ਨੂੰ ਗਊਆਂ ਅਤੇ ਗਊ ਵੰਸ਼ਜਾਂ ਦੇ ਰੱਖਿਅਕ ਹੋਣ ਦਾ ਦਾਅਵਾ ਕਰਦੀਆਂ ਹਨ ਪਰ, ਬਾਵਜੂਦ ਇਸ ਦੇ ਸ਼ਹਿਰ ਵਿੱਚ ਅਵਾਰਾ ਜਾਨਵਰ ਲੋਕਾਂ ਦੀ ਜਾਨ ਦੇ ਵੈਰੀ ਬਣ ਕੇ ਘੁੰਮ ਰਹੇ ਹਨ। ਮੁੱਕਦੀ ਗੱਲ ਜੇਕਰ ਪਟਿਆਲਾ ਨੂੰ ਢੱਠਾਸਤਾਨ ਦੇ ਨਾਮ ਨਾਲ ਜਾਣਿਆ ਜਾਵੇ ਤਾਂ, ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।  

ਦੋਸਤੋ, ਰਾਜਪੁਰਾ ਦੇ ਪੁੱਲ ਤੇ ਇੱਕ ਸਾਂਢ ਦੀ ਟੱਕਰ ਵੱਜਣ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਹੋਈ ਮੌਤ ਦੀ ਖ਼ਬਰ ਅਜੇ ਲੋਕ ਭੁੱਲੇ ਵੀ ਨਹੀਂ ਸਨ ਕਿ, ਲੰਘੇ ਦਿਨ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਤਾਇਨਾਤ ਬੱਚਿਆਂ ਦੀ ਮਾਹਰ ਡਾਕਟਰ, ਹਰਸ਼ਿੰਦਰ ਕੌਰ ਦੇ ਮੁੰਡੇ ਨੂੰ ਇੱਕ ਅਵਾਰਾ ਤੇ ਭੂਸਰੇ ਹੋਏ ਸਾਂਢ ਨੇ ਟੱਕਰ ਮਾਰਕੇ ਉੜਾ ਦਿੱਤਾ। ਜਿਸ ਸਮੇਂ ਉਸ ਨੂੰ ਢੱਠੇ ਨੇ ਟੱਕਰ ਮਾਰੀ ਉਹ ਆਪਣੇ ਘਰੋਂ ਪੈਦਲ ਟਿਊਸ਼ਨ ਲਈ ਜਾ ਰਿਹਾ ਸੀ। 

ਭਾਵੇਂ ਕਿ ਡਾਕਟਰ ਹਰਸ਼ਿੰਦਰ ਕੌਰ ਦੇ ਮੁੰਡੇ ਦਾ ਜਾਨੀ ਨੁਕਸਾਨ ਹੋਣੋਂ ਤਾਂ ਬਚ ਗਿਆ ਪਰ, ਟੱਕਰ ਮਾਰਨ ਵਾਲੇ ਢੱਠੇ ਨੇ ਤਾਂ ਆਪਣੇ ਵੱਲੋਂ ਕੋਈ ਕਸਰ ਨਹੀਂ ਸੀ ਛੱਡੀ, ਉਸ ਨੇ ਤਾਂ ਆਪਣੀ ਟੱਕਰ ਨਾਲ ਮੁੰਡੇ ਨੂੰ ਚੁੱਕ ਕੇ ਡਿਵਾਈਡਰ ਦੇ ਦੂਜੇ ਪਾਸੇ ਸੁੱਟ ਦਿੱਤਾ ਸੀ। ਦੋਸਤੋ, ਪਟਿਆਲਾ ਵਿੱਚ ਰੋਜ਼ਾਨਾ ਪਤਾ ਨਹੀਂ ਅਜਿਹੀਆਂ ਕਿੰਨੀਆਂ ਕੁ ਹੋਰ ਵਾਰਦਾਤਾਂ ਹੁੰਦੀਆਂ ਹੋਣਗੀਆਂ, ਜਿਹੜੀਆਂ ਕਿ, ਅਖ਼ਬਾਰਾਂ ਵਿੱਚ ਨਾਂ ਛਪਣ ਕਾਰਨ ਚਰਚਾ ਵਿੱਚ ਨਹੀਂ ਆਉਂਦੀਆਂ। ਪਤਾ ਨਹੀਂ ਅਜਿਹੇ ਕਿੰਨੇ ਕੁ ਲੋਕ ਹੋਣਗੇ, ਜਿਹੜੇ ਅਜਿਹੇ ਅਵਾਰਾ ਸਾਂਢਾਂ ਦੀਆਂ ਟੱਕਰਾਂ ਦਾ ਸ਼ਿਕਾਰ ਹੋਕੇ ਆਪਣੇ ਘਰਾਂ ਦੇ ਅੰਦਰ ਹੀ ਮੰਜੇ ਮੱਲ ਕੇ ਪੈ ਜਾਂਦੇ ਹੋਣਗੇ। ਬਿਨ੍ਹਾਂ ਸ਼ੱਕ ਢੱਠਾਸਤਾਨ ਬਣ ਕੇ ਰਹਿ ਗਿਆ ਹੈ ਸ਼ਾਹੀ ਸ਼ਹਿਰ ਪਟਿਆਲਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।