ਹੁਣ ਨਾਇਜੇਰੀਅਨ ਡਰੱਗ ਸਮਗਲਰ ਨੂੰ ਫ਼ਤਿਹਗੜ੍ਹ ਸਾਹਿਬ ਪੁਲਿਸ ਨੇ ਦਿੱਲੀ ਤੋਂ ਹੈਰੋਇਨ ਸਣੇ ਨੱਪਿਆ

Last Updated: Aug 19 2019 19:37
Reading time: 1 min, 49 secs

ਸੂਬੇ ਵਿੱਚ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ਤਹਿਤ ਫ਼ਤਿਹਗੜ੍ਹ ਸਾਹਿਬ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਦਿੱਲੀ ਤੋਂ ਫ਼ੋਨ ਰਾਹੀਂ ਸੂਬਿਆਂ ਨੂੰ ਹੈਰੋਇਨ ਤੇ ਕੋਕੀਨ ਸਪਲਾਈ ਕਰਨ ਵਾਲੇ ਨਾਇਜੇਰੀਅਨ ਨਾਗਰਿਕ ਨੂੰ ਜ਼ਿਲ੍ਹਾ ਪੁਲਿਸ ਵੱਲੋਂ 200 ਗ੍ਰਾਮ ਹੈਰੋਇਨ ਸਮੇਤ ਦਿੱਲੀ ਤੋਂ ਕਾਬੂ ਕੀਤਾ ਗਿਆ ਹੈ। ਗਿਰਫਤਾਰ ਨਸ਼ਾ ਤਸਕਰ ਦੇ ਖ਼ਿਲਾਫ਼ ਥਾਣਾ ਮੰਡੀ ਗੋਬਿੰਦਗੜ੍ਹ 'ਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।

ਹੈਰੋਇਨ ਸਣੇ ਕਾਬੂ ਨਾਇਜੇਰੀਅਨ ਸਬੰਧੀ ਐਸਐਸਪੀ ਅਮਨੀਤ ਕੌਂਡਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਖ਼ੁਲਾਸਾ ਕੀਤਾ ਕਿ ਐਸ.ਪੀ (ਆਈ) ਹਰਪਾਲ ਸਿੰਘ ਅਤੇ ਡੀਐਸਪੀ (ਮੇਜਰ ਕ੍ਰਾਈਮ) ਜਸਵਿੰਦਰ ਸਿੰਘ ਟਿਵਾਣਾ ਦੀ ਨਿਗਰਾਨੀ 'ਚ ਇੰਸਪੈਕਟਰ ਹੇਮੰਤ ਕੁਮਾਰ ਇੰਚਾਰਜ ਐਂਟੀ ਨਾਰਕੋਟਿਕ ਸੈੱਲ ਫ਼ਤਿਹਗੜ੍ਹ ਸਾਹਿਬ ਨੇ ਸੀਆਈਏ ਸਰਹਿੰਦ ਦੀ ਟੀਮ ਨਾਲ ਨਾਕਾਬੰਦੀ ਦੌਰਾਨ ਬੀਤੇ ਦਿਨ ਜਸਵਿੰਦਰ ਸਿੰਘ ਉਰਫ਼ ਟੋਨੀ ਵਾਸੀ ਗੋਬਿੰਦਗੜ੍ਹ ਕੋਲੋਂ 1 ਕਿੱਲੋ ਹੈਰੋਇਨ ਬਰਾਮਦ ਕੀਤੀ ਸੀ। ਜਿਸ ਖ਼ਿਲਾਫ਼ ਥਾਣਾ ਮੰਡੀ ਗੋਬਿੰਦਗੜ੍ਹ 'ਚ ਐਨਡੀਪੀਐਸ ਐਕਟ ਅਧੀਨ ਪਰਚਾ ਦਰਜ਼ ਕਰਕੇ ਐਸਐਚਓ ਮੰਡੀ ਗੋਬਿੰਦਗੜ੍ਹ ਇੰਸਪੈਕਟਰ ਭੁਪਿੰਦਰ ਸਿੰਘ ਨੇ ਜਾਂਚ ਸ਼ੁਰੂ ਕੀਤੀ ਗਈ ਸੀ।

ਐਸਐਸਪੀ ਕੌਂਡਲ ਵੱਲੋਂ ਕੀਤੇ ਗਏ ਦਾਅਵੇ ਮੁਤਾਬਿਕ ਗਿਰਫਤਾਰ ਕੀਤੇ ਨਸ਼ਾ ਤਸਕਰ ਜਸਵਿੰਦਰ ਸਿੰਘ ਉਰਫ਼ ਟੋਨੀ ਨੇ ਸ਼ੁਰੂਆਤੀ ਪੁੱਛਗਿੱਛ ਦੌਰਾਨ ਖ਼ੁਲਾਸਾ ਕੀਤਾ ਕਿ ਉਹ 1 ਕਿੱਲੋ ਹੈਰੋਇਨ ਨਾਇਜੇਰੀਅਨ ਨਾਗਰਿਕ ਸਪਲੈਅਰ ਸੰਡੇ ਉਰਫ਼ ਈਮੇਕਾ ਈਕੇਚੀ ਵਾਸੀ ਵਿਪਨ ਗਾਰਡਨ ਨੇੜੇ ਉੱਤਮ ਨਗਰ ਨਵੀਂ ਦਿੱਲੀ ਤੋਂ ਲੈ ਕੇ ਆਇਆ ਸੀ, ਜੋ ਕਿ ਹੋਰਨਾਂ ਸੂਬਿਆਂ ਨੂੰ ਬੇਖ਼ੌਫ ਹੈਰੋਇਨ ਤੇ ਕੋਕੀਨ ਸਪਲਾਈ ਕਰਦਾ ਹੈ। ਜਿਸ ਦੇ ਆਧਾਰ 'ਤੇ ਨਾਇਜੇਰੀਅਨ ਨਾਗਰਿਕ ਨੂੰ ਕਾਬੂ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ।

ਐਸਐਸਪੀ ਕੌਂਡਲ ਨੇ ਦੱਸਿਆ ਕਿ ਥਾਣਾ ਮੰਡੀ ਗੋਬਿੰਦਗੜ੍ਹ ਦੇ ਐਸਐਚਓ ਅਤੇ ਨਾਰਕੋਟਿਕ ਸੈੱਲ ਫ਼ਤਿਹਗੜ੍ਹ ਸਾਹਿਬ ਦੀਆਂ ਪੁਲਿਸ ਪਾਰਟੀਆਂ ਨੇ ਦਿੱਲੀ ਪੁੱਜ ਕੇ ਨਾਇਜੇਰੀਅਨ ਨਾਗਰਿਕ ਨੂੰ 200 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਅਤੇ ਨਾਇਜੇਰੀਅਨ ਨਾਗਰਿਕ ਨੂੰ ਅਦਾਲਤ ਵਿੱਚ ਪੇਸ਼ ਕਰਕੇ 21 ਅਗਸਤ ਤੱਕ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਨਾਇਜੇਰੀਅਨ ਨਾਗਰਿਕ ਖ਼ਿਲਾਫ਼ ਪਹਿਲਾਂ ਵੀ ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਥਾਣਾ ਸਮਰਾਲਾ 'ਚ ਐਨਡੀਪੀਐਸ.ਐਕਟ ਤਹਿਤ ਪਰਚਾ ਦਰਜ ਹੈ ਅਤੇ ਇਸ ਪਾਸੋਂ ਸਮਰਾਲਾ ਪੁਲਿਸ ਨੇ 2 ਕਿੱਲੋ ਹੈਰੋਇਨ ਅਤੇ 40 ਗ੍ਰਾਮ ਕੋਕੀਨ ਬਰਾਮਦ ਕੀਤੀ ਸੀ। ਨਾਇਜੇਰੀਅਨ ਨਾਗਰਿਕ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਤੋਂ ਨਸ਼ਾ ਤਸਕਰੀ ਸਬੰਧੀ ਹੋਰ ਵੀ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ। ਇਸ ਮੌਕੇ ਐਸ.ਪੀ (ਐਚ) ਨਵਨੀਤ ਸਿੰਘ ਬੈਂਸ, ਡੀਐਸਪੀ ਅਮਲੋਹ ਹੰਸ ਰਾਜ ਆਦਿ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।