ਪਵਿੱਤਰ ਨਗਰੀ ਦਾ ਗੁਲਮੋਹਰ ਤੇ ਅਮਲਤਾਸ ਦੇ ਫੁੱਲਦਾਰ ਰੁੱਖਾਂ ਨਾਲ ਹੋਵੇਗਾ ਸ਼ਿੰਗਾਰ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 19 2019 19:22
Reading time: 1 min, 39 secs

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਸੁੰਦਰੀਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਇੰਜ. ਡੀ.ਪੀ.ਐਸ ਖਰਬੰਦਾ ਅਤੇ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਇੱਥੇ ਗੁਲਮੋਹਰ ਅਤੇ ਅਮਲਤਾਸ ਦੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਚੰਡੀਗੜ੍ਹ ਦੇ ਪ੍ਰਸਿੱਧ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਅਤੇ ਪੰਜਾਬ ਦੇ ਮੋਹਰੀ ਫੁੱਲਕਾਰ ਅਵਤਾਰ ਸਿੰਘ ਢੀਂਡਸਾ ਦੀ ਸੋਚ ਸਦਕਾ ਸ਼ੁਰੂ ਕੀਤੇ ਗਏ ਇਸ ਉਪਰਾਲੇ ਤਹਿਤ ਗੁਰਦੁਆਰਾ ਬੇਰ ਸਾਹਿਬ ਦੇ ਬਾਹਰ ਅਤੇ ਪਵਿੱਤਰ ਵੇਈਂ ਦੇ ਕੰਢੇ 'ਤੇ 100 ਦੇ ਕਰੀਬ ਬੂਟੇ ਲਗਾਏ ਗਏ ਅਤੇ ਇਸ ਤੋਂ ਬਾਅਦ ਸਾਰੇ ਸ਼ਹਿਰ ਵਿੱਚ ਬੂਟੇ ਲਗਾਏ ਜਾਣਗੇ।

ਇਸ ਮੌਕੇ ਡਿਪਟੀ ਕਮਿਸ਼ਨਰ ਇੰਜ. ਖਰਬੰਦਾ ਨੇ ਦੱਸਿਆ ਕਿ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਅਤੇ ਇਸ ਨੂੰ ਜੋੜਨ ਵਾਲੀਆਂ ਸੜਕਾਂ 'ਤੇ 'ਫਲਾਵਰ ਬੈੱਡ' ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਪ੍ਰਵੇਸ਼ ਦੁਆਰਾਂ, ਪ੍ਰਮੁੱਖ ਚੌਂਕਾਂ ਅਤੇ ਫੁੱਟਪਾਥਾਂ ਦੇ ਸੁੰਦਰੀਕਰਨ ਤੋਂ ਇਲਾਵਾ ਸ਼ਹਿਰ ਦੀਆਂ ਇਮਾਰਤਾਂ ਦੀਆਂ ਕੰਧਾਂ 'ਤੇ ਦਿਲਕਸ਼ 'ਵਾਲ ਪੇਂਟਿੰਗ' ਦਾ ਕੰਮ ਕਰਵਾਇਆ ਜਾ ਰਿਹਾ ਹੈ। ਵਿਧਾਇਕ ਨਵਤੇਜ ਸਿੰਘ ਚੀਮਾ ਨੇ ਇਸ ਮੌਕੇ ਕਿਹਾ ਕਿ ਸ਼ਤਾਬਦੀ ਸਮਾਗਮਾਂ ਦੇ ਮੱਦੇਨਜ਼ਰ ਪਵਿੱਤਰ ਨਗਰੀ ਦੇ ਸੁੰਦਰੀਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਦੇ ਮੁਕੰਮਲ ਹੋਣ ਨਾਲ ਗੁਰੂ ਨਗਰੀ ਦੀ ਦਿੱਖ ਬਿਲਕੁਲ ਬਦਲੀ ਨਜ਼ਰ ਆਵੇਗੀ।

ਇਸ ਦੌਰਾਨ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਦੀ ਆਪਣੀਆਂ ਪਿਛਲੀਆਂ ਫੇਰੀਆਂ ਦੌਰਾਨ ਉਨ੍ਹਾਂ ਦੇ ਧਿਆਨ ਵਿੱਚ ਇਹ ਗੱਲ ਆਈ ਕਿ ਇੱਥੇ ਫੁੱਲਦਾਰ ਰੁੱਖਾਂ ਦੀ ਬੇਹੱਦ ਘਾਟ ਹੈ, ਇਸ ਲਈ ਉਨ੍ਹਾਂ ਇੱਥੇ ਫੁੱਲਦਾਰ ਰੁੱਖ ਲਗਾਉਣ ਦੀ ਯੋਜਨਾ ਬਣਾਈ ਅਤੇ ਉਨ੍ਹਾਂ ਦਾ ਇਹ ਸੁਪਨਾ ਵਾਹਿਗੁਰੂ ਦੀ ਮਿਹਰ ਸਦਕਾ ਪੂਰਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਮੁੱਚੀ ਪਵਿੱਤਰ ਨਗਰੀ ਨੂੰ ਅਮਲਤਾਸ ਅਤੇ ਗੁਲਮੋਹਰ ਦੇ ਪੌਦਿਆਂ ਨਾਲ ਸ਼ਿੰਗਾਰਿਆ ਜਾਵੇਗਾ।

ਉਨ੍ਹਾਂ ਇਹ ਵੀ ਦੱਸਿਆ ਕਿ ਪਵਿੱਤਰ ਨਗਰੀ ਵਿੱਚ ਫੁੱਲਾਂ ਦੇ 4 ਲੱਖ ਬੀਜ ਲਗਾਏ ਜਾਣਗੇ, ਜਿਸਦੀ ਸ਼ੁਰੂਆਤ ਬੂਸੋਵਾਲ ਵਿਖੇ ਹੈਲੀਪੈਡ ਤੋਂ ਕੀਤੀ ਗਈ। ਇਸ ਮੌਕੇ ਸੰਤ ਸੁਖਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ, ਐਸ.ਡੀ.ਐਮ ਸੁਲਤਾਨਪੁਰ ਲੋਧੀ ਸ੍ਰੀਮਤੀ ਨਵਨੀਤ ਕੌਰ ਬੱਲ, ਡਿਪਟੀ ਡਾਇਰੈਕਟਰ ਬਾਗਬਾਨੀ ਕੁਲਵਿੰਦਰ ਸਿੰਘ ਸੰਧੂ, ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਅਸ਼ੋਕ ਮੋਗਲਾ, ਦਵਿੰਦਰ ਪਾਲ ਸਿੰਘ ਆਹੂਜਾ ਅਤੇ ਬਲਜਿੰਦਰ ਸਿੰਘ ਤੋਂ ਇਲਾਵਾ ਹੋਰ ਸ਼ਖਸੀਅਤਾਂ ਹਾਜ਼ਰ ਸਨ।