ਵੋਟਰ ਵੈਰੀਫਿਕੇਸ਼ਨ ਲਈ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ 01 ਸਤੰਬਰ ਤੋਂ ਚਲਾਇਆ ਜਾਵੇਗਾ ਵਿਸ਼ੇਸ਼ ਪ੍ਰੋਗਰਾਮ: ਡੀ.ਸੀ ਗੋਇਲ

Last Updated: Aug 19 2019 19:22
Reading time: 2 mins, 38 secs

ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਵੈਰੀਫਿਕੇਸ਼ਨ ਲਈ ਆਉਂਦੇ 1 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਵਿਸ਼ੇਸ਼ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਦੌਰਾਨ ਬੀ.ਐਲ.ਓਜ਼ ਘਰ-ਘਰ ਜਾ ਕੇ ਵੋਟਰਾਂ ਦੀ ਵੈਰੀਫਿਕੇਸ਼ਨ ਕਰਨਗੇ। ਇਸ ਵੈਰੀਫਿਕੇਸ਼ਨ 'ਚ ਵੋਟਰਾਂ ਦੇ ਵੇਰਵੇ ਚੈੱਕ ਕੀਤੇ ਜਾਣਗੇ ਅਤੇ ਜੇਕਰ ਵੋਟਰ ਦੇ ਵੇਰਵੇ 'ਚ ਕਿਸੇ ਦਰੁਸਤੀ ਦੀ ਜ਼ਰੂਰਤ ਹੈ ਜਿਵੇਂ ਕਿ ਨਾਮ, ਰਿਸ਼ਤੇਦਾਰ ਦਾ ਨਾਮ, ਲਿੰਗ, ਜਨਮ ਮਿਤੀ, ਫ਼ੋਟੋ ਗ਼ਲਤ ਜਾਂ ਕਲੀਅਰ ਨਹੀਂ ਆਦਿ, ਤਾਂ ਵੋਟਰ ਵੱਲੋਂ ਲੋੜੀਂਦੇ ਸਬੂਤਾਂ ਨਾਲ ਫਾਰਮ ਨੰ.8 ਭਰਿਆ ਜਾਵੇਗਾ ਅਤੇ ਬੀ.ਐਲ.ਓ ਪਾਸ ਜਮਾਂ ਕਰਵਾਇਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ.ਪ੍ਰਸ਼ਾਂਤ ਕੁਮਾਰ ਗੋਇਲ ਨੇ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਅਤੇ ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਰੱਖੀ ਮੀਟਿੰਗ ਦੌਰਾਨ ਸਾਂਝਾ ਕੀਤਾ।

ਜ਼ਿਲ੍ਹਾ ਚੋਣ ਅਫ਼ਸਰ ਡਾ.ਗੋਇਲ ਨੇ ਦੱਸਿਆ ਕਿ ਇਸ ਕੰਮ ਦੌਰਾਨ ਪਰਿਵਾਰਕ ਮੈਂਬਰ ਆਪਣੇ ਘਰ ਦੀਆਂ ਵੋਟਾਂ ਚੈੱਕ ਕਰਨਗੇ ਅਤੇ ਜੇਕਰ ਕਿਸੇ ਮੈਂਬਰ ਦੀ ਮੌਤ ਹੋਈ ਹੋਵੇ ਜਾਂ ਲੜਕੀ ਦੀ ਸ਼ਾਦੀ ਜਾਂ ਕੋਈ ਮੈਂਬਰ ਰਿਹਾਇਸ਼ ਛੱਡ ਕੇ ਚਲਾ ਗਿਆ ਹੈ ਜਾਂ ਕਿਸੇ ਦਾ ਡਬਲ ਇੰਦਰਾਜ ਹੈ ਤਾਂ ਉਸ ਸਬੰਧੀ ਫਾਰਮ 7 ਭਰ ਕੇ ਬੀ.ਐਲ.ਓ ਨੂੰ ਦੇਣਗੇ। ਨਵੀਂ ਵੋਟ ਬਣਾਉਣ ਲਈ ਫਾਰਮ ਨੰ.6 ਭਰਿਆ ਜਾਵੇਗਾ ਅਤੇ ਜਿਹੜੇ ਲੜਕੇ ਅਤੇ ਲੜਕੀਆਂ ਦੀ ਉਮਰ 1 ਦਨਵਰੀ 2021 ਨੂੰ 18 ਸਾਲ ਦੀ ਹੋਣੀ ਹੈ, ਦੀ ਸੂਚਨਾ ਵੀ ਇਕੱਤਰ ਕੀਤੀ ਜਾਣੀ ਹੈ। ਇਸ ਮੰਤਵ ਲਈ ਬੀ.ਐਲ.ਓਜ ਨੂੰ ਇੱਕ ਵਿਸ਼ੇਸ਼ ਰਜਿਸਟਰ ਵੀ ਦਿੱਤਾ ਜਾਵੇਗਾ। ਇਹ ਵੈਰੀਫਿਕੇਸ਼ਨ ਵੋਟਰਾਂ ਵੱਲੋਂ ਖ਼ੁਦ ਐਨ.ਵੀ.ਐਸ ਪੋਰਟਲ, ਕੌਮਨ ਸਰਵਿਸ ਸੈਂਟਰਾਂ ਅਤੇ ਦਿਵਿਆਂਗ ਵਿਅਕਤੀਆਂ ਵੱਲੋਂ ਟੋਲ ਫਰੀ ਹੈਲਪਲਾਈਨ ਨੰ.1950 ਤੇ ਵੀ ਕਰਵਾਈ ਜਾ ਸਕਦੀ ਹੈ। ਵੈਰੀਫਿਕੇਸ਼ਨ ਲਈ ਵੋਟਰ ਭਾਰਤੀ ਪਾਸਪੋਰਟ, ਡਰਾਈਵਿੰਗ ਲਾਇਸੈਂਸ ਜਾਂ ਆਧਾਰ ਕਾਰਡ, ਰਾਸ਼ਨ ਕਾਰਡ ਜਾਂ ਕਮਿਸ਼ਨ ਵੱਲੋਂ ਪ੍ਰਵਾਨ ਕੋਈ ਹੋਰ ਦਸਤਾਵੇਜ਼ ਦੀ ਕਾਪੀ ਦੇ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੌਰਾਨ ਵੋਟਰ ਸੂਚੀਆਂ ਦੀ ਰੈਸ਼ਨੇਲਾਈਜੇਸ਼ਨ ਵੀ ਕੀਤੀ ਜਾਵੇਗੀ। ਜਿਹੜੇ ਬੂਥਾਂ ਤੇ 1500 ਤੋਂ ਵੱਧ ਵੋਟਾਂ ਹਨ, ਦੀਆਂ ਵਾਧੂ ਵੋਟਾਂ ਨਾਲ ਲਗਦੇ ਦੂਜੇ ਬੂਥਾਂ 'ਚ ਸ਼ਿਫ਼ਟ ਕੀਤੀਆਂ ਜਾਣੀਆਂ ਹਨ। ਜੇਕਰ ਕਿਸੇ ਪੋਲਿੰਗ ਸਟੇਸ਼ਨ ਸਬੰਧੀ ਕੋਈ ਕਮੀਆਂ ਹਨ ਤਾਂ ਉਸ ਨੂੰ ਬਦਲਣ ਦੀ ਤਜਵੀਜ਼ ਵੀ ਭੇਜੀ ਜਾਣੀ ਹੈ ਅਤੇ ਇਸ 'ਚ ਸੈਕਸ਼ਨਾਂ ਨੂੰ ਵੀ ਦਰੁਸਤ ਕੀਤਾ ਜਾਣਾ ਹੈ। ਇਸ ਸਬੰਧੀ ਬਦਲਵੇਂ ਪੋਲਿੰਗ ਸਟੇਸ਼ਨਾਂ ਦੀ ਸੂਚੀ ਵੀ ਤਿਆਰ ਕੀਤੀ ਜਾਣੀ ਹੈ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਇਸ ਸਬੰਧੀ 30 ਅਗਸਤ ਤੱਕ ਆਪਣੇ ਸੁਝਾਅ ਦਿੱਤੇ ਜਾ ਸਕਦੇ ਹਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 15 ਅਕਤੂਬਰ 2019 ਨੂੰ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾਂ ਕਰਵਾਈ ਜਾਣੀ ਹੈ ਅਤੇ 15.ਅਕਤੂਬਰ ਤੋਂ 30 ਨਵੰਬਰ ਤੱਕ ਵੋਟਰਾਂ ਤੋਂ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਜਦਕਿ, 2, 3, 9 ਅਤੇ 10 ਨਵੰਬਰ ਨੂੰ ਬੀ.ਐਲ.ਓਜ਼ ਆਪੋ-ਆਪਣੇ ਪੋਲਿੰਗ ਸਟੇਸ਼ਨਾਂ ਤੇ ਬੈਠਕੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨਗੇ। ਉਨ੍ਹਾਂ ਨੇ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਕਿਹਾ ਕਿ ਕਮਿਸ਼ਨ ਵੱਲੋਂ ਸ਼ੁਰੂ ਕੀਤੇ ਗਏ ਇਸ ਕੰਮ 'ਚ ਉਨ੍ਹਾਂ ਦੇ ਸਹਿਯੋਗ ਦੀ ਜ਼ਰੂਰਤ ਹੈ ਅਤੇ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀ ਲੋਕਾਂ ਨੂੰ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਕਿਹਾ ਕਿ ਉਹ ਬੂਥ ਲੈਵਲ ਏਜੰਟ ਨਿਯੁਕਤ ਕਰਵਾਉਣ ਤਾਂ ਕਿ ਉਹ ਬੀ.ਐਲ.ਓਜ਼ ਨਾਲ ਮਿਲ ਕੇ ਵੋਟਰ ਸੂਚੀਆਂ ਦੀ ਸੁਧਾਈ ਦੇ ਕੰਮ ਵਿੱਚ ਸਹਿਯੋਗ ਦੇ ਸਕਣ। ਉਨ੍ਹਾਂ ਦੱਸਿਆ ਕਿ ਬੀ.ਐਲ.ਓਜ਼ ਦੀ ਸੂਚੀ ਵੈੱਬਸਾਈਟ ceopunjab.nic.in 'ਤੇ ਉਪਲਬਧ ਹੈ। ਇਸ ਮੌਕੇ ਤਹਿਸੀਲਦਾਰ (ਚੋਣਾਂ) ਲਾਭ ਸਿੰਘ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਭਾਸ਼ ਸੂਦ, ਆਮ ਆਦਮੀ ਪਾਰਟੀ ਤੋਂ ਗੁਰਵਿੰਦਰ ਸਿੰਘ ਢਿੱਲੋਂ, ਮੀਤ ਸਕੱਤਰ ਸੀ.ਪੀ.ਆਈ ਸਿਮਰਨ ਕੌਰ, ਐਨ.ਸੀ.ਪੀ. ਦੇ ਜਨਰਲ ਸਕੱਤਰ ਤਰਲੋਕ ਗੁਪਤਾ ਅਤੇ ਭਾਜਪਾ ਦੇ ਨਰੇਸ਼ ਸਰੀਨ ਆਦਿ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।