ਬੇਹੋਸ਼ ਡਿੱਗੇ ਪਏ ਨੌਜਵਾਨ ਨੇ ਹੋਸ਼ ਆਉਣ ਦੇ ਬਾਅਦ ਕੀਤਾ ਵੱਡਾ ਖ਼ੁਲਾਸਾ, ਉਡਾਏ ਪੁਲਿਸ ਦੇ ਹੋਸ਼ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 19 2019 17:16
Reading time: 2 mins, 19 secs

'ਚਿੱਟਾ' ਨੌਜਵਾਨਾਂ ਦੇ ਖ਼ੂਨ 'ਚ ਅੱਜ ਵੀ ਜ਼ਹਿਰ ਬਣ ਕੇ ਉਤਰ ਰਿਹਾ ਹੈ ਅਤੇ ਨੌਜਵਾਨੀ ਇਸਦਾ ਸ਼ਿਕਾਰ ਹੋਕੇ ਆਪਣਾ ਸਭ ਕੁਝ ਬਰਬਾਦ ਕਰਨ 'ਤੇ ਤੁਲੀ ਹੋਈ ਹੈ। ਇਨ੍ਹਾਂ ਨੌਜਵਾਨਾਂ ਨੂੰ ਪਤਾ ਹੋਣ ਦੇ ਬਾਵਜੂਦ ਇਹ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਆਪਣੇ ਆਪ ਨੂੰ ਕੱਢਣ 'ਚ ਕਾਮਯਾਬ ਨਹੀਂ ਹੋ ਰਹੇ ਹਨ ਅਤੇ ਮੌਤ ਦੇ ਨਜ਼ਦੀਕ ਜਾ ਰਹੇ ਹਨ, ਕੁਝ ਨੌਜਵਾਨਾਂ ਵੱਲੋਂ ਆਪਣੀ ਇੱਛਾ ਸ਼ਕਤੀ ਸਦਕਾ ਇਸ ਦਲਦਲ ਚੋਂ ਬਾਹਰ ਆਉਣ ਦੀ ਕਾਮਯਾਬੀ ਹਾਸਲ ਕੀਤੀ ਗਈ ਹੈ ਤਾਂ ਕੁਝ ਨੌਜਵਾਨ ਇਸਦੀ ਕੋਸ਼ਿਸ਼ ਕਰ ਰਹੇ ਹਨ। ਸੂਬਾ ਸਰਕਾਰ ਤੇ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕਰਕੇ ਨਸ਼ੇ 'ਤੇ ਕਾਫੀ ਹੱਦ ਤੱਕ ਕਾਬੂ ਪਾਏ ਜਾਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਹਕੀਕਤ ਇਹ ਹੈ ਕਿ ਪੁਲਿਸ ਤੇ ਸਰਕਾਰ ਦੇ ਦਾਅਵੇ , ਸਿਰਫ਼ ਦਾਅਵੇ ਹੀ ਨਜ਼ਰ ਆ ਰਹੇ ਹਨ।

ਅੱਜ ਜ਼ਿਲ੍ਹਾ ਫ਼ਾਜ਼ਿਲਕਾ ਦੇ ਸ਼ਹਿਰ ਅਬੋਹਰ 'ਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਰਕਾਰ ਤੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਹਨ। ਅੱਜ ਤੜਕੇ ਇੱਕ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸਰਕੁਲਰ ਰੋਡ ਗਲੀ ਨੰਬਰ 11 ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ। ਨੌਜਵਾਨ ਨੂੰ ਪੁਲਿਸ ਨੇ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਹੋਸ਼ ਆਉਣ 'ਤੇ ਉਸਦੇ ਬਿਆਨ ਕਲਮਬੱਧ ਕੀਤੇ, ਜਿਸ ਨੇ ਪੁਲਿਸ ਦੇ ਹੀ ਹੋਸ਼ ਉਡਾ ਦਿੱਤੇ।

ਜਾਣਕਾਰੀ ਮੁਤਾਬਿਕ ਸਰਕੁਲਰ ਰੋਡ ਗਲੀ ਨੰਬਰ 11 ਦੇ ਪਹਿਲੇ ਚੌਕ 'ਤੇ ਅੱਜ ਸਵੇਰੇ ਕਰੀਬ 8 ਵਜੇ ਇੱਕ ਨੌਜਵਾਨ ਨੂੰ ਨਸ਼ੇ ਦੀ ਹਾਲਤ ਵਿੱਚ ਵੇਖ ਕੇ ਆਲੇ-ਦੁਆਲੇ ਦੇ ਲੋਕਾਂ ਨੇ ਇਸ ਗੱਲ ਦੀ ਸੂਚਨਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰ ਬਿੱਟੂ ਨਰੂਲਾ ਨੂੰ ਦਿੱਤੀ, ਜਿਨ੍ਹਾਂ ਨੇ ਮੌਕੇ 'ਤੇ ਪੁੱਜ ਕੇ ਸਿਟੀ-1 ਦੀ ਪੁਲਿਸ ਨੂੰ ਸੂਚਿਤ ਕੀਤਾ। ਏ.ਐਸ.ਆਈ. ਹੰਸਰਾਜ ਅਤੇ ਲਾਲ ਚੰਦ ਮੌਕੇ 'ਤੇ ਪੁੱਜੇ ਅਤੇ 108 ਐਂਬੂਲੈਂਸ ਦੀ ਮਦਦ ਨਾਲ ਬੇਹੋਸ਼ ਹੋਏ ਨੌਜਵਾਨ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ। ਕਰੀਬ 11 ਵਜੇ ਉਸ ਨੂੰ ਹੋਸ਼ ਆਉਣ 'ਤੇ ਉਸ ਨੇ ਆਪਣਾ ਨਾਮ ਅਰੁਣ ਸੋਨੀ ਵਾਸੀ ਨਵੀਂ ਆਬਾਦੀ ਦੱਸਿਆ।

ਮਾਮਲੇ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ. ਕੁਲਦੀਪ ਸਿੰਘ ਭੁੱਲਰ ਵੀ ਹਸਪਤਾਲ ਪੁੱਜ ਗਏ ਅਤੇ ਉਕਤ ਨੌਜਵਾਨ ਤੋਂ ਪੁੱਛਗਿੱਛ ਕੀਤੀ। ਅਰੁਣ ਸੋਨੀ ਨੇ ਦੱਸਿਆ ਕਿ ਉਹ ਪਿਛਲੇ ਕਰੀਬ 4 ਸਾਲਾਂ ਤੋਂ ਨਸ਼ੇ ਦਾ ਸੇਵਨ ਕਰਦਾ ਆ ਰਿਹਾ ਹੈ ਅਤੇ ਅੱਜ ਉਸ ਨੇ ਚਿੱਟੇ ਦਾ ਇੱਕ ਇੰਜੈਕਸ਼ਨ ਲਗਾਇਆ ਸੀ ਜੋ ਕਿ ਉਹ ਮਲੋਟ ਤੋਂ ਲੈ ਕੇ ਆਇਆ ਸੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਕਸਰ ਚਿੱਟਾ ਮਲੋਟ ਤੋਂ ਹੀ ਲੈ ਕੇ ਆਉਂਦਾ ਹੈ। ਇਸ ਬਾਰੇ ਵਿੱਚ ਰਾਜੂ ਚਰਾਇਆ ਨੇ ਉਸਦੇ ਪਰਿਵਾਰ ਨੂੰ ਇਸਦੀ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੇ ਅਰੁਣ ਨੂੰ ਅਪਣਾਉਣ ਤੋਂ ਸਾਫ਼ ਮਨ੍ਹਾ ਕਰ ਦਿੱਤਾ।

ਡੀ.ਐਸ.ਪੀ. ਕੁਲਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੌਜਵਾਨ ਵਰਗ ਨੂੰ ਨਸ਼ੇ ਦੇ ਖ਼ਿਲਾਫ਼ ਜਾਗਰੂਕ ਕਰਣ ਲਈ ਆਏ ਦਿਨ ਸੈਮੀਨਾਰ ਲਗਾ ਰਹੀ ਹੈ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਵੀ ਕਰ ਰਹੀ ਹੈ, ਇਸਦੇ ਬਾਵਜੂਦ ਕੁਝ ਨੌਜਵਾਨ ਇਸ ਦਲਦਲ ਵਿੱਚ ਫੱਸੇ ਹੋਏ ਹਨ। ਉਨ੍ਹਾਂ ਨੂੰ ਵੀ ਨਸ਼ੇ ਦੀ ਲੱਤ ਚੋਂ ਬਾਹਰ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਮਲੋਟ ਪੁਲਿਸ ਨਾਲ ਇਸ ਸਬੰਧੀ ਸੰਪਰਕ ਕਰਕੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।