ਪਟਿਆਲਾ ਤੇ ਫ਼ਿਰ ਮੰਡਰਾਉਣ ਲੱਗੇ, ਹੜ੍ਹਾਂ ਦੇ ਖ਼ਤਰੇ ਦੇ ਬੱਦਲ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 19 2019 12:26
Reading time: 1 min, 35 secs

ਪੰਜਾਬ ਅਤੇ ਖ਼ਾਸ ਕਰਕੇ ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੀ ਬਰਸਾਤ ਨੇ ਇੱਕ ਵਾਰ ਮੁੜ ਪਟਿਆਲਾ ਵਿੱਚ ਹੜ੍ਹਾਂ ਦਾ ਖ਼ਤਰਾ ਪੈਦਾ ਕਰਕੇ ਰੱਖ਼ ਦਿੱਤਾ ਹੈ। ਭਾਵੇਂ ਕਿ ਪਟਿਆਲਾ ਵਿੱਚ ਵਗਣ ਵਾਲੀਆਂ ਨਦੀਆਂ ਨਾਲਿਆਂ ਦਾ ਪਾਣੀ ਫ਼ਿਲਹਾਲ, ਉਸ ਲੈਵਲ ਤੇ ਨਹੀਂ ਪਹੁੰਚਿਆ ਹੈ ਪਰ, ਇਹ ਗੱਲ ਵੀ ਪੂਰੇ ਯਕੀਨ ਨਾਲ ਨਹੀਂ ਆਖੀ ਜਾ ਸਕਦੀ ਕਿ, ਪਾਣੀ ਦਾ ਇਹ ਪੱਧਰ ਹੋਰ ਉੱਤੇ ਨਹੀਂ ਜਾਵੇਗਾ। 

ਗੱਲ ਕਰੀਏ ਜੇਕਰ, ਪਟਿਆਲਾ ਕੋਲੋਂ ਲੰਘਦੇ ਘੱਗਰ ਦਰਿਆ ਦੀ ਤਾਂ, ਇਸ ਦੇ ਠਾਠਾਂ ਮਾਰਦੇ ਪਾਣੀਆਂ ਦੀਆਂ ਛੱਲਾਂ ਇਸ ਦੇ ਕੰਢਿਆਂ ਨੂੰ ਛੂਹਣ ਲੱਗ ਪਈਆਂ ਹਨ, ਜਿਸ ਦੇ ਚਲਦਿਆਂ ਘੱਗਰ ਦੇ ਆਸ ਪਾਸ ਵਸੀਆਂ ਕਾਲੋਨੀਆਂ ਅਤੇ ਪਿੰਡਾਂ ਵਾਲਿਆਂ ਨੇ ਹੜ੍ਹ ਤੋਂ ਬਚਾਓ ਲਈ ਆਪੋ ਆਪਣਾ ਸਮਾਨ ਸਮੇਟ ਕੇ ਸੁਰੱਖਿਅਤ ਠਿਕਾਣਿਆਂ ਤੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਗੱਲ ਕਰੀਏ ਜੇਕਰ ਪਟਿਆਲਾ ਦੇ ਬਾਹਰਵਾਰ ਨਿਕਲਦੀ ਭਾਖੜਾ ਨਹਿਰ ਦੀ ਤਾਂ, ਪੱਧਰ ਇਸ ਦਾ ਵੀ ਪੂਰਾ ਵਧਿਆ ਹੋਇਆ ਹੈ, ਇੰਨਾ ਕੁ ਵਧਿਆ ਹੋਇਆ ਹੈ ਕਿ, ਚੂਹੇ ਦੀ ਖੁੱਡ ਵੀ ਵੱਡੇ ਪਾੜ ਦਾ ਕਾਰਨ ਬਣ ਸਕਦੀ ਹੈ। 

ਕਾਬਿਲ-ਏ-ਗ਼ੌਰ ਹੈ ਕਿ, ਜੁਲਾਈ ਮਹੀਨੇ ਦੇ ਅੱਧ ਵਿੱਚ ਪਏ ਮੀਂਹ ਨੇ ਵੀ ਪਟਿਆਲਾ ਵਿੱਚ ਹੜ੍ਹਾਂ ਵਰਗੀ ਸਥਿਤੀ ਪੈਦਾ ਕਰ ਦਿੱਤੀ ਸੀ। ਉਸ ਵੇਲੇ ਵੀ ਘੱਗਰ ਦਰਿਆ ਦੇ ਆਸ ਪਾਸ ਵਸੇ ਸੈਂਕੜੇ ਹੀ ਪਿੰਡਾਂ ਦੇ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਸਨ। ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਵੜ ਗਿਆ ਸੀ। ਲੋਕ ਅਜੇ ਤੱਕ ਉਸ ਮਾਰ ਨੂੰ ਭੁੱਲੇ ਵੀ ਨਹੀਂ ਸਨ ਕਿ, ਹੁਣ ਇੱਕ ਵਾਰ ਮੁੜ ਪਟਿਆਲਾ ਤੇ ਹੜ੍ਹਾਂ ਦੇ ਖ਼ਤਰੇ ਦੇ ਬੱਦਲ ਮੰਡਰਾਉਂਦੇ ਸਾਫ਼ ਝਲਕਾਂ ਮਾਰ ਰਹੇ ਹਨ। 

ਗੱਲ ਕਰੀਏ ਜੇਕਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਤਾਂ, ਬੋਰਡ ਨੇ ਅੱਜ ਇੱਕ ਵਾਰ ਮੁੜ 77 ਹਜ਼ਾਰ 300 ਕਿਊਸਿਕ ਪਾਣੀ ਛੱਡਣ ਦੇ ਚਿਤਾਵਨੀ ਦੇ ਛੱਡੀ ਹੈ। ਬੋਰਡ ਦਾ ਕਹਿਣਾ ਹੈ ਕਿ, ਅੱਜ ਯਾਨੀ ਕਿ, 19 ਅਗਸਤ ਨੂੰ ਦੁਪਹਿਰ ਦੇ ਠੀਕ ਵਜੇ ਡੈਮ ਦੇ ਫਲੱਡ ਗੇਟ ਖ਼ੋਲ ਦਿੱਤੇ ਜਾਣਗੇ। ਦੋਸਤੋ, ਇਸ ਵੇਲੇ ਨਾਂ ਕੇਵਲ ਪਟਿਆਲਾ ਬਲਕਿ, ਪੂਰਾ ਦੁਆਬਾ ਵੀ ਹੜ੍ਹਾਂ ਦੀ ਲਪੇਟ ਵਿੱਚ ਨਜ਼ਰ ਆ ਰਿਹਾ ਹੈ। ਪਤਾ ਨਹੀਂ ਕੁਦਰਤ ਦੀ ਇਹ ਕਰੋਪੀ ਅਜੇ ਕੀ ਗੁੱਲ ਖ਼ਿਲਾਏਗੀ। 

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।