ਭਾਰਤ ਨਾਲ ਹਰ ਤਰ੍ਹਾਂ ਦਾ ਸਬੰਧ ਤੋੜਨ ਵਾਲਾ ਪਾਕਿਸਤਾਨ ਕਰਤਾਰਪੁਰ ਸਾਹਿਬ ਲਾਂਗੇ ਤੇ ਐਨੀ ਦਰਿਆਦਿਲੀ ਕਿਉਂ ਵਿਖਾ ਰਿਹਾ ਹੈ ( ਨਿਊਜ਼ਨੰਬਰ ਖ਼ਾਸ ਖ਼ਬਰ )

Last Updated: Aug 19 2019 11:25
Reading time: 2 mins, 18 secs

ਕੇਂਦਰ ਦੀ ਮੋਦੀ ਸਰਕਾਰ ਵੱਲੋਂ 5 ਅਗਸਤ ਨੂੰ ਜੰਮੂ ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਕੂਟਨੀਤਿਕ ਅਤੇ ਵਪਾਰਕ ਸਬੰਧ ਖ਼ਤਮ ਕਰ ਲਏ ਹਨ। ਪਾਕਿਸਤਾਨ ਵੱਲੋਂ ਸਮਝੌਤਾ ਐਕਸਪ੍ਰੈੱਸ ਰੇਲ ਸੇਵਾ ਅਤੇ ਥਾਰ ਐਕਸਪ੍ਰੈੱਸ ਰੇਲ ਸੇਵਾ ਦੇ ਨਾਲ ਨਾਲ ਦੋਸਤੀ ਬੱਸ ਸੇਵਾ ਨੂੰ ਵੀ ਖ਼ਤਮ ਕਰਨ ਦਾ ਐਲਾਨ ਕਰ ਚੁੱਕਾ ਹੈ। ਪਾਕਿਸਤਾਨ ਵੱਲੋਂ ਇਸ ਮਸਲੇ ਤੇ ਸੰਯੁਕਤ ਰਾਸ਼ਟਰ ਦੀ ਬੈਠਕ ਬੁਲਾਉਣ ਤੋਂ ਲੈ ਕੇ ਪੁਲਵਾਮਾ ਵਰਗੇ ਹਮਲਿਆਂ ਦੇ ਵੱਧ ਜਾਣ ਤੱਕ ਦੀ ਧਮਕੀ ਦਿੱਤੀ ਅਤੇ ਭਾਰਤ ਨਾਲੋਂ ਆਪਣਾ ਹਰ ਨਿੱਕਾ ਅਤੇ ਵੱਡਾ ਸਬੰਧ ਤੋੜ ਲਿਆ। ਭਾਰਤ ਪਾਕਿਸਤਾਨ ਦੇ ਸਬੰਧਾਂ ਵਿੱਚ ਆਈ ਹੱਦੋਂ ਵੱਧ ਕੜਵਾਹਟ ਦੇ ਬਾਵਜੂਦ ਪਾਕਿਸਤਾਨ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਕਰਤਾਰਪੁਰ ਲਾਂਗੇ ਦਾ ਕੰਮ ਜਾਰੀ ਹੈ ਅਤੇ ਪਾਕਿਸਤਾਨ ਵੱਲੋਂ ਇਸ਼ਾਰਾ ਵੀ ਇਹੀ ਹੈ ਕਿ ਇਹ ਕੰਮ ਜਾਰੀ ਰਹੇਗਾ। ਹੁਣ ਸਵਾਲ ਉੱਠਦਾ ਹੈ ਕਿ ਧਾਰਾ 370 ਰੱਦ ਕਰੇ ਜਾਣ ਤੋਂ ਬਾਅਦ ਪਾਕਿਸਤਾਨ ਵੱਲੋਂ ਭਾਰਤ ਨਾਲ ਹਰ ਸਬੰਧ ਤੋੜਨ ਦੇ ਬਾਵਜੂਦ ਕਰਤਾਰਪੁਰ ਸਾਹਿਬ ਦੇ ਲਾਂਗੇ ਦਾ ਕੰਮ ਨਾ ਰੋਕ ਕੇ ਐਨੀ ਦਰਿਆਦਿਲੀ ਕਿਉਂ ਵਿਖਾਈ ਜਾ ਰਹੀ ਹੈ। ਇਸ ਸਵਾਲ ਦੇ ਜਵਾਬ ਨੂੰ ਜਦੋ ਲੱਭਣ ਦੀ ਕੋਸ਼ਿਸ਼ ਕਰਦੇ ਹੈ ਤਾਂ ਇਸ ਦੇ ਤਿੰਨ ਕਾਰਨ ਦਿਖਾਈ ਦਿੰਦੇ ਹਨ। ਪਹਿਲਾ ਕਾਰਨ ਤਾਂ ਇਹ ਹੈ ਕਿ ਪਾਕਿਸਤਾਨ ਇਸ ਸਮੇਂ ਆਰਥਿਕ ਮੰਦਹਾਲੀ ਦੇ ਦੌਰ ਵਿੱਚੋਂ ਲੱਗ ਰਿਹਾ ਹੈ ਅਤੇ ਪਾਕਿਸਤਾਨ ਦੀ ਅਰਥਵਿਵਸਥਾ ਲਈ ਕਰਤਾਰਪੁਰ ਸਾਹਿਬ ਲਾਂਗਾ ਸੰਜੀਵਨੀ ਵਰਗਾ ਕੰਮ ਕਰ ਸਕਦਾ ਹੈ। ਵਿਦੇਸ਼ ਵਿੱਚ ਰਹਿੰਦੀ ਸਿੱਖ ਕੌਮ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਗੇ ਦੇ ਕੰਮ ਲਈ ਪਾਕਿਸਤਾਨ ਨੂੰ ਵੱਡੀ ਗਿਣਤੀ ਵਿੱਚ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ ਇਸ ਦੀ ਮਿਸਾਲ ਅਸੀਂ ਉਨ੍ਹਾਂ ਖ਼ਬਰਾਂ ਤੋਂ ਵੀ ਲੈ ਸਕਦੇ ਹੈ ਜੋ ਇੰਗਲੈਂਡ ਦੀ ਸਿੱਖ ਸੰਗਤ ਵੱਲੋਂ ਵੱਡੀ ਗਿਣਤੀ ਵਿੱਚ ਪੌਂਡ ਪਾਕਿਸਤਾਨ ਨੂੰ ਭੇਜੇ ਜਾਣ ਦੀ ਖ਼ਬਰਾਂ ਆਈਆਂ ਸਨ। ਦੂਜਾ ਸਭ ਤੋਂ ਵੱਡਾ ਅਤੇ ਅਹਿਮ ਕਾਰਨ ਪਾਕਿਸਤਾਨ ਜੰਮੂ ਕਸ਼ਮੀਰ ਵਿੱਚ ਅੱਤਵਾਦ ਦੇ ਸਿਰ ਤੇ ਕਸ਼ਮੀਰ ਨੂੰ ਹਥਿਆਉਣ ਦੇ ਮਕਸਦ ਵਿੱਚ ਫ਼ੇਲ੍ਹ ਹੋ ਗਿਆ ਹੈ ਅਤੇ ਭਾਰਤ ਨੂੰ ਤੰਗ ਕਰਨ ਦੇ ਨਜ਼ਰੀਏ ਨਾਲ ਪੰਜਾਬ ਇੱਕ ਅਹਿਮ ਰਾਜ ਹੈ ਜਿਸ ਦਾ ਬਾਰਡਰ ਪਾਕਿਸਤਾਨ ਨਾਲ ਲਗਦਾ ਹੈ। ਪਾਕਿਸਤਾਨ ਕਸ਼ਮੀਰ ਵਾਲਾ ਬਦਲਾ ਭਾਰਤ ਤੋਂ ਪੰਜਾਬ ਰਾਹੀਂ ਲੈਣਾ ਚਾਹੁੰਦਾ ਹੈ ਜਿਸ ਤਹਿਤ ਪਾਕਿਸਤਾਨ ਆਪਣੀ ਖ਼ੁਫ਼ੀਆ ਏਜੰਸੀ ਆਈਐਸਆਈ ਦੇ ਜਰੀਏ ਖ਼ਾਲਿਸਤਾਨ ਦੇ ਸਮਰਥਕਾਂ ਦੀ ਹਮਾਇਤ ਕਰਦਾ ਹੈ। ਖ਼ਾਲਿਸਤਾਨ ਦਾ ਹਮਾਇਤੀ ਹੋਣ ਕਰਕੇ ਅਤੇ ਕਰਤਾਰਪੁਰ ਸਾਹਿਬ ਦੇ ਲਾਂਗੇ ਦਾ ਕੰਮ ਜਾਰੀ ਰੱਖ ਕੇ ਪਾਕਿਸਤਾਨ ਭਾਰਤੀ ਅਤੇ ਵਿਦੇਸ਼ ਵਿੱਚ ਬੈਠੇ ਸਿੱਖ ਧਰਮ ਦੇ ਲੋਕਾਂ ਨੂੰ ਭਾਵਨਾਤਮਿਕ ਤੌਰ ਤੇ ਆਪਣੇ ਨਾਲ ਜੋੜਨਾ ਚਾਹੁੰਦਾ ਹੈ। ਪਾਕਿਸਤਾਨ ਨੇ ਕਸ਼ਮੀਰ ਦੇ ਲੋਕਾਂ ਨਾਲ ਵੀ ਇਹੋ ਖੇਡ ਖੇਡੀ ਅਤੇ ਹੁਣ ਇਹੋ ਖੇਡ ਪੰਜਾਬ ਦੇ ਲੋਕਾਂ ਨਾਲ ਖੇਡਣੀ ਚਾਹੁੰਦਾ ਹੈ ਪਰ ਪੰਜਾਬ ਦੇ ਲੋਕ ਪਾਕਿਸਤਾਨ ਦੀਆ ਚਾਲਾਂ ਵਿੱਚ ਆਉਣ ਵਾਲੇ ਨਹੀਂ ਹਨ। ਤੀਜਾ ਸਭ ਤੋਂ ਅਹਿਮ ਕਾਰਨ ਹੈ ਸਿੱਖ ਕੌਮ ਦੀਆ 70 ਸਾਲ ਦੀਆ ਅਰਦਾਸਾਂ ਜੋ ਰੰਗ ਲਿਆਈਆਂ ਹਨ ਇਨ੍ਹਾਂ ਅਰਦਾਸਾਂ ਦੇ ਸਦਕੇ ਹੀ ਪਾਕਿਸਤਾਨ ਸਿੱਖ ਕੌਮ ਦੇ ਹਿੱਸੇ ਦੀ ਖ਼ੁਸ਼ੀ ਖੋਹ ਨਹੀਂ ਰਿਹਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।