ਭਾਖੜਾ ਡੈਮ 'ਚੋਂ ਛੱਡਿਆ ਗਿਆ ਪਾਣੀ, ਹਥਾੜ ਇਲਾਕੇ ਦੇ ਲੋਕਾਂ ਨੂੰ ਡੋਬੇਗਾ !!!

Last Updated: Aug 18 2019 17:20
Reading time: 1 min, 46 secs

ਉਤਰ ਭਾਰਤ ਦੇ ਵਿੱਚ ਪੈ ਰਹੀ ਭਾਰੀ ਬਰਸਾਤ ਦੇ ਕਾਰਨ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਇਸ ਕਦਰ ਵੱਧ ਚੁੱਕਿਆ ਹੈ ਕਿ ਹੁਣ, ਡੈਮਾਂ ਤੋਂ ਪਾਣੀ ਦਰਿਆ ਦੇ ਵਿੱਚ ਭੇਜਣ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ। ਦਰਅਸਲ, ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਮੇਤ ਹੋਰਨਾਂ ਰਾਜਾਂ ਦੇ ਵਿੱਚ ਪਈ ਭਾਰੀ ਬਾਰਸ਼ ਦੇ ਕਾਰਨ ਦਰਿਆਵਾਂ, ਨਹਿਰਾਂ ਆਦਿ ਦੇ ਵਿੱਚ ਤਾਂ ਪਹਿਲੋਂ ਹੀ ਪਾਣੀ ਦਾ ਪੱਧਰ ਵੱਧ ਚੁੱਕਿਆ ਸੀ, ਉੱਪਰੋਂ ਡੈਮਾਂ ਤੋਂ ਦਰਿਆਵਾਂ ਦੇ ਵਿੱਚ ਪਾਣੀ ਹੋਰ ਛੱਡੇ ਜਾਣ ਕਾਰਨ ਦਰਿਆ ਟੁੱਟਣ ਕੰਡੇ ਪਹੁੰਚ ਚੁੱਕੇ ਹਨ। 

ਦੱਸ ਦਈਏ ਕਿ ਭਾਖੜਾ ਡੈਮ ਤੋਂ ਲਗਾਤਾਰ ਪਾਣੀ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਿੱਚ ਛੱਡਿਆ ਜਾ ਰਿਹਾ ਹੈ, ਜਿਸ ਦੇ ਕਾਰਨ ਸਤਲੁਜ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਖੇ ਵੀ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਭਾਖੜਾ ਡੈਮ ਤੋਂ ਛੱਡੇ ਗਏ ਪਾਣੀ ਦਾ ਸਭ ਤੋਂ ਜ਼ਿਆਦਾ ਨੁਕਸਾਨ ਹਥਾੜ ਵਾਲੇ ਇਲਾਕੇ ਵਿੱਚ ਰਹਿੰਦੇ ਲੋਕਾਂ ਨੂੰ ਹੋਵੇਗਾ। ਹਥਾੜ ਵਾਲੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ, ਪਰ ਕੋਈ ਵੀ ਨਹਿਰੀ ਵਿਭਾਗ ਦਾ ਅਧਿਕਾਰੀ ਜਾਂ ਫਿਰ ਕੋਈ ਲੀਡਰ ਉਨ੍ਹਾਂ ਤੱਕ ਪਹੁੰਚ ਨਹੀਂ ਕਰ ਰਿਹਾ। 

ਦੱਸ ਦਈਏ ਕਿ ਨਹਿਰੀ ਵਿਭਾਗ ਦੇ ਵੱਲੋਂ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਅਤੇ ਬੀਤੇ ਦਿਨ ਤੋਂ ਹੀ ਹਰੀਕੇ ਹੈੱਡ ਵਰਕਸ 'ਤੇ ਪਾਣੀ ਇਸ ਕਦਰ ਵੱਧ ਚੁੱਕਿਆ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਵਿਭਾਗ ਮੁਤਾਬਿਕ ਅੱਜ ਸਵੇਰੇ ਹਰੀਕੇ ਹੈੱਡ ਵਰਕਸ ਵਿੱਚ 54,000 ਕਿਊਸਿਕ, ਰਾਜਸਥਾਨ ਫੀਡਰ ਨੂੰ 11,000 ਕਿਊਸਿਕ ਪਾਣੀ ਅਤੇ ਫ਼ਿਰੋਜ਼ਪੁਰ ਫੀਡਰ ਨੂੰ 9432 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ।

ਅਧਿਕਾਰੀਆਂ ਨੇ ਦਿੱਤੇ ਬਿਆਨ ਵਿੱਚ ਇਹ ਵੀ ਦੱਸਿਆ ਕਿ ਇਸ ਛੱਡੇ ਜਾ ਰਹੇ ਪਾਣੀ ਕਾਰਨ ਹਥਾੜ ਇਲਾਕਾ ਪਾਣੀ ਨਾਲ ਭਰਨਾ ਸ਼ੁਰੂ ਹੋ ਗਿਆ ਹੈ। ਅਧਿਕਾਰੀ ਮੁਤਾਬਿਕ ਹਥਾੜ ਇਲਾਕੇ ਦੀਆਂ ਫ਼ਸਲਾਂ ਵੀ ਪਾਣੀ ਨਾਲ ਭਰ ਚੁੱਕੀਆਂ ਹਨ, ਜਿਸ ਦੇ ਕਾਰਨ ਕਿਸਾਨ ਪ੍ਰੇਸ਼ਾਨ ਵਿਖਾਈ ਦੇ ਰਹੇ ਹਨ। ਨਹਿਰੀ ਵਿਭਾਗ ਦੇ ਐੱਸ. ਡੀ. ਓ. ਮੁਕੇਸ਼ ਗੋਇਲ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਰੋਪੜ ਹੈੱਡ ਵਰਕਸ ਤੋਂ 1 ਲੱਖ 80 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ, ਜੋ ਕਿ ਹਰੀਕੇ ਹੈੱਡ ਵਰਕਸ 'ਤੇ 20 ਅਗਸਤ ਤੱਕ ਪਹੁੰਚ ਜਾਵੇਗਾ। ਨਹਿਰੀ ਵਿਭਾਗ ਨੇ ਮੰਨਿਆ ਕਿ ਜੋ ਇਹ ਪਾਣੀ ਛੱਡਿਆ ਗਿਆ ਹੈ, ਇਸ ਨਾਲ ਹਥਾੜ ਇਲਾਕੇ ਨੂੰ ਵੱਡਾ ਨੁਕਸਾਨ ਪਹੁੰਚ ਸਕਦਾ ਹੈ।