ਕਈਆਂ ਨੂੰ ਜੰਗ ਦਾ ਡਰ ਅਤੇ ਕਈਆਂ ਨੂੰ ਹੜ੍ਹਾਂ ਦਾ ਡਰ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 18 2019 12:24
Reading time: 2 mins, 30 secs

ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਭਰ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਕਿਉਂਕਿ ਗੁਆਂਢੀ ਮੁਲਖ਼ ਪਾਕਿਸਤਾਨ ਤੋਂ ਵੰਨ-ਸੁਵੰਨੀਆਂ ਧਮਕੀਆਂ ਆ ਰਹੀਆਂ ਹਨ। ਵੇਖਿਆ ਜਾਵੇ ਤਾਂ ਭਾਵੇਂ ਹੀ ਇਹ ਧਮਕੀਆਂ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਤੱਕ ਹੀ ਸੀਮਤ ਹਨ, ਪਰ ਇਸ ਨੂੰ ਲੈ ਕੇ ਪੂਰੇ ਦੇਸ਼ ਭਰ ਦੀਆਂ ਸੁਰੱਖਿਆ ਏਜੰਸੀਆਂ ਅਲਰਟ ਹਨ ਅਤੇ ਹਰ ਕਿਸੇ 'ਤੇ ਪੈਨੀ ਨਜ਼ਰ ਰੱਖ ਰਹੀਆਂ ਹਨ। ਇਸ ਤੋਂ ਇਲਾਵਾ ਪੰਜਾਬ ਭਰ ਦੇ ਵਿੱਚ ਚੈਕਿੰਗ ਮੁਹਿੰਮਾਂ ਤੇਜ਼ ਹਨ।

ਹਰ ਰਾਹ ਗਲੀ ਜਾਂਦੇ ਵਿਅਕਤੀ ਦੀ ਪੁਲਿਸ ਵਾਲੇ ਚੈਕਿੰਗ ਕਰ ਰਹੇ ਹਨ। ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਤਾਂ ਜੰਗ ਵਰਗਾ ਮਾਹੌਲ ਦੇਸ਼ ਦੇ ਅੰਦਰ ਬਣਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਅੰਦਰ ਹੜ੍ਹ ਆਉਣ ਦੀ ਸੰਭਾਵਨਾ ਵੀ ਬਣੀ ਪਈ ਹੈ। ਲੋਕ ਤਾਂ ਸ਼ਰੇਆਮ ਹੀ ਇਹ ਕਹਿੰਦੇ ਨਜ਼ਰੀ ਆ ਰਹੇ ਹਨ ਕਿ ਇੱਕ ਪਾਸਿਓਂ ਤਾਂ ਉਨ੍ਹਾਂ ਨੂੰ ਗੋਲੀਆਂ ਦਾ ਡਰ ਹੈ ਅਤੇ ਦੂਜੇ ਪਾਸਿਓਂ ਹੜ੍ਹਾਂ ਦਾ, ਸਮਝ ਨਹੀਂ ਆਉਂਦੀ ਕਿ ਉਹ ਕਿਹੜੇ ਪਾਸੇ ਨੂੰ ਜਾਣ, ਕਿਉਂਕਿ ਦੋਵਾਂ ਪਾਸੇ ਹੀ ਮੌਤ ਹੈ।

ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਵੱਲੋਂ ਜੰਮੂ-ਕਸ਼ਮੀਰ ਦੇ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਦੇ ਪ੍ਰਤੀ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ ਅਤੇ ਦੂਜੇ ਪਾਸੇ ਪਾਕਿਸਤਾਨ ਦੇ ਵੱਲੋਂ ਵੀ ਇਸ ਗੱਲ ਤੋਂ ਨਰਾਜ਼ਗੀ ਜਤਾਈ ਜਾ ਰਹੀ ਹੈ ਕਿ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਦੇ ਵਿੱਚੋਂ ਧਾਰਾ 370 ਹਟਾ ਕੇ ਚੰਗਾ ਕੰਮ ਨਹੀਂ ਕੀਤਾ। ਛਪੀਆਂ ਖ਼ਬਰਾਂ ਮੁਤਾਬਿਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਲਗਾਤਾਰ ਭਾਰਤ ਨੂੰ ਕਈ ਪ੍ਰਕਾਰ ਦੀਆਂ ਧਮਕੀਆਂ ਦੇ ਰਹੇ ਹਨ।

ਦੱਸ ਦਈਏ ਕਿ ਇਮਰਾਨ ਖ਼ਾਨ ਨੇ ਜਾਰੀ ਇੱਕ ਪ੍ਰੈਸ ਬਿਆਨ ਦੇ ਰਾਹੀਂ ਧਮਕੀ ਦਿੱਤੀ ਸੀ ਕਿ ਪੁਲਵਾਮਾ ਵਰਗੇ ਹਮਲੇ ਫਿਰ ਤੋਂ ਪਾਕਿਸਤਾਨ ਭਾਰਤ ਦੇ ਅੰਦਰ ਕਰ ਸਕਦਾ ਹੈ। ਵੇਖਿਆ ਜਾਵੇ ਤਾਂ ਇਮਰਾਨ ਖ਼ਾਨ ਇਸ ਤੋਂ ਪਹਿਲੋਂ ਕਈ ਵਾਰ ਅਜਿਹੀਆਂ ਧਮਕੀਆਂ ਦੇ ਚੁੱਕਿਆ ਹੈ ਅਤੇ ਭਾਰਤ ਸਰਕਾਰ ਦੇ ਵੱਲੋਂ ਵੀ ਇਮਰਾਨ ਨੂੰ ਕਰਾਰਾ ਜਵਾਬ ਦਿੱਤਾ ਜਾਂਦਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਭਾਵੇਂ ਹੀ ਲੋਕ ਸਭਾ ਚੋਣਾਂ ਤੋਂ ਪਹਿਲੋਂ ਪਾਕਿਸਤਾਨ ਨੂੰ ਕਈ ਪ੍ਰਕਾਰ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ।

ਜਿਸਦਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਨੇ ਮਜ਼ਾਕ ਉਡਾਇਆ ਸੀ। ਸੋ ਖ਼ੈਰ.!! ਇਸ ਵਾਰ ਦੀਆਂ ਭਾਰਤ ਅਤੇ ਪਾਕਿਸਤਾਨ ਵੱਲੋਂ ਇੱਕ-ਦੂਜੇ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਕੁਝ ਵੀ ਕਰਵਾ ਸਕਦੀਆਂ ਹਨ। ਦੱਸ ਦਈਏ ਕਿ ਐਹੋ ਜਿਹੇ ਮਾਹੌਲ ਵਿੱਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪੰਜਾਬ ਦੇ ਅੰਦਰ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਪੰਜਾਬ ਪੁਲਿਸ ਨੂੰ ਹਰ ਸ਼ੱਕੀ ਦੀ ਚੈਕਿੰਗ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ।

ਦੋਸਤੋਂ, ਇੱਕ ਪਾਸੇ ਤਾਂ ਜੰਗ ਵਰਗਾ ਮਾਹੌਲ ਹੈ, ਦੂਜੇ ਪਾਸੇ ਹੜ੍ਹਾਂ ਦਾ ਖ਼ਤਰਾ ਹੈ। ਪੰਜਾਬ ਵਾਸੀਆਂ ਨੂੰ ਕੁਝ ਪਤਾ ਨਹੀਂ ਕਿ ਉਨ੍ਹਾਂ 'ਤੇ ਕਿਹੜੀ ਮਾਰ ਕਦੋਂ ਆ ਪੈਣੀ ਹੈ। ਦੱਸ ਦਈਏ ਕਿ ਹੁਣ ਤੱਕ ਜਿੰਨੀਆਂ ਵੀ ਜੰਗਾਂ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਲੱਗੀਆਂ ਹਨ, ਹਰ ਜੰਗ ਵੇਲੇ ਪੰਜਾਬ ਨੂੰ ਹੀ ਸਭ ਤੋਂ ਵੱਧ ਨੁਕਸਾਨ ਝੇਲਣਾ ਪਿਆ ਹੈ। ਇਸ ਲਈ ਪੰਜਾਬ ਵਾਸੀ ਤਾਂ ਹਮੇਸ਼ਾ ਹੀ ਇਹ ਅਰਦਾਸਾਂ ਕਰਦੇ ਹਨ ਕਿ ਜੰਗ ਨਾ ਹੀ ਲੱਗੇ ਤਾਂ ਚੰਗਾ ਹੈ। ਹੜ੍ਹਾਂ ਨੂੰ ਲੈ ਕੇ ਸਰਕਾਰ ਨੂੰ ਸੁਰੱਖਿਆ ਪ੍ਰਬੰਧ ਮੁਕੰਮਲ ਕਰਨੇ ਚਾਹੀਦੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।