ਸੁਖਬੀਰ ਦਾ ਦਾਅਵਾ, ਅਗਲੀਆਂ ਵਿਧਾਨ ਸਭਾ ਚੋਣਾਂ ਭਾਜਪਾ ਨਾਲ ਗੱਠਜੋੜ ਕਰਕੇ ਹੀ ਲੜਾਂਗੇ !!!

Last Updated: Aug 16 2019 18:14
Reading time: 0 mins, 48 secs

ਅਕਾਲੀ ਦਲ ਭਾਜਪਾ ਦਾ ਸਭ ਤੋਂ ਪੁਰਾਣਾ ਸਹਿਯੋਗੀ ਹੈ ਅਤੇ ਇਹ ਗੱਠਜੋੜ ਹਮੇਸ਼ਾ ਸਮੇਂ ਦੀ ਕਸੌਟੀ ਉੱਤੇ ਖਰ੍ਹਾ ਉੱਤਰਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਫ਼ਿਰੋਜ਼ਪੁਰ ਤੋਂ ਐਮ.ਪੀ. ਸੁਖਬੀਰ ਸਿੰਘ ਬਾਦਲ ਨੇ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਅਗਲੀਆਂ ਵਿਧਾਨ ਸਭਾ ਚੋਣਾਂ ਭਾਜਪਾ ਨਾਲ ਗੱਠਜੋੜ ਕਰਕੇ ਹੀ ਲੜਾਂਗੇ ਅਤੇ ਇਸ ਮਾਮਲੇ ਵਿੱਚ ਕਿਸੇ ਵੀ ਸ਼ੱਕ ਦੀ ਗੁੰਜਾਇਸ਼ ਨਹੀਂ ਹੈ। ਅਕਾਲੀ ਦਲ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਦੇ ਸਰਹੱਦੀ ਇਲਾਕਿਆਂ ਲਈ ਵਿਸ਼ੇਸ਼ ਪੈਕੇਜ ਦੇਣ ਦੀ ਬੇਨਤੀ ਕਰਨਗੇ। 

ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕੇ ਅਜੇ ਵੀ ਪਛੜੇ ਹੋਏ ਹਨ ਅਤੇ ਵਿਸ਼ੇਸ਼ ਪੈਕੇਜ ਨਾਲ ਇੱਥੇ ਉਦਯੋਗ ਲੱਗਣਗੇ ਅਤੇ ਨੌਕਰੀਆਂ ਪੈਦਾ ਹੋਣਗੀਆਂ। ਉਨ੍ਹਾਂ ਕਿਹਾ ਕਿ ਉਹ ਇਸ ਇਲਾਕੇ ਵਿੱਚ ਮੈਡੀਕਲ ਸੰਸਥਾਨ ਲਿਆਉਣ ਲਈ ਆਪਣੀ ਪੂਰੀ ਵਾਹ ਲਗਾਉਣਗੇ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਉਹ ਕੇਂਦਰੀ ਸਿਹਤ ਮੰਤਰੀ ਨੂੰ ਮਿਲੇ ਸਨ ਅਤੇ ਉਨ੍ਹਾਂ ਨੂੰ ਫ਼ਿਰੋਜ਼ਪੁਰ ਵਿਖੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਉਦਘਾਟਨ ਕਰਨ ਦੀ ਬੇਨਤੀ ਕੀਤੀ ਸੀ। ਇਹ ਸੈਂਟਰ ਜ਼ਿਲ੍ਹੇ ਅੰਦਰ ਬੇਹੱਦ ਲੋੜੀਂਦੀਆਂ ਸਿਹਤ ਸੰਭਾਲ ਦੀਆਂ ਆਧੁਨਿਕ ਸਹੂਲਤਾਂ ਲੈ ਕੇ ਆਵੇਗਾ।