ਸਤਲੁਜ ਦਰਿਆ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਭਾਰਤ ਲੈ ਕੇ ਆ ਰਿਹਾ ਸਮਗਲਰ ਕਾਬੂ, ਪਰਚਾ ਦਰਜ !!!

Last Updated: Aug 16 2019 13:43
Reading time: 1 min, 16 secs

ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਸਤਲੁਜ ਦਰਿਆ ਦੇ ਰਸਤੇ ਹੈਰੋਇਨ ਨੂੰ ਭਾਰਤ ਲਿਆ ਰਹੇ ਇੱਕ ਸਮਗਲਰ ਨੂੰ ਬੀਐਸਐਫ਼ ਦੇ ਜਵਾਨਾਂ ਵੱਲੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧ ਵਿੱਚ ਪੁਲਿਸ ਥਾਣਾ ਸਦਰ ਫ਼ਿਰੋਜ਼ਪੁਰ ਦੇ ਵੱਲੋਂ ਉਕਤ ਸਮਗਲਰ ਦੇ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਰਾਤੇਸ਼ ਕੰਪਨੀ ਕਮਾਂਡਰ ਈ ਕੰਪਨੀ 136 ਬਟਾਲੀਅਨ ਬੀ. ਐਸ. ਐਫ. ਨੇ ਦੱਸਿਆ ਕਿ ਬੀਤੀ ਤੜਕ ਸਵੇਰੇ ਬੀਐਸਐਫ਼ ਜਵਾਨਾਂ ਦੇ ਵੱਲੋਂ ਸਤਲੁਜ ਦਰਿਆ ਦੇ ਵਿੱਚੋਂ ਤੈਰਦੇ ਆ ਰਹੇ ਇੱਕ ਭਾਰਤੀ ਨੂੰ ਕਾਬੂ ਕੀਤਾ ਗਿਆ। 

ਬੀਐਸਐਫ਼ ਅਧਿਕਾਰੀ ਮੁਤਾਬਿਕ ਫੜੇ ਗਏ ਵਿਅਕਤੀ ਦੀ ਪਛਾਣ ਹਰਜਿੰਦਰ ਸਿੰਘ ਪੁੱਤਰ ਮੁਰਾਦ ਸਿੰਘ ਵਾਸੀ ਪਿੰਡ ਪੱਲਾ ਮੇਘਾ ਥਾਣਾ ਸਦਰ ਫ਼ਿਰੋਜ਼ਪੁਰ ਵਜੋਂ ਹੋਈ। ਬੀਐਸਐਫ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੇ ਕਬਜ਼ੇ ਵਿੱਚੋਂ 15 ਕਿੱਲੋ 112 ਹੈਰੋਇਨ, ਇੱਕ ਮੈਗਜੀਨ, 31 ਰੌਂਦ ਜਿੰਦਾ 7.63 ਐਮ ਐਮ, ਇੱਕ ਮੋਬਾਈਲ ਫ਼ੋਨ ਮਾਰਕਾ ਸੈਮਸੰਗ, 2 ਪਾਕਿਸਤਾਨੀ ਮੋਬਾਈਲ ਸਿੰਮ ਕਾਰਡ, ਇੱਕ ਪਾਕਿਸਤਾਨੀ ਮਾਚਿਸ, ਇੱਕ ਪਾਕਿਸਤਾਨੀ ਸਿਗਰਟ ਦੀ ਡੱਬੀ, ਇੱਕ ਟਰੈਕਟਰ ਦੀ ਅੱਧੀ ਕੱਟੀ ਟਿਊਬ, ਬੈਲਟ ਵਰਗਾ ਪਾਊਚ ਰੰਗ ਕਾਲਾ, ਇੱਕ ਪਲਾਸਟਿਕ ਗੱਟਾ ਖਾਦ ਵਾਲਾ ਆਦਿ ਬਰਾਮਦ ਹੋਇਆ।

ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਰਾਤੇਸ਼ ਕੰਪਨੀ ਕਮਾਂਡਰ ਈ ਕੰਪਨੀ 136 ਬਟਾਲੀਅਨ ਬੀ. ਐਸ. ਐਫ. ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਹਰਜਿੰਦਰ ਸਿੰਘ ਪੁੱਤਰ ਪੁੱਤਰ ਮੁਰਾਦ ਵਾਸੀ ਪਿੰਡ ਪੱਲਾ ਮੇਘਾ ਦੇ ਵਿਰੁੱਧ ਐਨਡੀਪੀਐਸ ਐਕਟ, ਆਰਮਜ਼ ਐਕਟ, ਡੀਆਈਟੀ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਉਕਤ ਸਮਗਲਰ ਹਰਜਿੰਦਰ ਸਿੰਘ ਨੂੰ ਅੱਜ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਹਾਸਲ ਕਰਕੇ ਹੋਰ ਵੀ ਸਮਾਨ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।