ਵੇਖ਼ਿਓ, ਊਠ ਤੇ ਬੈਠਿਆਂ ਨੂੰ ਕੁੱਤਾ ਨਾ ਵੱਢ ਜਾਵੇ, ਕਿਤੇ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 16 2019 13:32
Reading time: 1 min, 53 secs

ਬਿਨਾਂ ਸ਼ੱਕ ਤਾਕਤ ਦੇ ਮਾਮਲੇ ਵਿੱਚ ਸਾਡੇ ਦੇਸ਼ ਦੀ ਫ਼ੌਜ, ਦੀ ਗਿਣਤੀ ਦੁਨੀਆ ਦੇ ਮੂਹਰਲੀ ਕਤਾਰ ਵਿੱਚ ਖੜ੍ਹੇ ਦੇਸ਼ਾਂ ਵਿੱਚ ਹੁੰਦੀ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ, ਚੀਨ ਤੇ ਪਾਕਿਸਤਾਨ ਵੱਲੋਂ ਥੋਪੀਆਂ ਚਾਰ ਵੱਡੀਆਂ ਜੰਗਾਂ ਵਿੱਚ ਸਾਡੇ ਦੇਸ਼ ਦੀ ਫ਼ੌਜ ਜਿੱਤ ਦੇ ਝੰਡੇ ਗੱਡ ਚੁੱਕੀ ਹੈ। ਸਾਡੀਆਂ ਥਲ ਅਤੇ ਹਵਾਈ ਸੈਨਾ ਵੱਲੋਂ ਪਿਛਲੇ ਸਮੇਂ ਦੇ ਦੌਰਾਨ ਪਾਕਿਸਤਾਨ ਦੇ ਖ਼ਿਲਾਫ਼ ਜਿਹੜੀਆਂ ਦੋ ਸਟ੍ਰਾਈਕਾਂ ਕੀਤੀਆਂ ਗਾਈਆਂ ਹਨ, ਉਸ ਵਿੱਚ ਪਾਕਿਸਤਾਨ ਦਾ ਕਿੰਨਾ ਕੁ ਨੁਕਸਾਨ ਹੋਇਆ, ਉਸਦਾ ਲੇਖ਼ੇ ਜੋਖ਼ਾ ਵੀ ਅਜੇ ਤੱਕ ਵੀ ਲੱਗੀ ਜਾ ਰਿਹਾ ਹੈ। 

ਅੱਜ ਸਾਡੀਆਂ ਸਰਕਾਰਾਂ ਹੀ ਮੰਨ ਰਹੀਆਂ ਹਨ ਕਿ, ਧਾਰਾ 370 ਦੇ ਟੁੱਟਣ ਦੇ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਨਾਲ ਬੌਖ਼ਲਾਹਟ ਵਿੱਚ ਹੈ। ਸ਼ਾਇਦ ਇਹ ਉਸਦੀ ਬੌਖ਼ਲਾਹਟ ਦਾ ਹੀ ਨਤੀਜਾ ਹੋਵੇਗਾ ਕਿ, ਉਸਨੇ ਭਾਰਤ ਨਾਲ ਸਾਰੇ ਕੂਟਨੀਤਿਕ ਤੇ ਸਮਾਜਿਕ ਰਿਸ਼ਤੇ ਨਾਤੇ ਤੋੜ ਲਏ ਹਨ। ਸਾਡੇ ਸਫ਼ਾਰਤਖ਼ਾਨੇ ਦੇ ਅਧਿਕਾਰੀਆਂ ਨੂੰ ਦਿੱਲੀ ਭੇਜਣ ਦੇ ਨਾਲ-ਨਾਲ ਪਾਕਿਸਤਾਨ ਨੇ ਦਿੱਲੀ ਵਿਚਲੇ ਆਪਣੇ ਸਫ਼ਾਰਤਖ਼ਾਨੇ ਨੂੰ ਵੀ ਤਾਲੇ ਜੜ ਦਿੱਤੇ ਹਨ, ਰਹਿੰਦੀ ਖ਼ੂੰਹਦੀ ਕਸਰ ਉਸਨੇ ਪੂਰੀ ਕਰ ਦਿੱਤੀ ਈਦ ਅਤੇ ਅਜ਼ਾਦੀ ਦਿਹਾੜਿਆਂ ਤੇ ਮਠਿਆਈ ਦੇ ਡੱਬੇ ਨਾ ਲੈਕੇ। 

ਦੋਸਤੋ, ਮੁੱਕਦੀ ਗੱਲ, ਇਸ ਵੇਲੇ ਪਾਕਿਸਤਾਨ ਪੂਰੀ ਤਰ੍ਹਾਂ ਨਾਲ ਜ਼ਖਮੀ ਸੱਪ ਵਾਂਗ ਫ਼ਨਕਾਰੇ ਮਾਰ ਰਿਹਾ ਹੈ, ਉਹ ਲਗਾਤਾਰ ਸਾਡੇ ਦੇਸ਼ ਨੂੰ ਧਮਕੀਆਂ ਤੇ ਧਮਕੀਆਂ ਦੇ ਰਿਹਾ ਹੈ। ਸਿਆਸੀ ਤੇ ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ, ਸਾਡੇ ਦੇਸ਼ ਦੇ ਫ਼ੌਜੀ ਮੁਖੀਆਂ ਅਤੇ ਸਮੇਂ ਦੀਆਂ ਸਰਕਾਰਾਂ ਨੂੰ, ਪਾਕਿਸਤਾਨੀ ਧਮਕੀਆਂ ਨੂੰ ਇਹ ਸੋਚ ਕੇ ਨਜ਼ਰਅੰਦਾਜ਼ ਨਹੀਂ ਕਰ ਦੇਣਾ ਚਾਹੀਦਾ ਕਿ, ਅਸੀਂ ਉਸ ਨੂੰ ਪਹਿਲਾਂ ਸਾਰੀਆਂ ਜੰਗਾਂ ਵਿੱਚ ਧੂਲ ਚਟਾ ਚੁੱਕੇ ਹਾਂ। 

ਦੋਸਤੋ, ਜੰਗੀ ਮਾਹਿਰਾਂ ਅਨੁਸਾਰ, ਦੁਸ਼ਮਣ ਨੂੰ ਕਦੇ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ, ਉਸ ਵੇਲੇ ਤਾਂ ਬਿਲਕੁਲ ਵੀ ਨਹੀਂ ਜਦੋਂ ਉਹ ਜ਼ਖਮੀ ਅਤੇ ਬੌਖਲਾਇਆ ਹੋਵੇ। ਮਾਹਿਰਾਂ ਦਾ ਮੰਨਣੈ ਕਿ, ਮੈਦਾਨ-ਏ-ਜੰਗ ਵਿੱਚ ਓਨਾ ਖ਼ਤਰਾ ਤਾਕਤਵਰ ਤੋਂ ਨਹੀਂ ਹੁੰਦਾ ਜਿੰਨਾ ਕਿ ਕਮਜ਼ੋਰ ਤੋਂ ਹੁੰਦਾ ਹੈ, ਇਸ ਲਈ ਸਾਡੀਆਂ ਫ਼ੌਜਾਂ ਨੂੰ ਆਪਣੀ ਤਾਕਤ ਤੇ ਮਾਣ ਅਤੇ ਹੰਕਾਰ ਕਰਦਿਆਂ, ਪਾਕਿਸਤਾਨ ਦੀਆਂ ਧਮਕੀਆਂ ਨੂੰ ਗਿੱਦੜਭਬਕੀਆਂ ਨਹੀਂ ਸਮਝ ਲੈਣਾ ਚਾਹੀਦਾ। 

ਦੋਸਤੋ, ਮਾਹਿਰਾਂ ਅਨੁਸਾਰ, ਅੱਜ ਹਾਲਾਤ ਬਦਲ ਚੁੱਕੇ ਹਨ, ਪਾਕਿਸਤਾਨ ਵੀ ਸਾਡੇ ਵਾਂਗ ਹੀ ਪ੍ਰਮਾਣੂ ਸ਼ਕਤੀਆਂ ਨਾਲ ਲੈਸ ਹੈ। ਪਾਕਿਸਤਾਨ ਦਾ ਨਾਮ ਦੁਨੀਆ ਦੇ ਨਕਸ਼ੇ ਤੋਂ ਮਿਟਾਉਂਦੇ-ਮਿਟਾਉਂਦੇ ਕਿਤੇ, ਅਸੀਂ ਖੁਦ ਦਾ ਨੁਕਸਾਨ ਵੀ ਨਾ ਕਰਵਾ ਬੈਠੀਏ। ਸਿਆਣਿਆਂ ਦਾ ਕਥਨ ਹੈ ਕਿ, ਜਦੋਂ ਵਕਤ ਮਾੜਾ ਹੁੰਦੈ ਤਾਂ, ਊਠ ਤੇ ਬੈਠਿਆਂ ਨੂੰ ਵੀ ਕੁੱਤਾ ਵੱਢ ਜਾਂਦਾ ਹੈ, ਤੇ ਇਹ ਵੀ ਇੱਕ ਹਕੀਕਤ ਹੈ ਕਿ, ਅੱਜ ਵਕਤ ਸਾਡਾ ਵੀ ਕੋਈ ਬਾਹਲਾ ਚੰਗਾ ਨਹੀਂ ਚੱਲ ਰਿਹਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।