ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ

Last Updated: Aug 14 2019 19:33
Reading time: 2 mins, 5 secs

73ਵੇਂ ਆਜ਼ਾਦੀ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਹੋਵੇਗਾ ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਤਕਨੀਕੀ ਸਿੱਖਿਆ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ 15 ਅਗਸਤ ਨੂੰ ਸਵੇਰੇ 9:00 ਵਜੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਸਮਾਰੋਹ ਦੀ ਫੁੱਲ ਡਰੈੱਸ ਰਿਹਰਸਲ ਅੱਜ ਸਟੇਡੀਅਮ ਵਿਖੇ ਕੀਤੀ ਗਈ ਜਿਸ ਦਾ ਨਿਰੀਖਣ ਡਿਪਟੀ ਕਮਿਸ਼ਨਰ ਇੰਜ. ਡੀ. ਪੀ. ਐਸ ਖਰਬੰਦਾ ਨੇ ਕੀਤਾ। ਇਸ ਮੌਕੇ ਐਸ. ਐਸ. ਪੀ ਕਪੂਰਥਲਾ ਸਤਿੰਦਰ ਸਿੰਘ ਵੀ ਉਨ੍ਹਾਂ ਦੇ ਨਾਲ ਸਨ। 

ਇਸ ਮੌਕੇ ਪਰੇਡ ਕਮਾਂਡਰ ਡੀ. ਐਸ. ਪੀ ਵਿਸ਼ਾਲਜੀਤ ਸਿੰਘ ਦੀ ਅਗਵਾਈ ਵਿੱਚ ਪੰਜਾਬ ਪੁਲਿਸ, ਪੰਜਾਬ ਹੋਮ ਗਾਰਡਜ਼, ਐਨ. ਸੀ. ਸੀ. ਕੈਡਟਾਂ, ਐਨ. ਐਸ. ਐਸ. ਸਕਾਊਟਸ ਤੇ ਗਰਲਜ਼ ਗਾਈਡੈਂਸ ਦੀਆਂ ਟੁਕੜੀਆਂ ਤੋਂ ਇਲਾਵਾ ਪੁਲਿਸ ਅਤੇ ਸਕੂਲੀ ਬੈਂਡ ਨੇ ਪਰੇਡ ਵਿੱਚ ਹਿੱਸਾ ਲਿਆ ਅਤੇ ਸ਼ਾਨਦਾਰ ਮਾਰਚ ਪਾਸਟ ਕਰਕੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ। ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਮਾਸ ਪੀ. ਟੀ ਸ਼ੋਅ ਅਤੇ ਦੇਸ਼ ਭਗਤੀ 'ਤੇ ਆਧਾਰਿਤ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਗਿੱਧੇ ਤੇ ਭੰਗੜੇ ਦੀਆਂ ਧਮਾਲਾਂ ਪਈਆਂ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਸਭਿਆਚਾਰਕ ਵੰਨਗੀਆਂ ਦੌਰਾਨ ਦੇਸ਼ ਭਗਤੀ ਦਾ ਜਜ਼ਬਾ ਉਮੜ ਰਿਹਾ ਸੀ, ਜਿਸ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਮੁੱਖ ਮਹਿਮਾਨ ਦੀ ਆਮਦ ਤੋਂ ਲੈ ਕੇ ਇਨਾਮਾਂ ਤੇ ਸਨਮਾਨਾਂ ਦੀ ਵੰਡ ਸਮੇਤ ਵੱਖ-ਵੱਖ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਇੰਜ. ਡੀ. ਪੀ. ਐਸ ਖਰਬੰਦਾ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਜ਼ਾਦੀ ਦਿਵਸ ਨੂੰ ਧੂਮਧਾਮ ਨਾਲ ਮਨਾਇਆ ਜਾਵੇ ਕਿਉਂਕਿ 15 ਅਗਸਤ 1947 ਨੂੰ ਸਾਡਾ ਮੁਲਕ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕਾ ਆਜ਼ਾਦ ਹੋਇਆ ਸੀ ਅਤੇ ਸਮੂਹ ਦੇਸ਼ ਵਾਸੀਆਂ ਲਈ ਇਹ ਗੌਰਵਮਈ ਦਿਨ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਜ਼ਾਦੀ ਦਿਵਸ ਮੌਕੇ ਹੋਣ ਵਾਲੇ ਸਮਾਗਮ ਵਿੱਚ ਉਹ ਆਪਣੇ ਪਰਿਵਾਰਾਂ ਸਮੇਤ ਭਰਵੀਂ ਸ਼ਮੂਲੀਅਤ ਕਰਨ।

ਉਨ੍ਹਾਂ ਕਿਹਾ ਕਿ ਦੇਸ਼ ਭਗਤੀ ਦਾ ਜਜ਼ਬਾ ਅਤੇ ਦੇਸ਼ ਪ੍ਰੇਮ ਦੀ ਭਾਵਨਾ ਨੂੰ ਕਾਇਮ ਰੱਖਦੇ ਹੋਏ ਸਾਰੇ ਅਧਿਕਾਰੀ ਤੇ ਕਰਮਚਾਰੀ ਇਸ ਸਮਾਗਮ ਦੀ ਸਫਲਤਾ ਲਈ ਤਨੋਂ-ਮਨੋਂ ਯੋਗਦਾਨ ਪਾਉਣ। ਉਨ੍ਹਾਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਆਪਣੀ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ। ਐਸ. ਐਸ. ਪੀ ਕਪੂਰਥਲਾ ਸਤਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਸਮਾਗਮ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਸੁਤੰਤਰਤਾ ਦਿਵਸ ਸਮਾਰੋਹ ਨੂੰ ਦੇਖਣ ਲਈ ਪੁੱਜਣ ਵਾਲੇ ਲੋਕਾਂ ਦੇ ਸੁਖਾਵੇਂ ਦਾਖ਼ਲੇ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਸਟੇਡੀਅਮ ਵੱਲ ਆਉਣ ਵਾਲੀ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਪਾਰਕਿੰਗ ਆਦਿ ਦੇ ਵੀ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ, ਐਸ. ਡੀ. ਐਮ ਕਪੂਰਥਲਾ ਵਰਿੰਦਰ ਪਾਲ ਸਿੰਘ ਬਾਜਵਾ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ ਤੋਂ ਇਲਾਵਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ।