ਡੇਂਗੂ ਦੇ ਡੰਗ ਤੋਂ ਬਚਾਉਣ ਲਈ ਖੁਦ ਸੜਕਾਂ ਤੇ ਉੱਤਰੇ ਸਿਵਲ ਸਰਜਨ...!!!(ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 14 2019 15:40
Reading time: 4 mins, 28 secs

ਭਾਵੇਂ ਕਿ ਸੂਬੇ 'ਚ ਹਰੇਕ ਸਾਲ ਡੇਂਗੂ ਬੁਖਾਰ ਤੋਂ ਪੀੜਤ ਸੈਂਕੜੇ ਮਰੀਜ਼ ਪਾਏ ਜਾਂਦੇ ਹਨ ਅਤੇ ਵੱਡੀ ਗਿਣਤੀ 'ਚ ਮਰੀਜ਼ ਇਲਾਜ ਲਈ ਹਸਪਤਾਲਾਂ 'ਚ ਪਹੁੰਚਦੇ ਹਨ। ਡੇਂਗੂ ਤੋਂ ਪੀੜਤ ਕਈ ਬਦਕਿਸਮਤ ਮਰੀਜ਼ ਬਿਮਾਰੀ ਦੀ ਤਾਬ ਨਾ ਝੱਲਦੇ ਹੋਏ ਰੱਬ ਨੂੰ ਪਿਆਰੇ ਹੋ ਜਾਂਦੇ ਹਨ। ਡੇਂਗੂ ਬੁਖਾਰ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੱਧਣ ਨਾਲ ਲੋਕਾਂ 'ਚ ਦਹਿਸ਼ਤ ਫੈਲਣਾ ਵੀ ਸੁਭਾਵਿਕ ਹੋ ਜਾਂਦਾ ਹੈ। ਬਾਰਸ਼ ਅਤੇ ਗਰਮੀ ਦੇ ਮੌਸਮ ਦੌਰਾਨ ਹੋਣ ਵਾਲੀਆਂ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਵੱਲੋਂ ਚਲਾਈਆਂ ਜਾਣ ਵਾਲੀ ਗਤੀਵਿਧੀਆਂ ਦੌਰਾਨ ਗਲੀ ਮੁਹੱਲਿਆਂ 'ਚ ਫੀਵਰ ਸਰਵੇਖਣ ਕਰਵਾਇਆ ਜਾਂਦਾ ਹੈ। ਨਾਲ ਹੀ ਲੋਕਾਂ ਨੂੰ ਮੱਛਰਾਂ ਕਾਰਨ ਪੈਦਾ ਹੋਣ ਵਾਲੀਆਂ ਇਨ੍ਹਾਂ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ।

ਲਾਰਵਾ ਦੀ ਚੈਕਿੰਗ ਸਬੰਧੀ ਖੁਦ ਸੜਕਾਂ ਤੇ ਉਤਰੇ ਸਿਵਲ ਸਰਜਨ
ਡੇਂਗੂ ਵਿਰੋਧੀ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਹੁਣ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਖੁਦ ਸਿਹਤ ਅਧਿਕਾਰੀਆਂ ਦੀ ਟੀਮ ਨਾਲ ਸੜਕਾਂ ਤੇ ਉਤਰਦੇ ਹੋਏ ਫੀਵਰ ਸਰਵੇ ਤਹਿਤ ਫੇਜ਼-5 'ਚ ਡੋਰ ਟੂ ਡੋਰ ਜਾ ਕੇ ਘਰਾਂ 'ਚ ਮੱਛਰਾਂ ਦੇ ਲਾਰਵਾ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਘਰਾਂ ਅੰਦਰ ਕੂਲਰਾਂ, ਗਮਲਿਆਂ, ਕੰਟੇਨਰਾਂ ਆਦਿ ਦੀ ਖ਼ੁਦ ਜਾਂਚ-ਪੜਤਾਲ ਕੀਤੀ ਅਤੇ ਲੋਕਾਂ ਨੂੰ ਡੇਂਗੂ ਬੁਖ਼ਾਰ ਫੈਲਾਉਣ ਵਾਲੇ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਣ ਦੇ ਤਰੀਕਿਆਂ ਸਬੰਧੀ ਜਾਗਰੂਕ ਕੀਤਾ। ਚੈਕਿੰਗ ਮੁਹਿੰਮ 'ਚ 21 ਘਰਾਂ 'ਚ ਲਾਰਵਾ ਪਾਏ ਗਏ ਅਤੇ 6 ਮਕਾਨ ਮਾਲਕਾਂ ਦੇ ਚਲਾਣ ਕੱਟੇ ਗਏ। ਜ਼ਿਲ੍ਹਾ ਐਸ.ਏ.ਐਸ ਨਗਰ 'ਚ ਇੱਕੋ ਸਮੇਂ ਚਲਾਈ ਗਈ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਨੇ 1471 ਘਰਾਂ 'ਚ ਅਚਨਚੇਤ ਦਸਤਕ ਦਿੰਦੇ ਹੋਏ ਜਾਂਚ ਕੀਤੀ, ਜਿਨਾਂ ਵਿੱਚੋਂ 78 ਘਰਾਂ 'ਚ ਲਾਰਵਾ ਮਿਲਣ ਤੇ ਚਲਾਣ ਕੱਟੇ। ਜਦਕਿ 15 ਘਰਾਂ ਦੇ ਮਾਲਕਾਂ ਨੂੰ ਮੌਕੇ ਤੇ ਜੁਰਮਾਨਾ ਕੀਤਾ ਗਿਆ। ਨਾਲ ਹੀ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਦੁਬਾਰਾ ਲਾਰਵਾ ਮਿਲਣ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

1471 ਘਰਾਂ 'ਚ ਕੀਤਾ ਫੀਵਰ ਸਰਵੇ, 78 ਘਰਾਂ 'ਚ ਮਿਲੇ ਮੱਛਰਾਂ ਦੇ ਲਾਰਵਾ
ਚੈਕਿੰਗ ਮੁਹਿੰਮ ਸਬੰਧੀ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਲਿੰਦਰ ਕੌਰ ਨੇ ਦੱਸਿਆ ਕਿ ਇੱਕੋ ਸਮੇਂ ਪੂਰੇ ਜ਼ਿਲ੍ਹੇ 'ਚ ਚਲਾਈ ਗਈ ਡੇਂਗੂ ਵਿਰੋਧੀ ਮੁਹਿੰਮ ਦੌਰਾਨ 1471 ਘਰਾਂ ਦਾ ਸਰਵੇਖਣ ਕੀਤਾ ਗਿਆ। ਕੂਲਰਾਂ, ਗਮਲਿਆਂ ਸਮੇਤ ਕਰੀਬ 3622 ਪਾਣੀ ਵਾਲੇ ਕੰਟੇਨਰ ਚੈੱਕ ਕੀਤੇ ਗਏ। ਚੈਕਿੰਗ ਦੌਰਾਨ 78 ਘਰਾਂ 'ਚ ਪਾਏ ਗਏ ਮੱਛਰਾਂ ਦੇ ਲਾਰਵਾ ਨੂੰ ਨਸ਼ਟ ਕੀਤਾ ਗਿਆ ਅਤੇ ਚਲਾਨ ਕੱਟਕੇ 15 ਘਰਾਂ ਦੇ ਮਾਲਕਾਂ ਨੂੰ ਜੁਰਮਾਨਾ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਡੇਂਗੂ ਬੁਖ਼ਾਰ ਫੈਲਾਉਣ ਵਾਲੇ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਣਾ ਹੀ ਇਸ ਬਿਮਾਰੀ ਤੋਂ ਬਚਾਅ ਦਾ ਕਾਰਗਰ ਤਰੀਕਾ ਹੈ। ਹਫ਼ਤੇ 'ਚ ਇੱਕ ਦਿਨ ਕੂਲਰਾਂ ਅਤੇ ਫ਼ਰਿਜਾਂ ਦੀਆਂ ਟਰੇਆਂ ਨੂੰ ਖ਼ਾਲੀ ਕਰਕੇ ਸੁਕਾਇਆ ਜਾਵੇ। ਘਰਾਂ ਦੇ ਆਲੇ-ਦੁਆਲੇ  ਫੁੱਲਾਂ ਦੇ ਗਮਲਿਆਂ, ਟੁੱਟੇ ਫੁੱਟੇ ਭਾਂਡਿਆਂ ਅਤੇ ਕਿਸੇ ਵੀ ਥਾਂ ਪਾਣੀ ਜਮਾਂ ਨਾ ਹੋਣ ਦਿੱਤਾ ਜਾਵੇ। ਪਾਣੀ ਭਰੇ ਭਾਂਡਿਆਂ ਅਤੇ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਿਆ ਜਾਵੇ।

ਜੁਲਾਈ ਤੋਂ ਨਵੰਬਰ ਤੱਕ ਫੈਲਦਾ ਹੈ ਡੇਂਗੂ ਬੁਖਾਰ
ਡਾ. ਸ਼ਲਿੰਦਰ ਕੌਰ ਦਾ ਕਹਿਣਾ ਹੈ ਕਿ ਡੇਂਗੂ ਬੁਖ਼ਾਰ ਹੋਣ ਦਾ ਕੋਈ ਪੱਕਾ ਮੌਸਮ ਨਹੀਂ ਪਰ ਆਮ ਤੌਰ 'ਤੇ ਇਹ ਬੁਖ਼ਾਰ ਜੁਲਾਈ ਤੋਂ ਲੈ ਕੇ ਨਵੰਬਰ ਤਕ ਜ਼ਿਆਦਾ ਹੁੰਦਾ ਹੈ। ਜਿਸ ਕਾਰਨ ਇਨ੍ਹਾਂ ਮਹੀਨਿਆਂ ਦੌਰਾਨ ਜ਼ਿਆਦਾ ਚੌਕਸੀ ਅਤੇ ਸਾਵਧਾਨੀ ਦੀ ਜ਼ਰੂਰਤ ਹੈ। ਇਸ ਸਮੇਂ ਦੌਰਾਨ ਡੇਂਗੂ ਫੈਲਾਉਣ ਵਾਲੇ ਮੱਛਰ ਇੱਕ ਥਾਂ ਖੜੇ ਸਾਫ਼ ਪਾਣੀ 'ਚ ਪੈਦਾ ਹੁੰਦੇ ਹਨ। ਇਸ ਲਈ ਘਰਾਂ 'ਚ ਕੂਲਰਾਂ, ਗਮਲਿਆਂ, ਫ਼ਰਿਜਾਂ ਦੀਆਂ ਟਰੇਆਂ, ਟੈਂਕੀਆਂ ਆਦਿ ਦੀ ਲਗਾਤਾਰ ਸਫ਼ਾਈ ਕਰਨੀ ਚਾਹੀਦੀ ਹੈ ਅਤੇ ਜ਼ਿਆਦਾ ਦਿਨ ਪੁਰਾਣਾ ਪਾਣੀ ਖੜਾ ਨਹੀਂ ਰਹਿਣ ਦੇਣਾ ਚਾਹੀਦਾ। ਡੇਂਗੂ ਬੁਖ਼ਾਰ ਫੈਲਾਉਣ ਵਾਲਾ ਏਡੀਜ਼ ਅਜਿਪਟੀ ਮੱਛਰ ਦਿਨ ਵੇਲੇ ਕੱਟਦਾ ਹੈ, ਇਸ ਲਈ ਸਰੀਰ ਢੱਕ ਕੇ ਰੱਖਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ। ਨਾਲ ਹੀ ਹੱਥਾਂ ਪੈਰਾਂ ਤੇ ਨਾਰੀਅਲ ਤੇਲ ਅਤੇ ਮੱਛਰਾਂ ਤੋਂ ਬਚਾਅ ਵਾਲੀ ਕਰੀਮ ਲਗਾਉਣੀ ਚਾਹੀਦੀ ਹੈ।

ਕੀ ਹਨ ਡੇਂਗੂ ਬੁਖ਼ਾਰ ਦੇ ਲੱਛਣ
ਡੇਂਗੂ ਬੁਖਾਰ ਹੋਣ ਵਾਲੇ ਪੀੜਤ ਮਰੀਜ਼ 'ਚ ਇਸ ਬਿਮਾਰੀ ਦੇ ਆਮ ਲੱਛਣਾਂ ਵਿੱਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਤੇ ਜੋੜਾਂ ਵਿੱਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਚ ਦਰਦ, ਹਾਲਤ ਖ਼ਰਾਬ ਹੋਣ ਤੇ ਨੱਕ, ਮੂੰਹ ਅਤੇ ਮਸੂੜਿਆਂ ਵਿੱਚੋਂ ਖ਼ੂਨ ਵਗਣਾ, ਮਨ ਮਿਚਲਾਉਣਾ ਅਤੇ ਉਲਟੀਆਂ ਲੱਗਣਾ ਆਦਿ ਸ਼ਾਮਲ ਹਨ। ਜੇਕਰ ਬੁਖਾਰ ਤੋਂ ਪੀੜਤ ਕਿਸੇ ਮਰੀਜ਼ 'ਚ ਸ਼ੁਰੂਆਤੀ ਤੌਰ ਤੇ ਅਜਿਹੇ ਲੱਛਣ ਪਾਏ ਜਾਣ ਤਾਂ ਸਬੰਧਿਤ ਵਿਅਕਤੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਣਾ ਚਾਹੀਦਾ ਹੈ। ਖੂਨ ਦੀ ਜਾਂਚ ਕਰਵਾਕੇ ਇਲਾਜ ਕਰਵਾਉਣਾ ਚਾਹੀਦਾ ਹੈ।

ਸਾਵਧਾਨੀਆਂ ਵਰਤਕੇ ਹੋ ਸਕਦੈ ਡੇਂਗੂ ਤੋਂ ਬਚਾਅ
ਮੱਛਰਾਂ ਦੇ ਕੱਟੇ ਜਾਣ ਕਾਰਨ ਹੋਣ ਵਾਲੇ ਡੇਂਗੂ ਵਾਇਰਸ ਦੇ ਖਾਤਮੇ ਲਈ ਕੋਈ ਵੈਕਸੀਨ ਨਹੀਂ ਹੈ। ਮੱਛਰਾਂ ਤੋਂ ਬਚਾਅ ਲਈ ਸਾਫ ਸਫ਼ਾਈ ਰੱਖਕੇ ਅਤੇ ਸਾਵਧਾਨੀਆਂ ਵਰਤਕੇ ਹੀ ਡੇਂਗੂ ਬੁਖਾਰ ਤੋਂ ਬਚਿਆ ਜਾ ਸਕਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਡੇਂਗੂ ਬੁਖਾਰ ਹੋ ਵੀ ਜਾਂਦੈ ਤਾਂ ਬੁਖ਼ਾਰ ਤੋਂ ਬਚਾਅ ਲਈ ਘਰੇਲੂ ਇਲਾਜ ਅਤੇ ਗ਼ੈਰ-ਡਾਕਟਰੀ ਤਰੀਕੇ ਨਹੀਂ ਵਰਤਣੇ ਚਾਹੀਦੇ, ਅਜਿਹਾ ਕਰਨ ਨਾਲ ਬੁਖ਼ਾਰ ਘਟਣ ਦੀ ਬਜਾਏ ਵੱਧ ਜਾਂਦਾ ਹੈ ਅਤੇ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ। ਡੇਂਗੂ ਬੁਖ਼ਾਰ ਦੇ ਇਲਾਜ ਹਿੱਤ ਪਲੇਟਲੈਟਸ ਸੈੱਲ ਵਧਾਉਣ ਸਬੰਧੀ ਬੱਕਰੀ ਦਾ ਦੁੱਧ ਪੀਣਾ, ਕੀਵੀ ਅਤੇ ਪਪੀਤੇ ਜਿਹੇ ਫੱਲ ਖਾਣਾ ਕਿਸੇ ਵੀ ਤਰ੍ਹਾਂ ਅਸਰਦਾਰ ਨਹੀਂ ਹੁੰਦੇ ਹਨ। ਤੇਜ਼ ਬੁਖ਼ਾਰ ਹੋਣ ਦੀ ਹਾਲਤ 'ਚ ਤੁਰੰਤ ਨਜ਼ਦੀਕੀ ਹਸਪਤਾਲ ਜਾਂ ਸਿਹਤ ਕੇਂਦਰ ਜਾ ਕੇ ਮੁਆਇਨਾ ਕਰਵਾਇਆ ਜਾਵੇ। ਅਜਿਹੀ ਹਾਲਤ 'ਚ ਡਾਕਟਰੀ ਨਿਗਰਾਨੀ 'ਚ ਇਲਾਜ ਦੇ ਨਾਲ ਆਰਾਮ ਕਰਨਾ ਅਤੇ ਆਮ ਸ਼ੁੱਧ ਪਾਣੀ ਪੀਣਾ ਕਾਰਗਰ ਹੁੰਦਾ ਹੈ।

ਕੀ ਕਹਿਣਾ ਹੈ ਸਿਵਲ ਸਰਜਨ ਡਾ. ਮਨਜੀਤ ਸਿੰਘ ਦਾ ?
ਚੈਕਿੰਗ ਸਮੇਂ ਡਾ. ਮਨਜੀਤ ਸਿੰਘ ਨੇ ਲੋਕਾਂ ਨੂੰ ਕਿਹਾ ਕਿ ਸਮੂਹਿਕ ਯਤਨਾਂ ਨਾਲ ਹੀ ਡੇਂਗੂ ਜਿਹੀ ਜਾਨਲੇਵਾ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਮੱਛਰਾਂ ਨੂੰ ਕੰਟਰੋਲ ਕਰਨ ਦੀ ਸ਼ੁਰੂਆਤ ਘਰ ਤੋਂ ਹੀ ਹੋਣੀ ਚਾਹੀਦੀ ਹੈ। ਜਿੱਥੇ ਆਲੇ ਦੁਆਲੇ ਦੀ ਸਾਫ਼-ਸਫ਼ਾਈ ਜ਼ਰੂਰੀ ਹੈ, ਉੱਥੇ ਕਿਸੇ ਵੀ ਥਾਂ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਨਾਲ ਹੀ ਉਨ੍ਹਾਂ ਨੇ ਡੇਂਗੂ ਰੋਕਥਾਮ ਟੀਮਾਂ ਨੂੰ ਹਦਾਇਤ ਕੀਤੀ ਕਿ ਉਹ ਹੋਰ ਮਜ਼ਬੂਤੀ ਨਾਲ ਕੰਮ ਕਰਨ ਤਾਂ ਕਿ ਜ਼ਿਲ੍ਹੇ ਨੂੰ ਡੇਂਗੂ ਤੋਂ ਮੁਕਤ ਰੱਖਿਆ ਜਾ ਸਕੇ। ਇਸ ਅਚਨਚੇਤ ਚੈਕਿੰਗ ਦਾ ਮਕਸਦ ਇਹੋ ਹੈ ਕਿ ਲੋਕਾਂ ਨੂੰ ਡੇਂਗੂ ਸਬੰਧੀ ਜਾਗਰੂਕ ਕੀਤਾ ਜਾਵੇ ਤੇ ਨਾਲ ਹੀ ਡੇਂਗੂ ਵਿਰੋਧੀ ਟੀਮਾਂ ਨੂੰ ਹੋਰ ਦ੍ਰਿੜ੍ਹਤਾ ਨਾਲ ਕੰਮ ਕਰਨ ਲਈ ਪ੍ਰੇਰਿਆ ਜਾ ਸਕੇ।