ਸਿਹਤ ਵਿਭਾਗ 'ਚ ਨਵਨਿਯੁਕਤ 130 ਕਰਮਚਾਰੀਆਂ ਨੂੰ ਸਿਹਤ ਮੰਤਰੀ ਸਿੱਧੂ ਨੇ ਵੰਡੇ ਨਿਯੁਕਤੀ ਪੱਤਰ

Last Updated: Aug 13 2019 18:57
Reading time: 1 min, 18 secs

ਸੂਬੇ ਦੇ ਸਮੂਹ ਸਰਕਾਰੀ ਹਸਪਤਾਲਾਂ ਵਿੱਚ ਵਧੀਆ ਅਤੇ ਅਤਿ ਆਧੁਨਿਕ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਲਈ ਸਿਹਤ ਵਿਭਾਗ, ਪੰਜਾਬ ਪੂਰੀ ਤਰਾਂ ਨਾਲ ਵਚਨਬੱਧ ਹੈ। ਇਹ ਵਿਚਾਰ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਹਤ ਵਿਭਾਗ 'ਚ ਨਵ-ਨਿਯੁਕਤ ਹੋਏ 130 ਕਰਮਚਾਰੀਆਂ ਨੂੰ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਫ਼ੇਜ਼-6 ਦੇ ਆਡੀਟੋਰੀਅਮ ਵਿਖੇ ਨਿਯੁਕਤੀ ਪੱਤਰ ਵੰਡਣ ਮੌਕੇ ਪ੍ਰਗਟ ਕੀਤੇ। ਇਸ ਮੌਕੇ 55 ਏ.ਐਨ.ਐਮਜ਼, 35 ਸਟਾਫ਼ ਨਰਸਿਜ਼, 28 ਫਾਰਮਾਸਿਸਟ, 11 ਐਮ.ਐਲ.ਟੀ ਅਤੇ ਇੱਕ ਰੇਡੀਉਗ੍ਰਾਫਰ ਨੂੰ ਨਿਯੁਕਤੀ ਪੱਤਰ ਦਿੱਤੇ ਗਏ।

ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਨਵ-ਨਿਯੁਕਤ ਕਰਮਚਾਰੀਆਂ ਨੂੰ ਮੁਬਾਰਕਬਾਦ ਦਿੰਦੇ ਕਿਹਾ ਕਿ ਮੈਨੂੰ ਆਸ ਹੈ ਕਿ ਇਹ ਕਰਮਚਾਰੀ ਪੂਰੀ ਲਗਨ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣਗੇ। ਜ਼ਿੰਦਗੀ ਦਾ ਮਕਸਦ ਸਿਰਫ਼ ਪੈਸਾ ਕਮਾਉਣਾ ਨਹੀਂ ਹੋਣਾ ਚਾਹੀਦਾ, ਸਗੋਂ ਲੋਕ ਸੇਵਾ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਲੋਕਾਂ ਦੇ ਦੁੱਖ ਦੂਰ ਕਰਨ ਵਿੱਚ ਸਹਾਈ ਹੋ ਸਕੀਏ। ਉਨ੍ਹਾਂ ਕਿਹਾ ਕਿ ਸਿੱਖਿਆ ਤੇ ਸਿਹਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਤਰਜੀਹੀ ਖੇਤਰ ਹਨ ਅਤੇ ਸਿਹਤ ਸੇਵਾਵਾਂ ਨੂੰ ਹਰ ਵਰਗ ਦੇ ਲੋਕਾਂ ਦੇ ਦਰਵਾਜ਼ੇ ਤੱਕ ਪੁੱਜਦਾ ਕਰਨ ਲਈ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਸੂਬੇ ਦੇ 43 ਲੱਖ ਪਰਿਵਾਰਾਂ ਨੂੰ ਕੈਸ਼ ਲੈਸ ਸਿਹਤ ਬੀਮਾ ਯੋਜਨਾ ਉਪਲਬਧ ਕਰਵਾਉਂਦੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਦਾਇਰੇ 'ਚ ਲਿਆਂਦਾ ਜਾ ਰਿਹਾ ਹੈ, ਉੱਥੇ ਸਰਕਾਰੀ ਹਸਪਤਾਲਾਂ 'ਚ ਮਿਆਰੀ ਸਿਹਤ ਸਹੂਲਤਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ।

ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮਛਲੀ ਕਲਾਂ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਜਸਪਾਲ ਕੌਰ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਅਵਨੀਤ ਕੌਰ ਅਤੇ ਡਾਇਰੈਕਟਰ ਹੈਲਥ ਸਰਵਿਸਿਜ਼ ਪੰਜਾਬ (ਈ.ਐਸ.ਆਈ.) ਡਾ. ਜਗਪਾਲ ਸਿੰਘ ਬਾਸੀ ਆਦਿ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਮੁਲਾਜ਼ਮ ਵੀ ਮੌਜੂਦ ਸਨ।