ਰਵਿਦਾਸ ਮੰਦਿਰ ਢਾਹੁਣ ਦੇ ਵਿਰੋਧ 'ਚ ਭਾਈਚਾਰਕ ਜਥੇਬੰਦੀਆਂ ਨੇ ਕੀਤਾ ਰੋਸ ਪ੍ਰਦਰਸ਼ਨ, ਟਰੈਫ਼ਿਕ ਜਾਮ

Last Updated: Aug 13 2019 18:40
Reading time: 2 mins, 32 secs

ਕੁਝ ਦਿਨ ਪਹਿਲਾਂ ਦਿੱਲੀ ਦੇ ਤੁਗਲਕਾਬਾਦ ਇਲਾਕੇ 'ਚ ਸਥਿਤ ਸ਼੍ਰੀ ਗੁਰੂ ਰਵਿਦਾਸ ਮੰਦਿਰ ਨੂੰ ਪ੍ਰਸ਼ਾਸਨ ਵੱਲੋਂ ਢਹਾਏ ਜਾਣ ਬਾਅਦ ਸੂਬੇ ਅੰਦਰ ਇਹ ਮਾਮਲਾ ਭੱਖਦਾ ਜਾ ਰਿਹਾ ਹੈ। ਰਵਿਦਾਸ ਭਾਈਚਾਰੇ ਦੇ ਲੋਕਾਂ ਵੱਲੋਂ ਸੂਬੇ ਦੇ ਵੱਖ-ਵੱਖ ਸ਼ਹਿਰਾਂ ਅੰਦਰ ਰੋਸ ਪ੍ਰਦਰਸ਼ਨ ਕਰਦੇ ਹੋਏ ਜਾਮ ਲਗਾਏ ਜਾ ਰਹੇ ਹਨ ਅਤੇ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਮੰਦਿਰ ਨੂੰ ਢਾਹੁਣ ਦੇ ਵਿਰੋਧ 'ਚ ਰਵਿਦਾਸ ਭਾਈਚਾਰੇ ਨਾਲ ਸਬੰਧਿਤ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਰਵਿਦਾਸ ਭਾਈਚਾਰੇ ਦੇ ਸੰਗਠਨਾਂ ਵੱਲੋਂ ਖੰਨਾ ਸ਼ਹਿਰ ਦੇ ਜੀ.ਟੀ ਰੋਡ ਸਥਿਤ ਲਲਹੇੜੀ ਚੌਂਕ ਚ ਰੋਸ ਪ੍ਰਦਰਸ਼ਨ ਕਰਦੇ ਹੋਏ ਜੀ.ਟੀ ਜਾਮ ਕਰ ਦਿੱਤਾ ਗਿਆ। ਚੱਕਾ ਜਾਮ ਕਰਨ ਦੇ ਚੱਲਦੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਕਾਫੀ ਸਮਾਂ ਰੋਸ ਪ੍ਰਦਰਸ਼ਨ ਕਰਨ ਉਪਰੰਤ ਸੰਗਠਨਾਂ ਦੇ ਅਹੁਦੇਦਾਰਾਂ ਵੱਲੋਂ ਐਸਡੀਐਮ ਸੰਦੀਪ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਦੂਜੇ ਪਾਸੇ ਮੰਡੀ ਗੋਬਿੰਦਗੜ੍ਹ ਸ਼ਹਿਰ 'ਚ ਵੀ ਬੱਸ ਸਟੈਂਡ ਸਾਹਮਣੇ ਪੁੱਲ ਹੇਠਾਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜਾਮ ਲਗਾਇਆ। ਹਾਲਾਂਕਿ, ਕਿਸੇ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਵੱਡੀ ਗਿਣਤੀ 'ਚ ਪੁਲਿਸ ਅਧਿਕਾਰੀ ਅਤੇ ਫੋਰਸ ਤਾਇਨਾਤ ਸੀ।

ਦੱਸ ਦੇਈਏ ਕਿ ਦਿੱਲੀ ਸਥਿਤ ਸ਼੍ਰੀ ਗੁਰੂ ਰਵਿਦਾਸ ਮੰਦਿਰ ਨੂੰ ਦਿੱਲੀ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਮਦਦ ਨਾਲ ਢਾਹੁਣ ਦੇ ਖ਼ਿਲਾਫ਼ ਰਵਿਦਾਸ ਭਾਈਚਾਰੇ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਮੰਦਿਰ ਢਾਹੁਣ ਦੇ ਰੋਸ ਵਜੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬਾਅਦ ਦੇ ਸੱਦੇ ਦੇ ਸਬੰਧ 'ਚ ਰਵਿਦਾਸ ਭਾਈਚਾਰੇ ਨਾਲ ਸਬੰਧਿਤ ਸ਼ਹਿਰ ਦੇ ਪੀਰਖਾਨਾ ਰੋਡ ਸਥਿਤ ਸ਼੍ਰੀ ਗੁਰੂ ਰਵਿਦਾਸ ਮੰਦਿਰ 'ਚ ਮੀਟਿੰਗ ਕੀਤੀ ਗਈ। ਇਸ ਦੇ ਬਾਅਦ ਮੰਦਿਰ 'ਚੋਂ ਵੱਡੀ ਗਿਣਤੀ 'ਚ ਰਵਿਦਾਸ ਭਾਈਚਾਰੇ ਦੇ ਲੋਕਾਂ ਵੱਲੋਂ ਰੋਸ ਮਾਰਚ ਸ਼ੁਰੂ ਕੀਤਾ ਗਿਆ। ਇਹ ਰੋਸ ਮਾਰਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦੇ ਹੋਏ ਲਲਹੇੜੀ ਚੌਂਕ ਪੁੱਜਾ ਅਤੇ ਲੋਕਾਂ ਵੱਲੋਂ ਸੜਕ ਤੇ ਬੈਠਕੇ ਧਰਨਾ ਲਗਾ ਦਿੱਤਾ ਤੇ ਚੱਕਾ ਜਾਮ ਕਰ ਦਿੱਤਾ ਗਿਆ। ਹਾਲਾਂਕਿ, ਕੁਝ ਵਾਹਨ ਚਾਲਕਾਂ ਵੱਲੋਂ  ਪ੍ਰਦਰਸ਼ਨਕਾਰੀਆਂ ਦੇ ਨਾਲ ਤਿੱਖੀ ਤਕਰਾਰਬਾਜ਼ੀ ਵੀ ਹੋਈ।

ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਰਵਿਦਾਸ ਭਾਈਚਾਰੇ ਨਾਲ ਸਬੰਧਿਤ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਦਿੱਲੀ ਪ੍ਰਸ਼ਾਸਨ ਵੱਲੋਂ ਸ਼੍ਰੀ ਗੁਰੂ ਰਵਿਦਾਸ ਮੰਦਿਰ ਨੂੰ ਜ਼ਬਰਦਸਤੀ ਢਾਹ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਮੰਦਿਰ ਨੂੰ ਜੇਸੀਬੀ ਮਸ਼ੀਨਾਂ ਨਾਲ ਢਾਹਿਆ ਜਾਣਾ ਬਿਲਕੁਲ ਹੀ ਨਜਾਇਜ਼ ਕਾਰਵਾਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਮੰਦਿਰ ਦੇ ਮੁੱਦੇ ਤੇ ਕੋਈ ਹੱਲ ਨਹੀਂ ਨਿਕਲਦਾ, ਉਦੋਂ ਤੱਕ ਰਵਿਦਾਸ ਭਾਈਚਾਰੇ ਦਾ ਸੰਘਰਸ਼ ਇਸੇ ਤਰਾਂ ਲਗਾਤਾਰ ਜਾਰੀ ਰਹੇਗਾ। ਜੇਕਰ ਸਰਕਾਰ ਨੇ ਫੇਰ ਵੀ ਲੋਕਾਂ ਦੀ ਮੰਗ ਵੱਲ ਉਚਿੱਤ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

ਬੰਦ ਦੇ ਸੱਦੇ ਦੌਰਾਨ ਕੁਝ ਥਾਵਾਂ ਤੇ ਖੁੱਲ੍ਹੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਸਮੇਂ ਪ੍ਰਦਰਸ਼ਨਕਾਰੀਆਂ ਦੀ ਦੁਕਾਨਦਾਰਾਂ ਨਾਲ ਝੜਪ ਵੀ ਹੋਈ। ਪ੍ਰੰਤੂ ਮੌਕੇ ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਵੱਲੋਂ ਟਕਰਾਅ ਨੂੰ ਟਾਲ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਜੀ.ਟੀ ਰੋਡ ਤੇ ਜਾਮ ਵੀ ਲਗਾਇਆ ਗਿਆ, ਜਿਸ ਕਾਰਨ ਕਾਫੀ ਸਮੇਂ ਤੱਕ ਟਰੈਫ਼ਿਕ ਜਾਮ ਹੋ ਗਿਆ। ਇਸ ਮੌਕੇ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਪੀ (ਐਚ) ਬਲਵਿੰਦਰ ਸਿੰਘ ਭੀਖੀ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਸ਼ਾਂਤ ਕਰਵਾਇਆ ਅਤੇ ਜਾਮ ਨੂੰ ਖੁਲ੍ਹਵਾਇਆ। ਉਨ੍ਹਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਦੇ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਚੌਕਸ ਹੈ। ਕਿਸੇ ਵੀ ਵਿਅਕਤੀ ਨੂੰ ਅਮਨ ਤੇ ਕਾਨੂੰਨ ਦੀ ਸਥਿਤੀ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਸੰਬੰਧਿਤ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।