ਇੰਟਰਨੈੱਟ ਬੰਦ ਦੀ ਫੇਕ ਨਿਊਜ਼ ਨੇ ਲੋਕਾਂ ਦੇ ਸੁਕਾਏ ਸਾਹ !!!

Last Updated: Aug 13 2019 18:13
Reading time: 1 min, 17 secs

ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਰਵੀਦਾਸ ਭਾਈਚਾਰੇ ਦੇ ਵੱਲੋਂ ਦਿੱਲੀ ਵਿਖੇ ਗੁਰੂ ਰਵੀਦਾਸ ਜੀ ਦੇ ਮੰਦਰ ਢਾਹੇ ਜਾਣ ਦੇ ਵਿਰੋਧ ਵਜੋਂ ਪ੍ਰਦਰਸ਼ਨ ਕੀਤਾ ਗਿਆ। ਇਸੇ ਪ੍ਰਦਰਸ਼ਨ ਦੇ ਦੌਰਾਨ ਕਈ ਜਗ੍ਹਾਵਾਂ 'ਤੇ ਝੜਪਾਂ ਵੀ ਹੋਈਆਂ ਅਤੇ ਕਈ ਜਗ੍ਹਾਵਾਂ ਤੋਂ ਬੰਦੇ ਜ਼ਖਮੀ ਹੋਣ ਦੀਆਂ ਖ਼ਬਰਾਂ ਵੀ ਆਈਆਂ। ਪਰ.!! ਇਨ੍ਹਾਂ ਸਾਰੀਆਂ ਜਾਣਕਾਰੀਆਂ ਦੇ ਨਾਲ ਇੱਕ ਜਾਣਕਾਰੀ, ਜੋ ਕਿ ਅਫ਼ਵਾਹ ਬਣ ਕੇ ਸਾਹਮਣੇ ਆਈ ਉਹ ਇਹ ਸੀ ਕਿ ਤਿੰਨ ਵਜੇ ਤੋਂ ਬਾਅਦ ਪੰਜਾਬ, ਹਰਿਆਣਾ ਸਮੇਤ ਚੰਡੀਗੜ੍ਹ ਦੇ ਵਿੱਚ ਇੰਟਰਨੈੱਟ ਸੇਵਾ ਬੰਦ ਹੋ ਜਾਵੇਗੀ।

ਦਰਅਸਲ, ਇਹ ਮੈਸੇਜ ਇਨ੍ਹਾਂ ਕੁ ਜ਼ਿਆਦਾ ਵਾਇਰਲ ਹੋਇਆ ਕਿ, ਰੋਜ਼ਾਨਾ ਕਈ-ਕਈ ''ਜੀਬੀ'' ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਦੇ ਸਾਹ ਸੁੱਕ ਗਏ। ਜਦੋਂ ਇਸ ਸਬੰਧ ਵਿੱਚ ਅਸੀਂ ਕੁਝ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਦੇ ਅਧਿਕਾਰੀਆਂ ਤੋਂ ਇਲਾਵਾ ਬੀਐਸਐਨਐਲ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਵਾਇਰਲ ਸੁਨੇਹੇ ਸਬੰਧੀ ਸੱਚ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਅੱਗ ਵਾਂਗ ਇਹ ਸੁਨੇਹਾ ਫੈਲਾ ਦਿੱਤਾ ਗਿਆ ਕਿ ਅੱਜ 3 ਵਜੇ ਤੋਂ ਬਾਅਦ ਇੰਟਰਨੈੱਟ ਦੀ ਸੇਵਾ ਬੰਦ ਹੋ ਜਾਵੇਗੀ।

ਟੈਲੀਕਾਮ ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਵੀ ਨਿੱਜੀ ਜਾਂ ਫਿਰ ਸਰਕਾਰੀ ਕੰਪਨੀ ਨੂੰ ਸਰਕਾਰ ਦਾ ਅਜਿਹਾ ਆਦੇਸ਼ ਜਾਰੀ ਨਹੀਂ ਹੋਇਆ ਕਿ ਇੰਟਰਨੈੱਟ ਬੰਦ ਕਰਨਾ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਵਾਇਰਲ ਹੋ ਰਿਹਾ ਸੁਨੇਹਾ ਬਿਲਕੁਲ 'ਫੇਕ' ਹੈ ਅਤੇ ਲੋਕ ਇਸ ਸੁਨੇਹੇ ਦੇ ਵੱਲ ਧਿਆਨ ਨਾ ਦੇਣ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜਦੋਂ ਵੀ ਭਾਰਤ ਦੇ ਅੰਦਰ ਕੋਈ ਵੀ ਸੰਸਥਾ ਪ੍ਰਦਰਸ਼ਨ ਕਰਨ ਵਾਸਤੇ ਸੜਕਾਂ 'ਤੇ ਉਤਰਦੀ ਹੈ ਅਤੇ ਬੰਦ ਦਾ ਸੱਦਾ ਦਿੰਦੀ ਹੈ ਤਾਂ ਅਜਿਹੇ ਅਫ਼ਵਾਹਾਂ ਵਾਲੇ ਸੁਨੇਹੇ ਅਕਸਰ ਹੀ ਵਾਇਰਲ ਹੁੰਦੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਸੁਨੇਹੇ ਵਾਇਰਲ ਕਰਨ ਵਾਲਿਆਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।