ਅੰਗ ਦਾਨ ਕਰਨ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਦੀ ਲੋੜ- ਡਾ. ਮੁਲਤਾਨੀ

Last Updated: Aug 13 2019 17:58
Reading time: 1 min, 28 secs

ਵਿਸ਼ਵ ਅੰਗ ਦਾਨ ਦਿਵਸ ਦੇ ਮੌਕੇ ਤੇ ਦਫ਼ਤਰ ਸਿਵਲ ਸਰਜਨ ਫ਼ਾਜ਼ਿਲਕਾ ਵਿਖੇ ਸੋਸ਼ਲ ਵੈਲਫੇਅਰ ਸੋਸਾਇਟੀ ਫ਼ਾਜ਼ਿਲਕਾ ਦੇ ਪਦਾਧਿਕਾਰੀਆਂ ਨੇ ਸਿਵਲ ਸਰਜਨ ਡਾ. ਦਲੇਰ ਮੁਲਤਾਨੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸੰਸਥਾ ਵੱਲੋਂ ਕੀਤੀਆਂ ਜਾ ਰਹੀਆਂ ਸਮਾਜ ਭਲਾਈ ਦੀਆਂ ਗਤੀਵਿਧੀਆਂ ਬਾਰੇ ਸਿਵਲ ਸਰਜਨ ਨੂੰ ਜਾਣੂ ਕਰਵਾਇਆ। ਡਾ. ਮੁਲਤਾਨੀ ਨੇ ਸੋਸਾਇਟੀ ਦੇ ਸਮਾਜ ਪ੍ਰਤੀ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅੰਗ ਦਾਨ/ਅੱਖਾਂ ਦੇ ਦਾਨ ਲਈ ਵੀ ਸੋਸਾਇਟੀ ਕੰਮ ਕਰ ਰਹੀ ਹੈ ਪਰ ਇਸ ਸਬੰਧੀ ਹੋਰ ਵੀ ਬਹੁਤ ਕੁਝ ਕਰਨਾ ਬਾਕੀ ਹੈ। ਕਿਉਂਕਿ ਅੱਜਕੱਲ੍ਹ ਲੋਕ ਅੰਗ ਦਾਨ ਕਰਨ ਲਈ ਪ੍ਰੇਰਿਤ ਤਾਂ ਹੋ ਜਾਂਦੇ ਹਨ ਅਤੇ ਆਪਣਾ ਰਜਿਸਟ੍ਰੇਸ਼ਨ ਵੀ ਕਰਵਾ ਲੈਂਦੇ ਹਨ, ਪਰ ਮੌਤ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰ ਅੰਗ ਦਾਨ ਕਰਨ ਤੋਂ ਸੰਕੋਚ ਕਰਦੇ ਹਨ, ਜਿਸ ਕਰਕੇ ਭਾਰਤ ਵਿੱਚ ਅੰਗ ਦਾਨ ਬਹੁਤ ਘੱਟ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦਾ ਇੱਕ ਮੁੱਖ ਕਾਰਨ ਹੈ ਕਿ ਲੋਕਾਂ ਦੇ ਦਿਲਾਂ ਵਿੱਚ ਇਹ ਭਰਮ ਹੈ ਕਿ ਜੇਕਰ ਕਿਸੇ ਮ੍ਰਿਤਕ ਨੇ ਅੰਗ ਦਾਨ ਕਰ ਦਿੱਤਾ ਤਾਂ ਉਸ ਨੂੰ ਅਗਲੇ ਜਨਮ ਵਿੱਚ ਉਹ ਅੰਗ ਨਹੀਂ ਮਿਲੇਗਾ ਜੋ ਕਿ ਬਿਲਕੁਲ ਗਲਤ ਅਤੇ ਅਵਿਗਿਆਨਿਕ ਧਾਰਨਾ ਹੈ।

ਡਾ. ਮੁਲਤਾਨੀ ਨੇ ਕਿਹਾ ਕਿ ਸਾਇੰਸ ਮੁਤਾਬਿਕ ਸਰੀਰ ਦੇ ਅੰਗਾਂ ਦੀ ਬਣਤਰ ਮਾਂ ਦੇ ਸਰੀਰ, ਗਰਭਧਾਰਨ ਦੌਰਾਨ ਖ਼ੁਰਾਕ ਅਤੇ ਵਾਤਾਵਰਣ ਤੇ ਨਿਰਭਰ ਹੈ, ਨਾਲ ਹੀ ਇਹ ਵੀ ਕਿਹਾ ਕਿ ਅੰਗ ਦਾਨ ਕਰਨ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਪਵੇਗਾ ਤਾਂ ਕਿ ਮ੍ਰਿਤਕ ਦੇ ਸਰੀਰਕ ਅੰਗਾਂ ਦੀ ਸਹੀ ਵਰਤੋਂ ਹੋ ਸਕੇ। ਸੇਵਾ ਸੋਸਾਇਟੀ ਦੇ ਪ੍ਰਧਾਨ ਸ੍ਰੀ ਸ਼ਸ਼ੀਕਾਂਤ ਨੇ ਕਿਹਾ ਕਿ ਸੋਸਾਇਟੀ ਮੰਗ ਕਰਦੀ ਹੈ ਕਿ ਅੰਗ ਦਾਨੀ ਲਈ ਡਰਾਈਵਿੰਗ ਲਾਇਸੈਂਸ ਅਲੱਗ ਰੰਗ ਦਾ ਹੋਣਾ ਚਾਹੀਦਾ ਹੈ ਅਤੇ ਉਸ ਵਿੱਚ ਅੰਗ ਦਾਨ ਕਰਨ ਦੀ ਸਹਿਮਤੀ ਦਰਜ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਵਾਪਰਨ ਤੇ ਤੁਰੰਤ ਉਸ ਦੇ ਅੰਗਾਂ ਨੂੰ ਦਾਨ ਕਰਨ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਤੇ ਰਵੀ ਜੁਨੇਜਾ, ਬਾਬੂ ਲਾਲ ਅਰੋੜਾ, ਸੁਨੀਲ ਸੇਠੀ, ਅਨਿਲ ਧਾਮੂ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਮੌਜੂਦ ਸਨ।