ਪਾਣੀ, ਖਾਦਾਂ ਅਤੇ ਖੇਤੀ ਰਸਾਇਣਾਂ ਦੀ ਲੋੜ ਅਨੁਸਾਰ ਵਰਤੋਂ ਕਰਨ ਤੇ ਜ਼ੋਰ

Last Updated: Aug 13 2019 17:16
Reading time: 1 min, 46 secs

ਡਿਪਟੀ ਕਮਿਸ਼ਨਰ ਡੀ ਪੀ ਐਸ ਖਰਬੰਦਾ ਕਪੂਰਥਲਾ ਅਤੇ ਮੁੱਖ ਖੇਤੀਬਾੜੀ ਅਫਸਰ ਕੰਵਲਜੀਤ ਸਿੰਘ ਦੀਆਂ ਹਦਾਇਤਾਂ ਤੇ ਪਿੰਡ ਗਡਾਨੀ ਬਲਾਕ ਢਿਲਵਾਂ ਵਿਖੇ ਬਲਾਕ ਪੱਧਰ ਦਾ ਕੈਂਪ ਲਗਾਇਆ ਗਿਆ। ਜਿਸ ਵਿੱਚ ਆਸਪਾਸ ਦੇ ਕਿਸਾਨਾਂ ਨੇ ਭਾਗ ਲਿਆ। ਮਨਜੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਢਿਲਵਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਰਤੀ ਹੇਠਲੇ ਜ਼ਮੀਨੀ ਪਾਣੀ ਨੂੰ ਸੰਜਮ ਅਤੇ ਲੋੜ ਅਨੁਸਾਰ ਵਰਤਣਾ ਸਮੇਂ ਦੀ ਲੋੜ ਹੈ ਇਹ ਕੁਦਰਤੀ ਸੋਮਾ ਜੋ ਸਾਡੀ ਪਹਿਚਾਣ ਹੈ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ। ਹਰ ਸਾਲ ਜ਼ਮੀਨੀ ਪਾਣੀ ਦਾ ਪੱਧਰ 37 ਸੈਂਟੀਮੀਟਰ ਥੱਲੇ ਜਾ ਰਿਹਾ ਹੈ। ਜ਼ਮੀਨੀ ਪਾਣੀ ਦੇ ਥੱਲੇ ਜਾਣ ਦਾ ਮੁੱਖ ਕਾਰਣ ਝੋਨਾ ਫ਼ਸਲ ਹੈ, ਇਸ ਲਈ ਸਾਨੂੰ ਝੋਨੇ ਲਈ ਘੱਟ ਪਾਣੀ ਵਾਲੀਆਂ ਤਕਨੀਕਾਂ ਅਪਣਾ ਕੇ ਪਾਣੀ ਦੇ ਡਿਗਦੇ ਪੱਧਰ ਨੂੰ ਬਚਾਉਣਾ ਚਾਹੀਦਾ ਹੈ।

ਟ੍ਰੇਨਿੰਗ ਅਫਸਰ ਗੁਰਦੀਪ ਸਿੰਘ ਨੇ ਕਿਸਾਨਾਂ ਨੂੰ ਖੇਤੀ ਰਸਾਇਣ ਅਤੇ ਖਾਦਾਂ ਦੀ ਵਰਤੋਂ ਮਾਹਿਰਾਂ ਦੀ ਸਿਫ਼ਾਰਸ਼ ਅਤੇ ਲੋੜ ਅਨੁਸਾਰ ਹੀ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਬਾਸਮਤੀ ਦੀ ਅੰਤਰਰਾਸ਼ਟਰੀ ਮਿਆਰ ਦੀ ਬਾਸਮਤੀ ਦੀ ਪੈਦਾਵਾਰ ਕਰਨ ਲਈ ਐਸੀਫੇਟ, ਥਾਇਉਮੀਥਾਕਸਮ, ਟ੍ਰਾਈਐਜੋਫਾਸ, ਬੂਪਰੋਫੈਜਿਨ, ਕਾਰਬੋਫੂਰਾਨ, ਕਾਰਬੇਂਡਾਜਿਮ, ਟ੍ਰਾਈਸਾਈਕਲਾਜੋਲ, ਪ੍ਰੋਪੀਕੋਨਾਜੋਲ,ਥਾਇਉਫੀਨੇਟ ਮੀਥਾਇਲ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਕਿਉਂਕਿ ਇਸ ਨਾਲ ਬਾਸਮਤੀ ਦੇ ਚੌਲਾਂ ਵਿੱਚ ਜ਼ਹਿਰਾਂ ਦੇ ਅੰਸ਼ ਮਾਪਦੰਡ ਤੋਂ ਵੱਧ ਜਾਣ ਕਾਰਣ ਬਾਸਮਤੀ ਦੇ 50,000 ਕਰੋੜ ਦੇ ਅੰਤਰਰਾਸ਼ਟਰੀ ਵਪਾਰ ਨੂੰ ਪ੍ਰਭਾਵਿਤ ਕਰਦੇ ਹਨ। ਉਨ੍ਹਾਂ ਇਹਨਾਂ ਰਸਾਇਣਾਂ ਦੇ ਬਦਲੇ ਪੰਜਾਬ ਖੇਤੀਬਾੜੀ ਵੱਲੋਂ ਸਿਫ਼ਾਰਸ਼ ਰਸਾਇਣ ਵਰਤ ਲਏ ਜਾਣ ਲਈ ਕਿਹਾ। ਉਨ੍ਹਾਂ ਕਿਸੇ ਵੀ ਜ਼ਹਿਰ ਵਰਤਦੇ ਸਮੇਂ ਖੇਤੀਬਾੜੀ ਮਾਹਿਰਾਂ ਦੀ ਸਲਾਹ ਲੈਣ ਦੀ ਵੀ ਅਪੀਲ ਕੀਤੀ। ਸ੍ਰੀ ਰਾਮ ਕੰਪਨੀ ਦੇ ਨੁਮਾਇੰਦੇ ਵੱਲੋਂ ਵੀ ਮੱਕੀ ਦੀ ਕਾਸ਼ਤ ਬਾਰੇ ਅਤੇ ਖਾਦਾਂ ਦੀ ਵਰਤੋਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ।

ਇਸ ਮੌਕੇ ਕਿਸਾਨ ਜਗਰੂਪ ਸਿੰਘ ਪਿੰਡ ਬੂਟ ਵੱਲੋਂ ਝੋਨੇ ਤੇ ਬਿਨਾਂ ਦਾਣੇਦਾਰ ਜ਼ਹਿਰਾਂ ਵਰਤ ਕੇ ਪੂਰਾ ਝਾੜ ਲੈਣ ਦੇ ਤਜਰਬੇ ਵੀ ਸਾਂਝੇ ਕੀਤੇ ਅਤੇ ਕਿਸਾਨਾਂ ਨੂੰ ਦਾਣੇਦਾਰ ਜ਼ਹਿਰਾਂ ਨਾ ਵਰਤਣ ਦੀ ਅਪੀਲ ਵੀ ਕੀਤੀ। ਪਿੰਡ ਹੈਬਤਪੁਰ ਵਿਖੇ ਕਿਸਾਨ ਰੁਪਿੰਦਰ ਸਿੰਘ ਭੁੱਲਰ ਵੱਲੋਂ ਲਗਾਏ ਵੱਟਾਂ ਤੇ ਝੋਨੇ ਦੇ ਤਜਰਬੇ ਵੀ ਸਾਂਝੇ ਕੀਤੇ ਗਏ। ਕੈਂਪ ਉਪਰੰਤ ਪਿੰਡ ਦੇ ਕਿਸਾਨ ਵੱਲੋਂ ਬਿਨਾਂ ਜ਼ਹਿਰਾਂ ਦੀ ਵਰਤੋਂ ਕੀਤੇ ਬਾਸਮਤੀ ਦੀ ਪੈਦਾਵਾਰ ਦੇ ਖੇਤ ਦਾ ਨਿਰੀਖਣ ਵੀ ਕੀਤਾ ਗਿਆ। ਇਸ ਮੌਕੇ ਪਿੰਡ ਗਡਾਨੀ ਦੇ ਸਰਪੰਚ ਸਤਪਾਲ ਸਿੰਘ, ਨੰਬਰਦਾਰ ਅਮਰੀਕ ਸਿੰਘ, ਜੁਗਿੰਦਰ ਸਿੰਘ ਅਤੇ ਅਮਰਜੀਤ ਸਿੰਘ, ਰਣਜੀਤ ਸਿੰਘ ਕਿਸਾਨਾਂ ਤੋਂ ਇਲਾਵਾ ਗੁਰਜੀਤ ਸਿੰਘ ਖੇਤੀ ਵਿਸਥਾਰ ਅਫਸਰ,ਖੇਤੀਬਾੜੀ ਸਬ-ਇੰਸਪੈਕਟਰ ਹਰਗੁਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਬੀਟੀਐਮ ਢਿਲਵਾਂ ਵੀ ਮੌਜੂਦ ਸਨ।