ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਬੋਰਡ ਵੱਲੋਂ ਮਹਾਰਾਸ਼ਟਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੰਡੀ ਗਈ ਰਾਹਤ ਸਮਗਰੀ: ਡੀ ਪੀ ਸਿੰਘ ਚਾਵਲਾ

Last Updated: Aug 13 2019 16:48
Reading time: 0 mins, 57 secs

ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਬੋਰਡ ਦੇ ਪ੍ਰਸ਼ਾਸਨਿਕ ਅਧਿਕਾਰੀ ਸਰਦਾਰ ਡੀ ਪੀ ਸਿੰਘ ਚਾਵਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਰਾਸ਼ਟਰ ਦੇ ਕੋਹਲਾਪੁਰ ਅਤੇ ਸਾਂਗਲੀ ਦੇ ਇਲਾਕਿਆਂ ਵਿੱਚ ਆਏ ਹੜ੍ਹ ਕਾਰਣ ਉੱਥੋਂ ਦੇ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਜਿਸ ਕਰਕੇ ਤਖ਼ਤ ਸੱਚਖੰਡ ਬੋਰਡ ਵੱਲੋਂ ਇਨ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਸਮਗਰੀ ਭੇਜੀ ਗਈ ਹੈ। ਸਰਦਾਰ ਚਾਵਲਾ ਨੇ ਦੱਸਿਆ ਕਿ ਉਹ ਆਪ ਖ਼ੁਦ ਰਾਹਤ ਸਮਗਰੀ ਵੰਡਣ ਵਾਲੇ ਸੇਵਾਦਾਰਾਂ ਦੇ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਗਏ ਹਨ ਤੇ ਲੋਕਾਂ ਨੂੰ ਖਾਣ ਦੀਆਂ ਵਸਤਾਂ ਦੇਣ ਦੇ ਨਾਲ-ਨਾਲ ਕੱਪੜੇ ਆਦਿ ਵੀ ਵੰਡੇ ਜਾ ਰਹੇ ਹਨ।

ਚਾਵਲਾ ਨੇ ਦੱਸਿਆ ਜਿੱਥੇ ਬੋਰਡ ਵੱਲੋਂ ਅਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ ਉੱਥੇ ਬੋਰਡ ਦੇ ਚੇਅਰਮੈਨ ਸਰਦਾਰ ਭਪਿੰਦਰ ਸਿੰਘ ਮਿਨਹਾਸ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਲੋਕਾਂ ਦੀ ਸਹਾਇਤਾ ਲਈ ਆਪਣੇ ਵੱਲੋਂ 50 ਲੱਖ ਦਾ ਯੋਗਦਾਨ ਮੁੱਖ ਮੰਤਰੀ ਰਾਹਤ ਫ਼ੰਡ ਵਿੱਚ ਪਾਇਆ ਗਿਆ ਹੈ ਤਾਂ ਜੋ ਸਰਕਾਰ ਵੱਲੋਂ ਵੀ ਅਜਿਹੇ ਲੋਕਾਂ ਦੀ ਮਦਦ ਵਿੱਚ ਕੋਈ ਕਮੀ ਨਾ ਰੱਖੀ ਜਾ ਸਕੇ। ਡੀ ਪੀ ਸਿੰਘ ਨੇ ਦੱਸਿਆ ਕਿ ਜੋ ਇਲਾਕੇ ਪ੍ਰਭਾਵਿਤ ਹੋਏ ਹਨ ਉੱਥੋਂ ਦੇ ਲੋਕਾਂ ਦੀ ਹਾਲਾਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ ਜਿਨ੍ਹਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦਾ ਕੰਮ ਸਰਕਾਰ ਅਤੇ ਆਰਮੀ ਦੇ ਸਹਿਯੋਗ ਨਾਲ ਵੀ ਨੇਪਰੇ ਚਾੜ੍ਹਿਆ ਜਾ ਰਿਹਾ ਹੈ।