ਐੱਸ.ਡੀ.ਐੱਮ. ਬਲਬੀਰ ਰਾਜ ਸਿੰਘ ਬਟਾਲਾ ਵਿਖੇ ਲਹਿਰਾਉਣਗੇ ਤਿਰੰਗਾ ਝੰਡਾ

Last Updated: Aug 13 2019 16:27
Reading time: 1 min, 3 secs

ਇਤਿਹਾਸਕ ਅਤੇ ਸਨਅਤੀ ਸ਼ਹਿਰ ਬਟਾਲਾ ਵਿਖੇ 15 ਅਗਸਤ ਨੂੰ 73ਵਾਂ ਅਜ਼ਾਦੀ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਬਟਾਲਾ ਵਿਖੇ ਤਹਿਸੀਲ ਪੱਧਰੀ ਅਜ਼ਾਦੀ ਦਿਵਸ ਸਮਾਗਮ ਮੌਕੇ ਐੱਸ.ਡੀ.ਐੱਮ. ਬਟਾਲਾ ਸ੍ਰੀ ਬਲਬੀਰ ਰਾਜ ਸਿੰਘ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।

ਬਟਾਲਾ ਦੇ ਤਹਿਸੀਲਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਅਜ਼ਾਦੀ ਦਿਵਸ ਸਮਾਗਮ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਦੇ ਰਾਜੀਵ ਗਾਂਧੀ ਸਟੇਡੀਅਮ ਵਿਖੇ ਹੋਵੇਗਾ। ਉਨ੍ਹਾਂ ਕਿਹਾ ਕਿ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ 14 ਅਗਸਤ ਨੂੰ ਰਾਜੀਵ ਗਾਂਧੀ ਸਟੇਡੀਅਮ ਵਿਖੇ ਫੁੱਲ ਡਰੈੱਸ ਰਿਹਰਸਲ ਹੋਵੇਗੀ।

ਤਹਿਸੀਲਦਾਰ ਬਟਾਲਾ ਨੇ ਦੱਸਿਆ 15 ਅਗਸਤ ਨੂੰ ਅਜ਼ਾਦੀ ਦਿਹਾੜਾ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ ਅਤੇ ਐੱਸ.ਡੀ.ਐੱਮ. ਬਟਾਲਾ ਸ੍ਰੀ ਬਲਬੀਰ ਰਾਜ ਸਿੰਘ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ, ਪੰਜਾਬ ਮਹਿਲਾ ਪੁਲਿਸ, ਪੰਜਾਬ ਹੋਮਗਾਰਡ, ਸਿਵਲ ਡਿਫੈਂਸ, ਐਨ.ਸੀ.ਸੀ. ਕੈਡਿਟਸ ਅਤੇ ਸਕੂਲਾਂ ਦੀਆਂ ਬੈਂਡ ਟੀਮਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਜਾਵੇਗਾ। ਇਸ ਮੌਕੇ ਸਕੂਲੀ ਵਿਦਿਆਰਥੀ ਦੇਸ਼ ਭਗਤੀ ਅਤੇ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੇ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕਰਨਗੇ। 

ਤਹਿਸੀਲਦਾਰ ਬਟਾਲਾ ਨੇ ਅਜ਼ਾਦੀ ਸਮਾਗਮ ਵਿੱਚ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਹਾਜ਼ਰੀ ਯਕੀਨੀ ਬਣਾਈ ਹੈ। ਇਸ ਤੋਂ ਇਲਾਵਾ ਉਨ੍ਹਾਂ ਤਹਿਸੀਲ ਦੇ ਸਮੂਹ ਨਾਗਰਿਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਕਿ ਉਹ 15 ਅਗਸਤ ਨੂੰ ਅਜ਼ਾਦੀ ਦਿਹਾੜੇ ਮੌਕੇ ਰਾਜੀਵ ਗਾਂਧੀ ਸਟੇਡੀਅਮ ਬਟਾਲਾ ਵਿਖੇ ਸਵੇਰੇ 8:30 ਵਜੇ ਹੁਮ-ਹੁਮਾ ਕੇ ਪਹੁੰਚਣ ਤਾਂ ਜੋ ਇਸ ਕੌਮੀ ਤਿਉਹਾਰ ਨੂੰ ਰਲ-ਮਿਲ ਕੇ ਪੂਰੇ ਚਾਵਾਂ ਨਾਲ ਮਨਾਇਆ ਜਾ ਸਕੇ।