ਆਰ.ਐਸ.ਐਸ ਤੇ ਵਿਸ਼ਵ ਹਿੰਦੂ ਪਰਿਸ਼ਦ ਵੀ ਰਾਮਦਾਸੀਆ ਸਮਾਜ ਨਾਲ ਆ ਖੜੀ ਹੋਈ, ਸੌਂਪਿਆ ਮੰਗ ਪੱਤਰ

Last Updated: Aug 13 2019 16:20
Reading time: 1 min, 5 secs

ਦੇਸ਼ ਭਰ 'ਚ ਦਿੱਲੀ ਦੇ ਤੁਗਲਕਾਬਾਦ 'ਚ ਦਹਾਕਿਆਂ ਪੁਰਾਣੇ ਮੰਦਰ ਨੂੰ ਤੋੜੇ ਜਾਣ ਤੋਂ ਬਾਅਦ ਡੀ.ਡੀ.ਏ ਅਤੇ ਉੱਥੋਂ ਦੀ ਸਰਕਾਰ ਖ਼ਿਲਾਫ਼ ਸੰਤ ਸ਼ਿਰੋਮਣੀ ਰਵਿਦਾਸ ਨਾਲ ਸਬੰਧਿਤ ਰਾਮਦਾਸੀਆ ਸਮਾਜ ਸਮੇਤ ਹੋਰ ਦਲਿਤ ਵਰਗ ਨਾਲ ਸਬੰਧਿਤ ਜੱਥੇਬੰਦੀਆਂ ਵੱਲੋਂ ਮੰਦਰ ਢਾਹੇ ਜਾਣ ਦੀ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਲੋਕਾਂ 'ਚ ਰੋਸ ਵਧਦਾ ਜਾ ਰਿਹਾ ਹੈ। ਇਸ ਵਿਰੋਧ ਦੇ ਚਲਦਿਆਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਲੋਕਾਂ ਦਾ ਰੋਸ ਸੜਕਾਂ 'ਤੇ ਆ ਗਿਆ ਹੈ ਅਤੇ ਆਉਂਦੇ ਦਿਨਾਂ 'ਚ ਇਹ ਰੋਸ ਹੋਰ ਵਧਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ।

ਸਮਾਜ ਦੇ ਇਸ ਰੋਸ 'ਚ ਭਾਜਪਾ ਦੀ ਮਾਂ ਪਾਰਟੀ ਆਰ.ਐਸ.ਐਸ ਸਣੇ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਵੀ ਆਪਣਾ ਸਮਰਥਨ ਦਿੱਤਾ ਗਿਆ ਹੈ ਅਤੇ ਡੀ.ਡੀ.ਏ ਦੀ ਕਾਰਵਾਈ ਦੀ ਪੁਰਜ਼ੋਰ ਸ਼ਬਦਾਂ 'ਚ ਨਿਖੇਧੀ ਕੀਤੀ ਜਾ ਰਹੀ ਹੈ। ਇਸ ਸੰਦਰਭ 'ਚ ਆਰ.ਐਸ.ਐਸ ਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂਆਂ ਦਾ ਇੱਕ ਵਫ਼ਦ ਜ਼ਿਲ੍ਹਾ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਤੇ ਉਨ੍ਹਾਂ ਨੇ ਇੱਕ ਮੰਗ ਪੱਤਰ ਸੌਂਪਿਆ, ਜਿਸ ਵਿੱਚ ਗੁਰੂ ਰਵਿਦਾਸ ਦੇ ਮੰਦਰ ਨੂੰ ਢਾਹੇ ਜਾਣ ਨਾਲ ਸਮਾਜ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਅਤੇ ਇਸ ਠੇਸ ਦੀ ਭਰਪਾਈ ਕਰਵਾਏ ਜਾਣ ਦਾ ਹਵਾਲਾ ਦਿੱਤਾ ਗਿਆ ਹੈ। ਇਸ ਮੌਕੇ 'ਤੇ ਆਰ.ਐਸ.ਐਸ ਦੇ ਵਿਭਾਗ ਸੰਪਰਕ ਮੁਖੀ ਵਿਨੀਤ ਚੋਪੜਾ, ਵਿਸ਼ਵ ਹਿੰਦੂ ਪਰਿਸ਼ਦ ਦੇ ਜ਼ਿਲ੍ਹਾ ਮਹਾਮੰਤਰੀ ਲਲਿਤ ਸੋਨੀ, ਹਰਿਆਲੀ ਪੰਜਾਬ ਮਿਸ਼ਨ ਦੇ ਜ਼ਿਲ੍ਹਾ ਸੰਯੋਜਕ ਡਾ.ਵਿਸ਼ਾਲ ਤਨੇਜਾ, ਸੁਨੀਲ ਵਧਵਾ, ਜਿਤੇੰਦਰ ਸੋਨੀ, ਚਿੰਟੂ ਜੁਨੇਜਾ ਸਣੇ ਬਜਰੰਗ ਦਲ ਦੇ ਆਗੂ ਵੀ ਹਾਜ਼ਰ ਸਨ।