ਕਸ਼ਮੀਰੀ ਵਿਦਿਆਰਥੀ ਡਰਨ ਦੀ ਬਜਾਏ ਲਗਨ ਨਾਲ ਕਰਨ ਪੜਾਈ, ਸੁਰੱਖਿਆ ਬੰਦੋਬਸਤ ਮਜ਼ਬੂਤ-ਡੀ.ਸੀ ਗੋਇਲ

Last Updated: Aug 07 2019 18:19
Reading time: 2 mins, 14 secs

ਜੰਮੂ-ਕਸ਼ਮੀਰ ਸੂਬੇ ਸੰਬੰਧੀ ਧਾਰਾ-370 ਨੂੰ ਲੈ ਕੇ ਦੇਸ਼ ਅਤੇ ਖਾਸ ਕਰਕੇ ਜੰਮੂ ਕਸ਼ਮੀਰ ਅੰਦਰ ਬਣੀ ਸਥਿਤੀ ਦੇ ਮੱਦੇਨਜ਼ਰ ਜਿਲ੍ਹਾ ਫਤਹਿਗੜ ਸਾਹਿਬ ਅੰਦਰ ਪੈਂਦੇ ਵਿਦਿਅਕ ਸੰਸਥਾਵਾਂ ਚ ਪੜਨ ਵਾਲੇ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਸੰਬੰਧੀ ਡਿਪਟੀ ਕਮਿਸ਼ਨਰ ਡਾ.ਪ੍ਰਸ਼ਾਂਤ ਕੁਮਾਰ ਗੋਇਲ ਵੱਲੋਂ ਜਿਲ੍ਹਾ ਪੱਧਰੀ ਪੀਸ ਕਮੇਟੀ ਅਤੇ ਵੱਖ-ਵੱਖ ਧਰਮਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਉੱਚ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਜਿਲੇ ਅੰਦਰ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਅਤੇ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਡਾ.ਪ੍ਰਸ਼ਾਂਤ ਕੁਮਾਰ ਗੋਇਲ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੀ ਸਥਿਤੀ ਨੂੰ ਮੁੱਖ ਰੱਖਦੇਹੋਏ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਹਨ ਅਤੇ ਜ਼ਿਲੇ ਚ ਮੁਕੰਮਲ ਤੌਰ 'ਤੇ ਅਮਨ ਸ਼ਾਂਤੀ ਕਾਇਮ ਹੈ। ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ਲੈ ਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਨਹੀਂ ਕਰਨ ਦਿੱਤਾ ਜਾਵੇਗਾ। ਗੈਰ ਸਮਾਜਕ ਅਤੇ ਸ਼ਰਾਰਤੀ ਅਨਸਰਾਂ ਦੇ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ।

ਇਸ ਮੌਕੇ ਡੀ.ਸੀ ਡਾ.ਪ੍ਰਸ਼ਾਂਤ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜ਼ਿਲੇ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਚ ਸਿੱਖਿਆ ਹਾਸਲ ਕਰ ਰਹੇ ਕਸ਼ਮੀਰੀ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਕਸ਼ਮੀਰੀ ਵਿਦਿਆਰਥੀਆਂ ਨੂੰ ਡਰਨ ਦੀ ਜਰੂਰਤ ਨਹੀਂ ਸਗੋਂ ਉਹ ਆਪਣੀ ਪੜਾਈ ਨੂੰ ਲਗਨ ਤੇ ਮਿਹਨਤ ਨਾਲ ਜਾਰੀ ਰੱਖਣ ਅਤੇ ਪ੍ਰਸ਼ਾਸ਼ਨ ਵੱਲੋਂ ਉਨਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜੇਕਰ ਕੋਈ ਸਮਾਜ ਵਿਰੋਧੀ ਅਨਸਰ ਵਿਦਿਆਰਥੀਆਂ ਨੂੰ ਡਰਾਉਂਦਾ ਧਮਕਾਉਂਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਜਾਂ ਸਿਵਲ ਪ੍ਰਸ਼ਾਸ਼ਨ ਨੂੰ ਦਿੱਤੀ ਜਾਵੇ। ਉਨਾਂ ਨੇ ਲੋਕਾਂ ਨੂੰ ਵਟਸਐਪ ਆਦਿ ਸੋਸ਼ਲ ਮੀਡੀਆ ਤੇ ਫੈਲਾਈਆਂ ਜਾਣ ਵਾਲੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਐਸ.ਪੀ (ਐਚ) ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਖਤ ਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਜ਼ਿਲੇ ਚ ਪੈਂਦੇ ਵਿਦਿਅਕ ਸੰਸਥਾਵਾਂ ਦੇ ਆਸਪਾਸ ਪੁਲਿਸ ਮੁਲਾਜ਼ਮਾਂ ਦੀ ਪੈਟਰੋਲਿੰਗ ਵਧਾ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਮਾਜ ਵਿਰੋਧੀ ਅਨਸਰਾਂ ਅਤੇ ਸ਼ੱਕੀ ਵਿਅਕਤੀਆਂ ਸੰਬੰਧੀ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਚ ਸੂਚਨਾ ਦਿੱਤੀ ਜਾਵੇ ਤਾਂ ਕਿ ਉਨ੍ਹਾਂ ਨੂੰ ਮੌਕੇ ਤੇ ਕਾਬੂ ਕੀਤਾ ਜਾ ਸਕੇ। ਮੀਟਿੰਗ ਦੌਰਾਨ ਅਸਿਸਟੈਂਟ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਸਹਾਇਕ ਕਮਿਸ਼ਨਰ (ਜਨਰਲ) ਚਰਨਜੀਤ ਸਿੰਘ, ਰੋਜ਼ਾ ਸ਼ਰੀਫ ਦੇ ਖਲੀਫਾ ਸਯੱਦ ਸਾਦਿਕ ਰਜਾ, ਕਾਂਗਰਸ ਘੱਟ ਗਿਣਤੀ ਸੈਲ ਦੇ ਚੇਅਰਮੈਨ ਸੈਫ ਅਹਿਮਦ, ਕਮੇਟੀ ਮੈਂਬਰ ਦਿਲਬਾਗ ਬਾਗੀ, ਮਾਘੀ ਖਾਂ, ਕ੍ਰਿਸ਼ਨ ਲਾਲ, ਫਾਦਰ ਆਈ ਬਿਨ ਥਾਮਸ, ਜੋਆਇ ਕੋਟੀ, ਸਾਬੂ ਡੈਨੀਅਲ, ਗੁਰਮੁੱਖ ਸਿੰਘ ਪੰਡਰਾਲੀ, ਬ੍ਰਹਮ ਕੁਮਾਰੀ ਭੈਣਜੀ ਨੀਲਿਮਾ ਸਮੇਤ ਹੋਰ ਮੈਂਬਰ ਵੀ ਮੌਜੂਦ ਸਨ। ਸਮੂਹ ਮੈਂਬਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਜ਼ਿਲੇ ਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਜ਼ਿਲਾ ਪ੍ਰਸ਼ਾਸ਼ਨ ਨੂੰ ਹਰ ਤਰਾਂ ਨਾਲ ਸਹਿਯੋਗ ਦੇਣਗੇ।