ਇੱਜਤਾਂ ਵਾਲੇ ਇਹਦੇ ਨਾਂ

Last Updated: Aug 07 2019 17:37
Reading time: 1 min, 12 secs

ਨੱਬੇ ਵਿਆਂ ਕੁ ਵੇਲਿਆਂ ਦੀ ਗੱਲ ਏ, ਕਿਸੇ ਪਿੰਡ ਦਾ ਕੋਈ ਮੁੰਡਾ ਅਮਰੀਕਾ ਤੋਂ ਇੱਕ ਗੋਰੀ ਵਿਆਹ ਲਿਆਇਆ, ਉਹਦੇ ਤਾਏ ਦੇ ਪੁੱਤਰ ਦਾ ਵਿਆਹ ਸੀ ਤਾਂ ਉਹ ਗੋਰੀ ਨੂੰ ਵੀ ਨਾਲ 
ਹੀ ਪੰਜਾਬ ਲੈ ਆਇਆ।
ਸਾਰੇ ਪਿੰਡ 'ਚ ਰੌਲਾ ਪੈ ਗਿਆ ਵੀ ਫਲਾਣਿਆਂ ਦੇ ਘਰ ਗੋਰੀ ਆਈ ਏ।
ਵਿਆਹ ਵਾਲੇ ਘਰ ਕੜਾਹੀ ਚੜ ਗਈ , ਤਾਂ ਪਹਿਲਾਂ ਆਮ ਪਿੰਡਾਂ ਚ ਹੁੰਦਾ ਸੀ ਵੀ ਕੜਾਹੀ ਤੇ ਪਿੰਡ ਦੇ ਪੰਦਰਾਂ ਵੀਹ ਬੰਦੇ ਆਮ ਹੀ ਇੱਕਠੇ ਹੋ ਜਾਂਦੇ ਸੀ ਕੰਮ ਕਰਨ ਲਈ।
ਸਾਰਿਆਂ ਨੂੰ ਗੋਰੀ ਨੂੰ ਵੇਖਣ ਦਾ ਬੜਾ ਚਾਅ। ਉਨ੍ਹਾਂ ਦੇ ਘਰ ਤਾਂ ਕੁੱਝ ਜ਼ਿਆਦਾ ਹੀ ਇੱਕਠ ਹੋ ਗਿਆ।
ਅਖੀਰ ਪਿੰਡ ਦਾ ਇੱਕ ਸਿਆਣਾਂ ਜਿਹਾ ਬਜ਼ੁਰਗ ਕਹਿੰਦਾ, ਬਈ "ਕਰਨੈਲ ਸਿਆਂ ਗੋਰੀ ਤਾਂ ਵਿਖਾਈਓ ਈ ਨੀਂ ਤੁਸੀਂ?"
ਚੱਲੋ ਜੀ ਉਨ੍ਹਾਂ ਗੋਰੀ ਬਾਹਰ ਬੁਲਾ ਲਈ, ਤੇ ਮੁੜਕੇ ਮੁਲਕ ਆਖੇ ਵੀ ਅਸੀਂ ਸਾਰੇ ਇਹਦੇ ਨਾਲ ਇੱਕ ਇੱਕ ਵਾਰ ਹੱਥ ਮਿਲਾਕੇ ਵੇਖ ਲਈਏ ?
ਘਰਦੇ ਹੱਕੇ ਬੱਕੇ ਵੀ ਲੋਕਾਂ ਕੀ ਤਮਾਸ਼ਾ ਲਾਇਆ।
ਕਰਨੈਲ ਸਿਹੁੰ ਜਿਹੜਾ ਗੋਰੀ ਵਿਆਹ ਕੇ ਲਿਆਇਆ ਸੀ, ਕਹਿੰਦਾ "ਚੱਲੋ ਪਰਧਾਨ ਮਿਲਾ ਲਓ ਹੱਥ।"
ਇੱਕ ਤੋਂ ਇੱਕ ਆਵੇ ਗੋਰੀ ਨਾਲ ਹੱਥ ਮਿਲਾਉਣ। ਜਦੋਂ ਸਾਰਿਆਂ ਦਾ ਚਾਅ ਪੂਰਾ ਹੋ ਗਿਆ, ਤਾਂ ਕਰਨੈਲ ਸਿਹੁੰ ਕਹਿੰਦਾ ਵੀ 
"ਭਾਈ ਜਾਓ ਸਾਰੇ ਜਣੇਂ ਜਾਓ ਤੇ ਆਪਣੀਆਂ ਆਪਣੀਆਂ ਨੂੰਹਾਂ ਤੇ ਘਰਦੀਆਂ ਲਿਆਓ ਜਾ ਕੇ ਹੁਣ ਮੈਂ ਵੀ ਸਾਰੀਆਂ ਨਾਲ ਹੱਥ ਮਿਲਾਊਂ।"
ਬਜ਼ੁਰਗ ਕਹਿੰਦਾ "ਹੈਂ ਇੰਝ ਕਿਵੇਂ ਭਾਈ, ਸਾਡੀ ਕੀ ਇੱਜ਼ਤ ਰਹਿ ਜਾਊ ? ਇਓਂ ਵੀ ਕਦੀ ਹੋਇਆ ?"
ਬਸ ਉਸ ਤੋਂ ਬਾਅਦ ਪਤਾ ਨਹੀਂ ਕਿਓਂ ਚਾਰੇ ਪਾਸਿਓਂ ਵਿਆਹ ਵਾਲੀ ਰੌਣਕ ਗਾਇਬ ਹੋ ਗਈ ਤੇ ਸਾਰਿਆਂ ਦੇ ਹੱਥ ਮਿਲਾਉਣ ਵਾਲੇ ਚਾਅ ਉੱਤਰ ਗਏ।