ਪਹਿਲਾਂ ਪਤੀ ਛੱਡ ਗਿਆ ਫਿਰ ਪ੍ਰੇਮੀ ਨੇ ਦਿੱਤਾ ਧੋਖਾ, ਜਬਰ ਜਨਾਹ ਦਾ ਮੁਕੱਦਮਾ ਦਰਜ

Last Updated: Aug 07 2019 13:02
Reading time: 1 min, 0 secs

ਜ਼ਿਲ੍ਹੇ ਦੇ ਸ਼ਹਿਰ ਜਲਾਲਾਬਾਦ ਵਾਸੀ ਇੱਕ ਵਿਆਹੁਤਾ ਨੇ ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਨੂੰ ਉਸ ਦੇ ਪ੍ਰੇਮੀ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਦੇ ਇਲਜ਼ਾਮ ਲਗਾਏ ਹਨ। ਪੁਲਿਸ ਨੇ ਨਾਮਜ਼ਦ ਮੁਲਜ਼ਮ ਖ਼ਿਲਾਫ਼ ਅਧੀਨ ਧਾਰਾ 376 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰਨ ਦਾ ਦਾਅਵਾ ਕੀਤਾ ਹੈ।

ਜਾਣਕਾਰੀ ਮੁਤਾਬਿਕ ਜਲਾਲਾਬਾਦ ਵਾਸੀ ਹਨੀਪ੍ਰੀਤ (ਬਦਲਿਆ ਹੋਇਆ ਨਾਂਅ) ਨੇ ਥਾਣਾ ਸਿਟੀ ਜਲਾਲਾਬਾਦ ਨੂੰ ਸ਼ਿਕਾਇਤ ਪੱਤਰ ਦਿੰਦੇ ਹੋਏ ਇਲਜ਼ਾਮ ਲਗਾਏ ਕਿ ਉਸ ਦਾ ਵਿਆਹ ਸੰਨ 2010 'ਚ ਲਵਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਫ਼ਤਿਹਗੜ੍ਹ ਚੁੜੀਆ ਨਾਲ ਹੋਇਆ ਸੀ। ਵਿਆਹ ਤੋਂ 4 ਸਾਲ ਬਾਅਦ ਉਸ ਦਾ ਪਤੀ ਘਰ ਛੱਡ ਕੇ ਚਲਾ ਗਿਆ। ਉਸ ਨੂੰ ਲਗਦਾ ਹੈ ਕਿ ਉਸ ਦਾ ਪਤੀ ਉਸ ਨੂੰ ਛੱਡ ਕੇ ਵਿਦੇਸ਼ ਭੱਜ ਗਿਆ ਹੈ। ਉਸ ਤੋਂ ਬਾਅਦ ਉਹ ਜਸਵੀਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਚੱਕ ਕਾਠਗੜ ਦੇ ਸੰਪਰਕ ਵਿੱਚ ਆ ਗਈ ਅਤੇ ਦੋਹਾਂ ਨੇ ਵਿਆਹ ਕਰਾਉਣ ਦਾ ਫ਼ੈਸਲਾ ਕਰਦੇ ਹੋਏ ਕੱਠਿਆ ਜਿਊਣ-ਮਰਨ ਦੀ ਕਸਮ ਖਾ ਲਈ। ਦੋਨਾਂ ਨੇ ਵਿਆਹ ਲਈ ਅਦਾਲਤ ਵਿੱਚ ਕੇਸ ਲਗਾ ਦਿੱਤਾ। ਬਾਅਦ ਵਿੱਚ ਜਸਵੀਰ ਸਿੰਘ ਉਸ ਨੂੰ ਕਹਿਣ ਲੱਗਾ ਕਿ ਅਸੀ ਸਮਾਜਿਕ ਤੌਰ 'ਤੇ ਵਿਆਹ ਕਰਵਾ ਲੈਂਦੇ ਹਾਂ। ਹਨੀਪ੍ਰੀਤ ਅਨੁਸਾਰ ਜਸਵੀਰ ਸਿੰਘ ਉਸ ਨੂੰ ਧੋਖੇ ਵਿੱਚ ਰੱਖਦੇ ਹੋਏ ਉਸ ਨਾਲ ਬਲਾਤਕਾਰ ਕਰਦਾ ਰਿਹਾ ਅਤੇ ਵਿਆਹ ਦਾ ਝੂਠਾ ਲਾਰਾ ਲਾਉਂਦਾ ਰਿਹਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਆਰੰਭੀ ਹੈ।