ਪੀੜਾਂ ਹੀ ਪੀੜਾਂ ਨੇਂ ਬਸ

Last Updated: Jul 31 2019 17:47
Reading time: 3 mins, 54 secs

ਵਿਹੜੇ 'ਚ ਲੱਗੀ ਨਿੰਮ ਨੂੰ ਮੈਂ ਅਕਸਰ ਜੱਫੀ ਪਾ ਲਿਆ ਕਰਦੀ ਸੀ , ਮੇਰੀ ਨਾਨੀ ਕਹਿੰਦੀ ਹੁੰਦੀ ਸੀ    "ਇਹਦੀ  ਛਾਂ 'ਚ ਬੈਠ ਤੇਰੀ ਮਾਂ ਰੋਟੀਆਂ ਪਕਾਇਆ ਕਰਦੀ ਸੀ। ਉਹ ਨਿੰਮ ਸ਼ਾਇਦ ਮੇਰੀ  ਮਾਂ ਵਰਗੀ ਹੀ ਸੀ ਮੈਨੂੰ , ਦਸਾਂ ਕੁ ਵਰ੍ਹਿਆਂ ਦੀ ਸੀ ਮੈਂ ਜਦੋਂ ਮੇਰੀ ਮਾਂ ਮੁੱਕ ਗਈ ਸੀ , ਮੈਨੂੰ ਉਹਦੇ ਨਕਸ਼ ਵੀ ਚੰਗੀ ਤਰ੍ਹਾਂ ਯਾਦ ਨਹੀਂ ਹੁਣ ਤਾਂ। ਕੁੱਝ ਫ਼ੋਟੋਆਂ ਜ਼ਰੂਰ ਨੇਂ ਮਾਂ ਦੀਆਂ ਜਿਹੜੀਆਂ ਕਦੀ- ਕਦੀ  ਮੇਰਾ ਬਾਪੂ ਸੰਦੂਕ 'ਚੋਂ ਕੱਢ ਕੇ ਵੇਖਦਾ ਰਹਿੰਦਾ ਸੀ , ਉਹ ਫ਼ੋਟੋਆਂ ਮੈਂ ਵੀ ਕਦੀ-ਕਦੀ ਵੇਖ ਲੈਂਦੀ ਸੀ। ਮੇਰੀਆਂ ਦੋਵੇਂ ਵੱਡੀਆਂ ਭੈਣਾਂ ਦੂਰ -ਦੂਰ ਵਿਆਹੀਆਂ ਹੋਈਆਂ ਸੀ। ਉਹ ਜਦ ਵੀ ਆਉਂਦੀਆਂ ਮੈਨੂੰ ਬੜਾ ਚਾਅ ਚੜ੍ਹ ਜਾਣਾਂ।  

ਉਨ੍ਹਾਂ ਦੇ ਨਿਆਣਿਆਂ ਵਾਂਗ ਹੀ ਮੈਂ ਉਨ੍ਹਾਂ ਦੀ ਗੋਦੀ 'ਚ ਬੈਠੇ ਰਹਿਣਾਂ। ਜਾਣ ਲੱਗੀਆਂ ਭੈਣਾਂ ਕਈ ਹਦਾਇਤਾਂ ਦੇ ਕੇ ਜਾਂਦੀਆਂ ਮੈਨੂੰ ,  "ਪੁੱਤ ਬਾਪੂ ਦਾ ਖ਼ਿਆਲ ਰੱਖਿਆ ਕਰ , ਖੇਡਣ ਗਈ ਜਲਦੀ ਮੁੜ ਆਇਆ ਕਰ , ਤੇ ਘੁੱਟਕੇ ਗਲ ਨਾਲ ਲਾਕੇ ਅੱਖਾਂ 'ਚ ਹੰਝੂ ਲੈ ਆਉਂਦੀਆਂ ਹਮੇਸ਼ਾ ਜਾਣ ਲੱਗੀਆਂ। ਚੁੱਲ੍ਹਾ ਚੌਕਾਂ ਕਰਨਾਂ ਸਭ ਬਾਪੂ ਤੋਂ ਹੀ ਸਿੱਖਿਆ ਮੈਂ। ਜਿਵੇਂ ਹੀ ਥੋੜੀ ਵੱਡੀ ਹੋਈ ਤਾਂ ਬਾਪੂ ਦੇ ਖੇਤੋਂ ਆਉਣ ਤੋਂ ਪਹਿਲਾਂ ਮੈਂ ਸਾਰਾ ਕੰਮ ਕਰਕੇ ਪੜ੍ਹਨ ਬੈਠੀ ਹੋਣਾਂ। ਦਿਨ 'ਚ ਕੋਈ ਦਸ ਵਾਰ ਮੈਨੂੰ ਬਾਪੂ ਰਾਣੀ ਧੀ -ਰਾਣੀ ਧੀ ਕਹਿੰਦਾ, ਇਹ ਪਤਾ ਨਹੀਂ ਉਹਦਾ ਮੋਹ ਸੀ ਜਾਂ ਫਿਰ ਮੇਰੀ ਮਾਂ ਦੀ ਮੁਹੱਬਤ ਵੀ ਉਹ ਆਪਣੇਂ 'ਚੋਂ ਹੀ ਦੇਣਾਂ ਚਹੁੰਦਾ ਸੀ ਮੈਨੂੰ।

ਬੜਾ ਕੁੱਝ ਜੋ ਧੀਆਂ ਨੂੰ ਮਾਵਾਂ ਦੱਸਦੀਆਂ ਮੈਨੂੰ ਗੁਆਂਢਣ ਤਾਈ ਨਸੀਬ ਕੁਰ ਦੱਸਿਆ ਕਰਦੀ ਸੀ। ਇੱਕ ਦਿਨ ਢਲੀਆਂ ਤਰਕਾਲਾਂ ਤੱਕ ਮੈਂ ਉਡੀਕਦੀ ਰਹੀ ਖੇਤੋਂ ਬਾਪੂ ਨਾ ਆਇਆ , ਉਦੋਂ ਕਿਹੜਾ ਫੋਨ ਹੁੰਦੇ ਸੀ ,  ਜਦੋਂ ਹਨੇਰਾ ਜਿਹਾ ਹੋਣ ਲੱਗਾ ਤਾਂ ਮੈਂ ਖੇਤ ਵੱਲ ਨੂੰ ਤੁਰ ਪਈ , ਖੇਤ ਜਾਕੇ ਵੇਖਿਆ ਬਾਪੂ ਉੱਥੇ ਵੀ ਨਹੀਂ ਸੀ।  ਮੈਂ ਭੁੱਬਾਂ ਮਾਰ -ਮਾਰ ਰੋਣ ਲੱਗ ਪਈ , ਹਲੇ ਅੱਧ 'ਚ ਆਈ ਸੀ , ਬਾਪੂ ਮੈਨੂੰ  ਲੱਭਦਾ ਗੁਆਂਢੀਆਂ ਦੇ ਨਿਆਣਿਆਂ ਨੂੰ ਪੁੱਛ ਖੇਤ ਵੱਲ ਨੂੰ ਹੀ ਹੋ ਤੁਰਿਆ ਸੀ। ਮੈਂ ਵੇਖਕੇ ਘੁੱਟ ਕੇ ਜੱਫੀ ਪਾ ਲਈ , ਮੇਰੇ ਹਾਉਂਕਿਆਂ ਨਾਲ  ਬਾਪੂ ਦੀਆਂ ਅੱਖਾਂ ਦੇ ਕੋਏ ਵੀ ਸਿੱਲ੍ਹੇ ਹੋ ਗਏ। ਮੈਂ ਕਿਹਾ , ਕਿੱਥੇ ਚਲੇ ਗਏ ਸੀ ਬਾਪੂ ਜੀ? ਮੈਂ ਉਡੀਕਦੀ ਰਹੀ , ਜੇ ਤੁਸੀਂ ਗੁਆਚ ਜਾਂਦੇ ਤਾਂ ਮੈਂ ਕਿੱਥੇ ਲੱਭਦੀ ? ਬਾਪੂ ਦੀ ਭੁੱਬ ਨਿੱਕਲ ਗਈ ,  "ਕਹਿੰਦਾ ਬੀਬੀ ਧੀ ਏਂ ਤੂੰ , ਇੰਨਾਂ ਨਾ ਡਰਿਆ ਕਰ , ਨੰਬਰਦਾਰ  ਨਾਲ ਦੇ ਪਿੰਡ ਮੱਝ ਵੇਖਣ ਗਿਆ ਸੀ , ਸਿੱਧਾ ਖੇਤੋਂ ਹੀ ਚਲਾ ਗਿਆ ਸੀ ਪੁੱਤਰ। ਉਸ ਰਾਤ ਮੈਂ ਆਪਣੀਂ ਮਾਂ ਨੂੰ ਬੜਾ ਯਾਦ ਕੀਤਾ। ਕਿੰਨੇਂ ਘੰਟੇ ਮੈਂ ਤੇ ਬਾਪੂ ਉਸ ਨਿੰਮ ਥੱਲੇ ਬੈਠਕੇ ਰੋਂਦੇ ਰਹੇ। 

ਜਦੋਂ ਪੱਚੀਆਂ ਕੁ ਵਰ੍ਹਿਆਂ ਦੀ ਹੋਈ ਤਾਂ ਚੰਡੀਗੜ੍ਹ ਸ਼ਹਿਰ ਦੇ ਲਾਗਿਓਂ ਰਿਸ਼ਤਾ ਆਇਆ ਮੇਰੇ ਲਈ , ਮੈਂ  ਵੇਖਦੀ ਰਹੀ ਕਿ ਬਾਪੂ ਦਾ ਚਿਹਰਾ ਉਦਾਸ ਹੁੰਦਾ ਜਾ ਰਿਹਾ ਸੀ। ਜਿਸ ਦਿਨ ਉਸ ਘਰ 'ਚੋਂ ਮੇਰੀ ਡੋਲੀ ਤੁਰੀ ਬਾਪੂ ਰਤਾ ਵੀ ਨੀਂ ਰੋਇਆ ,  ਪਤਾ ਨਹੀਂ ਕਿਓਂ ? ਸ਼ਾਇਦ ਕੁੱਝ ਲਕੋ ਕੇ ਬੈਠਾ ਸੀ ਅੰਦਰ। ਭੈਣਾਂ ਵੀ ਕੁੱਝ ਕੁ ਦਿਨ ਰਹਿਕੇ ਆਪਣੇਂ -ਆਪਣੇਂ ਘਰ ਮੁੜ ਪਰਤ ਗਈਆਂ। ਬੜਾ ਕੁੱਝ ਸੀ ਉਸ ਜ਼ਿੰਦਗੀ 'ਚ  ਜੋ ਮਾਂ ਹੁੰਦੀ ਤਾਂ ਉਹਨੂੰ ਦੱਸਦੀ , ਪਰ ਬਾਪੂ ਨੂੰ ਦੱਸਕੇ ਇਕੱਲੀ ਰੂਹ ਨੂੰ ਦੁੱਖ ਨਹੀਂ ਸੀ ਦੇਣਾਂ ਚਾਹੁੰਦੀ ਮੈਂ। ਫਿਰ ਫੋਨ ਕਰਨਾਂ ਤਾਂ ਬਾਪੂ ਕਹਿਣਾਂ ਰੋਟੀ ਬਣਾਉਣ ਲੱਗਿਆਂ ਪੁੱਤ, ਅੱਜ ਫਲਾਣੇਂ ਥਾਂ ਗਿਆ ਸੀ , ਅੱਜ ਤੇਰੀ ਫਲਾਣੀਂ ਸਹੇਲੀ ਮਿਲ ਗਈ।  ਮੇਰੇ ਅੰਦਰ ਕੁੱਝ ਧੁਖਦਾ ਰਹਿਣਾਂ। ਤਾਈ ਨਸੀਬ ਕੁਰ ਨਾਲ ਗੱਲ ਕਰਨੀਂ ਤਾਂ ਉਹਨੇਂ ਕਹਿਣਾਂ  "ਪੁੱਤ ਹੁਣ ਤੇਰਾ ਬਾਪੂ ਬਹੁਤੇ ਵੇਲੇ ਖੇਤ ਹੀ ਰਹਿੰਦਾ , ਘਰ ਤਾਂ ਮੂੰਹ ਹਨੇਰੇ ਵੜਦਾ ਆਣਕੇ। 

ਮੈਨੂੰ ਇਹ ਗੱਲਾਂ ਸੁਣ -ਸੁਣ ਪੀੜ ਜਿਹੀ  ਹੁੰਦੀ ਰਹਿਣੀਂ। ਸੋਚਦੀ ਰਹਿਣਾਂ ਕੱਲਾ ਬਾਪੂ ਕਿੰਝ ਰਹਿੰਦਾ ਹੋਣਾਂ। ਕਦੀ ਕਦੀ ਆਣਕੇ ਮਿਲ ਜਾਣਾਂ ਉਹਨੇਂ ਤੇ ਕਦੀ- ਕਦੀ  ਮੈਂ  ਜਾ ਆਉਣਾਂ ਤੇ ਚਾਰ ਦਿਨ ਰਹਿਕੇ ਘਰ ਦਾ ਸਭ ਕੁੱਝ ਸੰਵਾਰ ਆਉਣਾਂ। ਇੰਝ ਹੀ ਕਈ ਵਰ੍ਹੇ ਬੀਤ ਗਏ। ਕਿੰਨੀਂ ਵਾਰ ਕਿਹਾ ਮੈਂ ਵੀ ਤੇ ਭੈਣਾਂ ਵੀ , ਆਪਣੇਂ ਕੋਲ ਆਣਕੇ ਰਹਿਣ ਲਈ ਪਰ ਉਹ ਨਹੀਂ ਮੰਨਿਆਂ , ਫਿਰ ਇੱਕ ਦਿਨ  ਸੁਨੇਹਾ ਆਇਆ, "ਪੁੱਤਰ ਤੁਹਾਡਾ ਬਾਪੂ ਤੁਰ ਗਿਆ। ਪਰ ਉਹ ਚੰਗਾ ਭਲਾ ਸੀ, ਬਸ ਬੈਠਾ-ਬੈਠਾ ਹੀ।

ਨਿਆਣੀਂ ਜਿਹੀ ਉਮਰ 'ਚ ਮੱਝ ਵੇਖਣ ਗਿਆ ਬਾਪੂ ਮੈਨੂੰ ਯਾਦ ਆ ਗਿਆ। ਮੈਂ ਕਮਲਿਆਂ ਵਾਂਗ ਉਸੇ ਰਾਹ ਤੇ ਭੱਜੀ ਗਈ , ਕਿ ਹੁਣੇਂ ਆ ਜਾਵੇਗਾ ਤੇ ਆਖੇਗਾ ," ਤੂੰ ਤੇ ਮੇਰੀ ਬੀਬੀ ਧੀ ਏਂ,  ਮੈਂ ਤਾਂ ਨਾਲ ਦੇ ਪਿੰਡ ਗਿਆ ਸੀ ਬਸ। ਮੇਰਾ ਜੀਅ ਕਰਦਾ ਸੀ ਅਸਮਾਨ ਚੀਰ ਕੇ ਲੱਭ ਲਿਆਵਾਂ ਬਾਪੂ ਨੂੰ। ਪਰ ਉਹ ਨੀਂ ਲੱਭਿਆ। ਭੈਣਾਂ ਕਹਿੰਦੀਆਂ , " ਬਸ ਕਰ ਉਹਨੇਂ ਨੀਂ ਮੁੜਨਾਂ ਹੁਣ , ਚੁੱਪ ਕਰ ਜਾ, ਪਰ ਮੈਂ ਤਾਂ ਉਹੀ ਦਸਾਂ ਵਰ੍ਹਿਆਂ ਦੀ ਧੀ ਵਾਂਗ ਪਿਓ ਨੂੰ ਲੱਭਦੀ ਸੀ ਬਸ। ਪੰਦਰਾਂ ਵਰੇ ਹੋਣ ਵਾਲੇ ਨੇਂ ਉਹਦਾ ਦੁੱਖ ਧੁਖਦਾ ਮੇਰੇ ਅੰਦਰ, ਕਦੀ ਮੁੱਕਿਆ ਨਹੀਂ। ਹੁਣ ਉਸ ਪਿੰਡ ਜਾਂਦੀ ਹਾਂ ਤਾਂ ਨਿੰਮ ਦਾ ਖ਼ਿਆਲ ਨਹੀਂ ਆਉਂਦਾ, ਪਿੰਡ ਦੇ ਗੁਰੂਘਰ  ਉਸ ਪੱਥਰ ਕੋਲ ਜਾ ਖਲੋਂਦੀ ਹਾਂ ਜਿਹੜਾ ਬਾਪੂ ਨੇਂ ਸਾਡੀ ਮਾਂ ਤੇ ਤਿੰਨਾਂ ਭੈਣਾਂ ਦੇ ਨਾਂ ਤੇ ਲਗਵਾਇਆ ਸੀ ਉੱਥੇ , ਜਾਣ ਲੱਗਿਆ ਸ਼ਾਇਦ ਇਹ ਸੋਚਦਾ ਸੀ ਕਿ ਮੇਰੀਆਂ ਧੀਆਂ ਜਦੋਂ ਵੀ ਪੇਕੇ ਆਉਣ ਤਾਂ ਬਾਪੂ ਨੂੰ ਮਿਲੇ ਬਿਨਾਂ ਨਾ ਤੁਰ ਜਾਣ। ਕੁੱਝ ਕੁ ਰਿਸ਼ਤੇ ਬਸ ਤਮਾਮ ਉਮਰ ਦਿਲਾਂ ਵਿੱਚ ਪੀੜਾਂ ਬਣਕੇ ਵੱਸਦੇ ਨੇਂ ਬਸ।