ਮਾਨਸਿਕ ਬਿਮਾਰੀ

Last Updated: Jul 27 2019 15:51
Reading time: 4 mins, 20 secs

ਕੁੱਝ ਕੁ ਦਿਨ ਪਹਿਲਾਂ ਇੱਕ ਔਰਤ ਨੇਂ ਆਪਣੇ ਹੀ ਕਈ ਵਰਿਆਂ ਬਾਅਦ ਪੈਦਾ ਹੋਏ ਪੁੱਤਰ ਨੂੰ ਕਤਲ ਕਰ ਦਿੱਤਾ, ਕਤਲ ਬੜੀ ਬੇਰਹਿਮੀ ਨਾਲ ਕੀਤਾ ਗਿਆ। ਬਹੁਤ ਸਾਲ ਪਹਿਲਾਂ  ਇੱਕ ਮੁਲਕ ਚ ਇੱਕ ਔਰਤ ਦੇ ਜਦੋਂ ਵੀ ਬੱਚਾ ਹੁੰਦਾ ਤਾਂ ਕੁੱਝ ਕੁ ਮਹੀਨੇ ਬਾਅਦ ਹੀ ਉਸ ਬੱਚੇ ਨੂੰ ਨਮੂਨੀਆਂ ਹੋ ਜਾਂਦਾ  ਤੇ ਕੁੱਝ ਕੁ ਦਿਨਾਂ ਦੇ ਇਲਾਜ ਤੋਂ  ਬਾਅਦ ਉਹ ਬੱਚਾ ਮਰ ਜਾਂਦਾ। ਜਦੋਂ ਇਸ ਤਰੀਕੇ ਨਾਲ ਉਸ ਔਰਤ ਦੇ ਅੱਠ ਬੱਚੇ ਮਰੇ ਤਾਂ ਡਾਕਟਰਾਂ ਨੂੰ ਕੁੱਝ ਸ਼ੱਕ ਹੋਇਆ, ਫਿਰ ਉਸਦੇ ਸਭ ਤੋਂ ਅਖੀਰਲੇ ਬੱਚੇ ਦਾ ਪੋਸਟਮਾਰਟਮ ਕਰਨ ਦਾ ਨਿਰਣਾ ਲਿਆ ਗਿਆ। 

ਨਤੀਜਾ ਜੋ ਆਇਆ ਸਭ ਨੂੰ ਹੈਰਾਨ ਕਰਨ ਵਾਲਾ ਤੇ ਬੇਹੱਦ ਭਿਆਨਕ ਸੀ। ਉਹ ਔਰਤ ਖੁਦ ਹੀ ਆਪਣੇ ਨਵਜਨਮੇਂ ਬੱਚੇ ਨੂੰ ਬੇਹੱਦ ਠੰਢੇ ਪਾਣੀ ਨਾਲ ਨਵਾਉਂਦੀ ਤੇ ਫਿਰ ਘਰ 'ਚ ਆਪਣੇ ਪਤੀ ਦੀ ਗੈਰ ਹਾਜ਼ਰੀ 'ਚ ਉਸਨੂੰ ਪੂਰੇ ਕੱਪੜੇ ਹੀ ਨਾਂ ਪਾਉਂਦੀ। ਜਦੋਂ ਨੌਬਤ ਉਸ ਨੂੰ ਹਸਪਤਾਲ ਲੈ ਜਾਣ ਦੀ ਆ ਜਾਂਦੀ ਤਾਂ ਕੁੱਝ ਕੁ ਦਿਨ ਇਲਾਜ ਕਰਾਉਣ ਤੋਂ ਬਾਅਦ ਉਹ ਘਰ 'ਚ ਉਸਦਾ ਕਿਸੇ ਸਿਰਹਾਣੇ ਨਾਲ ਸਾਹ ਬੰਦ ਕਰ ਦਿੰਦੀ ਤਾਂ ਜੋ ਸਭ ਨੂੰ ਲੱਗੇ ਕਿ ਇਲਾਜ ਤੋਂ ਬਾਅਦ ਵੀ ਬੱਚਾ ਬਚ ਨਹੀਂ ਸਕਿਆ।

ਹੁਣ ਸਵਾਲ ਇਹ ਵੀ ਸੀ ਜਦੋਂ ਉਸਨੇਂ ਬੱਚਿਆਂ ਨੂੰ ਮਾਰਨਾਂ ਹੀ ਸੀ ਤਾਂ ਪੈਦਾ ਕਿਓਂ ਕਰ ਰਹੀ ਸੀ। ਇੰਨੀਆਂ ਪੀੜਾਂ ਸਹਿਣ ਦੀ ਤੇ ਕਸ਼ਟ ਝੱਲਣ ਦੀ ਜਰੂਰਤ ਕੀ ਸੀ ? ਜਦੋਂ ਉਸਦੇ ਦਿਮਾਗ ਦਾ ਮੁਆਇਨਾਂ ਕੀਤਾ ਗਿਆ ਤਾਂ ਉਸਦੇ ਬਿਆਨ ਸਨ ਕਿ " ਉਹ ਆਪਣੇ ਪਤੀ ਨੂੰ ਬੇਹੱਦ ਪਿਆਰ ਕਰਦੀ ਸੀ, ਜਦੋਂ ਉਸਦੇ ਪਹਿਲਾ ਬੱਚਾ ਹੋਇਆ ਤਾਂ ਉਹ ਸੱਚ 'ਚ ਹੀ ਨਮੂਨੀਆਂ ਹੋਣ ਨਾਲ ਇਲਾਜ ਦੌਰਾਨ ਮਰ ਗਿਆ। ਉਸਤੋਂ ਬਾਅਦ ਉਸਦੇ ਪਤੀ ਨੇਂ ਉਸਦਾ ਬੇਹੱਦ ਖਿਆਲ ਰੱਖਿਆ ਤੇ ਉਸਨੂੰ ਬੇਹੱਦ ਪਿਆਰ ਦਿੱਤਾ, ਉਸਦੇ ਆਲੇ ਦੁਆਲੇ ਦੇ ਸਭ ਲੋਕ ਉਸਦਾ ਬਹੁਤ ਖਿਆਲ ਰੱਖਣ ਲੱਗੇ। ਸਾਰਿਆਂ ਦੀ ਫਿਕਰ ਦਾ ਕੇਂਦਰ ਬਿੰਦੂ ਉਹ ਹੀ ਸੀ। ਉਸਦਾ ਪਤੀ ਉਸਦੀ ਹਰ ਗੱਲ ਦਾ ਪਹਿਲਾਂ ਤੋਂ ਜਿਆਦਾ ਖਿਆਲ ਰੱਖਣ ਲੱਗ ਪਿਆ ਸੀ ਤੇ ਫਿਕਰ ਕਰਦਾ ਸੀ।

ਉਹ ਇਸ ਚੀਜ ਦਾ ਲੁਤਫ ਲੈ ਰਹੀ ਸੀ ਤੇ ਹੌਲੀ ਹੌਲੀ ਇਹ ਆਦਿਤ ਉਸਦੀ ਜਰੂਰਤ ਤੇ ਕਦੋਂ ਮਾਨਸਿਕ ਵਿਕਾਰ ਬਣੀ ਕੋਈ ਸੋਚ ਹੀ ਨਹੀਂ ਸਕਿਆ ਤੇ ਉਸਦੇ ਚੱਲਦਿਆਂ ਹੀ ਉਸਨੇ ਕਿੰਨੇਂ ਬੱਚਿਆਂ ਨੂੰ ਮੌਤ ਦੇ ਦਿੱਤੀ, ਉਹ ਵੀ ਆਪਣੇ ਬੱਚਿਆਂ ਨੂੰ। ਅਸੀਂ ਆਸ ਪਾਸ ਮਹਿਸੂਸ ਕਰਦੇ ਹਾਂ ਕਿ ਕਿਸੇ ਦੇ ਤੌਰ ਤਰੀਕੇ, ਬੋਲਣ ਜਾਂ ਦੂਜਿਆਂ ਨਾਲ ਵਰਤਾਓ ਕਰਨ ਦੇ ਤਰੀਕੇ ਬਦਲ ਰਹੇ ਨੇਂ ਪਰ ਕਦੇ ਉਸਨੂੰ ( ਦਿਮਾਗ਼ ਦੇ ) ਡਾਕਟਰ ਕੋਲ ਜਾਣ ਦੀ ਸਲਾਹ ਨਹੀਂ ਦਿੰਦੇਂ। ਕਿਓਂਕਿ ਸਾਡੀ ਸਮਝ ਲਈ ਹਰੇਕ ਦਿਮਾਗ ਦਾ ਮਰੀਜ਼ ਪਾਗਲ ਹੈ ਬਸ। ਜਦਕਿ ਸੱਚ ਇਹ ਨਹੀਂ।

ਕਿਸੇ ਨਾਲ ਕੋਈ ਹਾਦਸਾ ਵਾਪਰਦਾ ਏ, ਕੁੱਝ ਬੇਹੱਦ ਅਲੱਗ ਕੁੱਝ ਹੁੰਦਾ ਤਾਂ ਉਸਦੇ ਦਿਮਾਗ ਦੀ ਸਥਿਤੀ ਜਰੂਰੀ ਨਹੀ ਕਿ ਹੋਰਾਂ ਤਰਾਂ ਹੀ ਉਸਨੂੰ ਸਮਝੇ। ਉਸਨੇਂ ਉਸਨੂੰ ਕਿਸ ਤਰੀਕੇ ਨਾਲ ਸਮਝਿਆ ਇਹ ਅਸੀਂ ਨਹੀਂ ਸਮਝ ਸਕਦੇ। ਕਈ ਔਰਤਾਂ ਬੜੀਆਂ ਹੱਸਦੀਆਂ ਮੁਸਕਰਾਉਂਦੀਆਂ ਦਿਸਦੀਆਂ ਨੇਂ। ਪਰ ਅਚਾਨਕ ਇੱਕ ਦਮ ਬੇਹੱਦ ਗੁੱਸੇ 'ਚ ਆ ਜਾਂਦੀਆਂ। ਖੁਸ਼ੀ 'ਚ ਬੇਹੱਦ ਖੁਸ਼ ਤੇ ਗਮ 'ਚ ਬੇਹੱਦ ਉਦਾਸ ਹੋਣਾ ਵੀ ਇੱਕ ਮਾਨਸਿਕ ਵਿਕਾਰ ਏ।    

ਕਈ ਔਰਤਾਂ ਅਕਸਰ ਬੱਚੇ ਪੈਦਾ ਹੋਣ ਤੋਂ ਬਾਅਦ ਡਿਪਰੈਸ਼ਨ ਦਾ ਸ਼ਿਕਾਰ ਹੁੰਦੀਆਂ ਨੇਂ, ਕਿਓਂਕਿ ਬੱਚੇ ਦਾ ਖਿਆਲ ਕਰਨ ਤੇ, ਪੂਰਾ ਅਰਾਮ ਨਾਂ ਮਿਲਣਾ, ਆਪਣੇ ਲਈ ਵਕਤ ਨਾਂ ਮਿਲਣਾਂ ਉਨ੍ਹਾਂ ਨੂੰ ਚਿੜਚਿੜੇ ਸੁਭਾਅ ਦਾ ਬਣਾ ਦਿੰਦਾ ਏ। ਉਹ ਵਾਲ ਨਹੀਂ ਬਣਾਉਣਗੀਆਂ,  ਕੰਮ 'ਚ ਆਲਸ ਕਰਨ ਲੱਗ ਜਾਂਦੀਆਂ ਨੇਂ। ਇਸ ਲਈ ਬੇਹੱਦ ਜਰੂਰੀ ਏ ਕਿ ਔਰਤ ਦੇ ਮਾਂ ਬਣਨ ਤੋਂ ਬਾਅਦ ਤਕਰੀਬਨ ਛੇ ਮਹੀਨਿਆਂ ਤੱਕ ਉਸਦਾ ਪੂਰਾ ਖਿਆਲ ਘਰ ਦੀਆਂ ਔਰਤਾਂ ਵੱਲੋਂ ਰੱਖਿਆ ਜਾਵੇ।

ਇਸ ਔਰਤ ਦੇ ਇਹ ਬੱਚਾ ਕਈ ਸਾਲ ਬਾਅਦ ਹੋਇਆ। ਸਾਡੀ ਨਜਰ 'ਚ ਉਸਨੂੰ ਉਸਦੇ ਨਾਲ ਬੇਹੱਦ ਪਿਆਰ ਹੋਣਾਂ ਚਾਹੀਦਾ ਸੀ। ਪਰ ਅੰਦਰੂਨੀ ਕਾਰਨ ਕੁੱਝ ਹੋਰ ਵੀ ਹੋ ਸਕਦੇ ਨੇਂ। ਹੋ ਸਕਦਾ ਬੱਚਾ ਹੋਣ ਤੋਂ ਪਹਿਲਾਂ ਬੱਚਾ ਨਾਂ ਹੋ ਸਕਣ ਕਾਰਨ, ਲੰਮੇਂ ਇਲਾਜ ਤੇ ਦਵਾਈਆਂ ਲਗਾਤਾਰ ਲੈਣ ਕਾਰਨ ਉਹ ਡਿਪਰੈਸ਼ਨ ਦਾ ਜਾਂ ਇਕਦਮ ਬੇਹੱਦ ਜਿਆਦਾ ਗੁੱਸਾ  ਆਉਣ ਦੀ ਬਿਮਾਰੀ ਤੋਂ ਪੀੜਤ ਹੋਵੇ। ਘਰ ਦੇ ਇਸ ਅਲੱਗ ਵਰਤਾਰੇ ਨੂੰ ਮਹਿਸੂਸ ਨਾਂ ਕਰ ਸਕੇ ਹੋਣ।

ਡਾਕਟਰ ਨਰਿੰਦਰ ਸਿੰਘ ਕਪੂਰ ਇੱਕ ਕਿਤਾਬ 'ਚ ਲਿਖਦੇ ਨੇਂ ਕਿ ਉਨਾਂ ਦੇ ਜਾਣਕਾਰ ਇੱਕ ਮਸ਼ਹੂਰ ਦਿਮਾਗ ਦੇ ਡਾਕਟਰ ਨੂੰ ਉਸਦੀ ਇੱਕ ਲੰਮਾ ਸਮਾਂ ਮਰੀਜ ਰਹੀ ਔਰਤ ਨੇਂ ਪਾਰਟੀ 'ਚ ਇਸ ਲਈ ਪਹਿਚਾਨਣ ਤੋਂ ਇਨਕਾਰ ਕਰ ਦਿੱਤਾ ਕਿ ਲੋਕ ਕਿਤੇ ਉਸ ਔਰਤ ਨੂੰ ਪਾਗਲ ਨਾਂ ਸਮਝਣ ਤੇ ਉਸਤੋਂ ਪੁੱਛਣ ਨਾਂ ਲੱਗ ਜਾਣ ਕਿ ਉਸਨੂੰ ਕੀ ਦਿਮਾਗੀ ਬਿਮਾਰੀ ਏ ? ਇਸ ਤਰ੍ਹਾਂ ਹੀ ਬਹੁਤ ਲੋਕ ਨੇਂ ਜੋ ਮਾਨਸਿਕ ਸਮੱਸਿਆਵਾਂ ਨਾਲ ਜੂਝਦੇ ਨੇਂ ਪਰ ਕੋਈ ਉਨਾਂ ਦੇ ਇਸ ਵਿਕਾਰ ਨੂੰ ਦੇਖ  ਜਾਂ ਸਮਝ ਨੀਂ ਪਾਉਂਦਾ।

ਕਈ ਲੋਕਾਂ ਜਾਂ ਬੱਚਿਆਂ ਦੀ ਘਰ 'ਚ ਕੋਈ ਅਹਿਮੀਅਤ ਨਹੀਂ ਸਮਝੀ ਜਾਂਦੀ ਉਹ ਆਪਣੇਂ ਮਨਾਂ 'ਚ ਬਹੁਤ ਵੱਡੀਆਂ ਉਲਝਣਾਂ ਲੈਕੇ ਜਿਓਂਦੇ ਨੇਂ ਜਾਂ ਫਿਰ ਉਹ ਖੁਦ ਨੂੰ ਦਰਦ ਦੇਕੇ ਜਾਂ ਕਿਸੇ ਦੂਸਰੇ ਨੂੰ ਨੁਕਸਾਨ ਪਹੁੰਚਾ ਕੇ ਸਭ ਦੀਆਂ ਨਜਰਾਂ 'ਚ ਆਉਂਣਾ ਚਾਹੁੰਦੇ ਹੁੰਦੇ ਨੇਂ। ਇੱਕ ਬੰਦੇ ਨੇਂ ਕਈ ਲੋਕਾਂ ਨੂੰ ਇਸ ਲਈ ਮਾਰਿਆ ਕਿਓਂਕਿ ਉਹ ਇੱਕ ਮਸ਼ਹੂਰ ਡਾਕੂ ਵਾਂਗ ਬਚਪਨ ਤੋਂ ਹੀ ਮਸ਼ਹੂਰ ਹੋਣਾਂ ਚਹੁੰਦਾ ਸੀ।

ਜੇ ਇਸ ਔਰਤ ਨੇਂ ਆਪਣੀ ਕਿਸੇ ਗੱਲ ਨੂੰ ਜਿਸਦਾ ਉਹ ਬੱਚਾ ਜਾਣਕਾਰ ਸੀ ਉਸਨੂੰ ਲੁਕਾਉਣ ਲਈ ਇਸ ਤਰ੍ਹਾਂ ਕੀਤਾ ਤਾਂ ਉਹ ਸ਼ਰੇਆਮ ਇੰਝ ਨਹੀਂ ਕਰਦੀ। ਜੇ ਫਿਰ ਵੀ ਇਹ ਗੱਲ ਏ ਤਾਂ ਉਹ ਸੱਚ ਹੀ ਦੁਨੀਆਂ ਦੀ ਸਭ ਤੋਂ ਕਲੰਕਿਤ ਮਾਂ ਏ ਪਰ ਜੇ ਉਹ ਮਾਨਸਿਕ ਪੱਖੋਂ ਬਿਮਾਰ ਸੀ, ਅਣਦੇਖੀ ਜਾਂ ਕਿਸੇ ਹੋਰ ਕਾਰਨ ਦੀ ਸ਼ਿਕਾਰ ਸੀ, ਤਾਂ ਸੋਚੋ ਇਹੋ ਜਿਹੇ ਹੋਰ ਕਿੰਨੇ ਲੋਕ ਨੇਂ ਜੋ ਬੇਸ਼ੱਕ ਸਾਨੂੰ ਆਮ ਜੀਵਨ ਜਿਓਂਦੇ ਲੱਗਦੇ ਨੇਂ, ਪਰ ਅਸਲ 'ਚ ਸ਼ੈਤਾਨ ਬਣ ਜਾਣ ਦੀਆਂ ਦਹਿਲੀਜ਼ਾਂ 'ਤੇ ਖੜੇ ਨੇਂ, ਤੇ ਸੱਚ 'ਚ ਹੀ ਨਤੀਜੇ ਕਦੇ ਵੀ ਭਿਆਨਕ ਆ ਸਕਦੇ ਨੇਂ। ਇਸ ਲਈ ਹਮੇਸ਼ਾ ਡਾਕਟਰੀ  ਇਲਾਜ ਵੱਲ ਵਧੋ। ਆਪਣਿਆਂ ਦਾ ਖਿਆਲ ਰੱਖੋ ਤੇ ਆਪਣੇਂ ਹੀ ਮਾਨਸਿਕ ਤੌਰ 'ਤੇ ਬਿਮਾਰ ਕਿਸੇ ਅਜੀਜ਼ ਨੂੰ ਸ਼ੈਤਾਨ ਬਣਨ ਤੋਂ ਪਹਿਲਾਂ ਜਿੰਦਗੀ ਵੱਲ ਮੋੜ ਲਿਆਓ ਤਾਂ ਜੋ ਮੁੜ ਕੋਈ ਮਾਸੂਮ ਇਹੋ ਜਿਹੀ ਸਜਾ ਨਾਂ ਭੁਗਤੇ।