ਉੱਠਿਆ ਆਪ ਤੋਂ ਨਾ ਜਾਏ, ਫਿੱਟੇਮੂੰਹ ਗੋਡਿਆਂ ਦਾ !!! (ਵਿਅੰਗ)

Last Updated: Jul 26 2019 13:33
Reading time: 2 mins, 1 sec

ਹਰ ਚੰਗੇ ਕੰਮ ਨੂੰ ਕੈਸ਼ ਕਰਨਾ ਅਤੇ ਮਾੜੇ ਕੰਮ ਨੂੰ ਆਪਣੇ ਵਿਰੋਧੀਆਂ ਦੇ ਖਾਤੇ ਚਾੜ ਦੇਣਾ, ਸਾਡੇ ਸੂਬੇ ਦੇ ਸਿਆਸੀ ਲੀਡਰਾਂ ਤੇ ਸਮੇਂ ਦੀਆਂ ਸਰਕਾਰਾਂ ਦੀ ਇੱਕ ਫ਼ਿਤਰਤ ਜਿਹੀ ਬਣ ਚੁੱਕੀ ਹੈ। ਜਦੋਂ-ਜਦੋਂ ਵੀ ਸਮੇਂ ਦੀਆਂ ਸਰਕਾਰਾਂ ਖ਼ੁਦ ਨੂੰ ਕਿਸੇ ਲੋਕ ਹਿੱਤੀ ਮਾਮਲੇ ਵਿੱਚ ਘਿਰਿਆ ਹੋਇਆ ਮਹਿਸੂਸ ਕਰਦੀਆਂ ਹਨ, ਉਹ ਝੱਟ ਉਸ ਨੂੰ ਸਾਬਕਾ ਸਰਕਾਰਾਂ ਦੇ ਸਿਰ ਮੜ੍ਹਨ ਤੁਰ ਪੈਂਦੀਆਂ ਹਨ। 

ਅਲੋਚਕਾਂ ਅਨੁਸਾਰ, ਨਾ ਹੀ ਆਪਣੇ ਕਾਰਜਕਾਲ ਸਮੇਂ ਅਕਾਲੀਆਂ ਨੇ ਘੱਟ ਗੁਜ਼ਾਰੀ ਹੈ ਤੇ ਨਾ ਹੀ ਕਾਂਗਰਸੀਆਂ ਨੇ, ਜੇਕਰ ਅੱਜ ਸੂਬਾ ਪੰਜਾਬ ਦੀ ਇਹ ਹਾਲਤ ਹੈ ਤਾਂ, ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ, ਇਸ ਲਈ ਉਕਤ ਦੋਵੇਂ ਸਿਆਸੀ ਪਾਰਟੀਆਂ ਜ਼ਿੰਮੇਵਾਰ ਨਹੀਂ ਹੋਣਗੀਆਂ। ਪੂਰੇ 72 ਸਾਲ ਤੋਂ, ਇਸੇ ਫ਼ਾਰਮੂਲੇ ਨੂੰ ਅਧਾਰ ਬਣਾ ਕੇ, ਪੰਜਾਬ ਤੇ ਰਾਜ ਕਰਦੀਆਂ ਆ ਰਹੀਆਂ ਹਨ, ਇਹ ਦੋਵੇਂ ਸਿਆਸੀ ਪਾਰਟੀਆਂ।

ਘੱਗਰ ਦਰਿਆ ਦਾ ਨਾਮ ਸੁਣਦਿਆਂ ਹੀ, ਤੁਹਾਡੀਆਂ ਅੱਖਾਂ ਦੇ ਮੂਹਰੇ, ਉੱਜੜੇ ਪੰਜਾਬ ਦੀਆਂ ਬਲੈਕ ਐਂਡ ਵਾਈਟ ਤਸਵੀਰਾਂ ਘੁੰਮਣ ਲੱਗ ਪੈਂਦੀਆਂ ਹੋਣਗੀਆਂ। ਇਸ ਸਾਲ ਦੇ ਮਾਨਸੂਨ ਦੀ ਪਹਿਲੀ ਹੀ ਬਰਸਾਤ ਦੇ ਦੌਰਾਨ ਘੱਗਰ ਦੇ ਚੜ੍ਹੇ ਪਾਣੀ ਨੇ ਜ਼ਿਲ੍ਹਾ ਪਟਿਆਲਾ, ਸੰਗਰੂਰ ਅਤੇ ਮਾਨਸਾ ਦੇ ਹਜ਼ਾਰਾਂ ਹੀ ਪਿੰਡ ਦੇ ਪਿੰਡ ਤਬਾਹ ਕਰਕੇ ਰੱਖ ਦਿੱਤੇ। ਹਜ਼ਾਰਾਂ ਏਕੜ ਫ਼ਸਲਾਂ ਤਬਾਹ ਹੋ ਗਈਆਂ, ਲੋਕਾਂ ਦੇ ਚੁੱਲ੍ਹੇ ਤੱਕ ਠੰਡੇ ਹੋਣ ਦੀ ਕਗਾਰ ਤੇ ਪੁੱਜ ਚੁੱਕੇ ਹਨ। 

ਜ਼ਾਹਿਰ ਹੈ ਕਿ, ਜਦੋਂ ਪੰਜਾਬ ਬਰਬਾਦ ਹੋਵੇਗਾ ਤਾਂ ਉਸ ਬਰਬਾਦੀ ਦਾ ਸੇਕ ਕੈਪਟਨ ਸਰਕਾਰ ਤੱਕ ਵੀ ਜ਼ਰੂਰ ਪੁੱਜੇਗਾ। ਇਸ ਤੋਂ ਪਹਿਲਾਂ ਕਿ, ਹੜ੍ਹਾਂ ਦੇ ਪਾਣੀ ਤੋਂ ਬਾਹਰ ਨਿੱਕਲ ਕੇ ਲੋਕ ਕੈਪਟਨ ਦੇ ਮੋਤੀ ਮਹਿਲ ਨੂੰ ਘੇਰਨ, ਉਨ੍ਹਾਂ ਨੇ ਪਹਿਲਾਂ ਹੀ ਇਸ ਸਭ ਦਾ ਨਜ਼ਲਾ ਸਾਬਕਾ ਸਰਕਾਰਾਂ ਦੇ ਸਿਰ ਸੁੱਟ ਦਿੱਤਾ। ਉਨ੍ਹਾਂ ਦਾ ਮੰਨਣਾ ਹੈ ਕਿ, ਘੱਗਰ ਦੇ ਪ੍ਰਕੋਪ ਤੋਂ ਬਚਿਆ ਜਾ ਸਕਦਾ ਸੀ ਜੇਕਰ, ਅਕਾਲੀ ਸਰਕਾਰ ਨੇ ਘੱਗਰ ਦਰਿਆ ਦਾ ਕੰਟਰੋਲ ਕੇਂਦਰੀ ਜਲ ਕਮਿਸ਼ਨ ਯਾਨੀ ਕਿ, ਸੀ. ਡਬਲਿਊ. ਸੀ. ਕੋਲ ਨਾ ਜਾਣ ਦਿੱਤਾ ਹੁੰਦਾ ਤਾਂ। 

ਕੈਪਟਨ ਅਮਰਿੰਦਰ ਸਿੰਘ ਨੇ 53 ਸਾਲ ਪੁਰਾਣੇ ਮੁਰਦੇ ਪੁੱਟਦਿਆਂ ਘੱਗਰ ਦਰਿਆ ਦਾ ਸਾਰਾ ਠੀਕਰਾ ਅਕਾਲੀਆਂ ਦੇ ਸਿਰ ਤੇ ਭੰਨ ਮਾਰਿਆ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ, ਅਕਾਲੀ ਸਰਕਾਰ 1966 ਵਿੱਚ ਪੰਜਾਬ ਦੀ ਵੰਡ ਦੀ ਵੰਡ ਸਮੇਂ, ਘੱਗਰ ਦਰਿਆ ਸੀ. ਡਬਲਿਊ. ਸੀ ਦੇ ਹੱਥਾਂ 'ਚ ਨਾ ਜਾਣ ਦਿੰਦੀ ਤਾਂ, ਇਸ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਦਾ ਸਾਰਾ ਕੰਮ ਸੂਬਾ ਸਰਕਾਰ ਕੋਲ ਹੀ ਹੋਣਾ ਸੀ। 

ਦੋਸਤੋ, ਅਲੋਚਕਾਂ ਅਨੁਸਾਰ, ਕੈਪਟਨ ਸਰਕਾਰ ਵੱਲੋਂ ਘੱਗਰ ਦਰਿਆ ਦੇ ਚੜ੍ਹੇ ਪਾਣੀ ਨੂੰ 53 ਸਾਲ ਪੁਰਾਣੇ ਮੁੱਦੇ ਨਾਲ ਜੋੜਨਾ ਸਾਬਤ ਕਰਦਾ ਹੈ ਕਿ, ਉਹ ਸਾਰਾ ਠੀਕਰਾ ਅਕਾਲੀਆਂ ਦੇ ਸਿਰ ਤੇ ਭੰਨ ਕੇ ਖ਼ੁਦ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜਾਣਾ ਚਾਹੁੰਦੇ ਹਨ। ਸ਼ਾਇਦ ਇਸੇ ਨੂੰ ਹੀ ਕਹਿੰਦੇ ਹੋਣਗੇ "ਉੱਠਿਆ ਆਪ ਤੋਂ ਨਾ ਜਾਏ, ਫਿੱਟੇਮੂੰਹ ਗੋਡਿਆਂ ਦਾ"।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।