ਬੋਰ ਕਰਕੇ ਸਿੱਧਾ ਧਰਤੀ ਵਿੱਚ ਪਾਣੀ ਭੇਜਣਾ ਬੇਹੱਦ ਖ਼ਤਰਨਾਕ, ਲੋਕ ਅਜਿਹਾ ਨਾ ਕਰਨ: ਚੇਅਰਮੈਨ ਚੀਮਾ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 24 2019 12:56
Reading time: 1 min, 7 secs

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸਰਦਾਰ ਅਮਰਦੀਪ ਸਿੰਘ ਚੀਮਾ ਨੇ ਚੰਡੀਗੜ੍ਹ ਤੋਂ ਗੱਲਬਾਤ ਕਰਦਿਆਂ ਪੰਜਾਬ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ਮੀਨ ਵਿੱਚ ਬੋਰ ਕਰਕੇ ਸਿੱਧਾ ਪਾਣੀ ਧਰਤੀ ਵਿੱਚ ਨਾ ਪਾਇਆ ਜਾਵੇ। ਕਿਉਂਕਿ ਇਸ ਤਰ੍ਹਾਂ ਜ਼ਮੀਨ ਦੀ ਸਤਿਹ ਉਪਰਲਾ ਗੰਦਾ ਤੇ ਕੀਟਨਾਸ਼ਟ ਮਿਲਿਆ ਹੋਇਆ ਪਾਣੀ ਸਿੱਧਾ ਧਰਤੀ ਵਿੱਚਲੇ ਪਾਣੀ ਦੀ ਉਸ ਪਰਤ ਤੱਕ ਪਹੁੰਚ ਜਾਂਦਾ ਹੈ ਜਿਸ ਤੋਂ ਪੀਣ ਵਾਲਾ ਪਾਣੀ ਪ੍ਰਾਪਤ ਕੀਤਾ ਜਾਂਦਾ ਹੈ ਜੋ ਕਿ ਬੇਹੱਦ ਖ਼ਤਰਨਾਕ ਹੈ। ਚੇਅਰਮੈਨ ਚੀਮਾ ਨੇ ਕਿਹਾ ਕਿ ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਬੋਰ ਕਰਕੇ ਅਜਿਹੇ ਢੰਗ ਨਾਲ ਪਾਣੀ ਧਰਤੀ ਹੇਠ ਪਹੁੰਚਾਇਆ ਜਾ ਰਿਹਾ ਦੱਸਿਆ ਗਿਆ ਹੈ ਜੋ ਕਿ ਬਹੁਤ ਗਲਤ ਰੁਝਾਨ ਹੈ ਤੇ ਇਸ ਨਾਲ ਪੀਣਯੋਗ ਪਾਣੀ ਇੰਨੀ ਛੇਤੀ ਦੂਸ਼ਿਤ ਹੋ ਜਾਵੇਗਾ ਕਿ ਸਾਨੂੰ ਮੁੜ ਸਾਫ ਪੀਣ ਵਾਲਾ ਪਾਣੀ ਨਹੀਂ ਲੱਭਣਾ। ਚੇਅਰਮੈਨ ਚੀਮਾ ਨੇ ਦੱਸਿਆ ਕਿ ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਵੀ ਆਪਣੇ ਪੱਧਰ ਤੇ ਹਰੇਕ ਜ਼ਿਲ੍ਹੇ ਵਿੱਚ ਇਸ ਸਬੰਧੀ ਜਾਗਰੂਕਤਾ ਕੈਂਪ ਲਗਾਉਣ ਤਾਂ ਜੋ ਲੋਕ ਇਸ ਤਰ੍ਹਾਂ ਕਰਨ ਤੋਂ ਗੁਰੇਜ਼ ਕਰਨ। ਚੇਅਰਮੈਨ ਚੀਮਾ ਨੇ ਕਿਹਾ ਕਿ ਕੁਦਰਤੀ ਤੌਰ ਤੇ ਪਾਣੀ ਜਦੋਂ ਜ਼ਮੀਨ ਅੰਦਰ ਜਾਂਦਾ ਹੈ ਤਾਂ ਇਹ ਇੱਕ ਕੁਦਰਤੀ ਪ੍ਰਕਿਰਿਆ ਦਾ ਹਿੱਸਾ ਬਣਦਾ ਹੈ ਜਿਸ ਨਾਲ ਪਾਣੀ ਪੂਰੀ ਤਰ੍ਹਾਂ ਪੁਣਛਾਣ ਕੇ ਧਰਤੀ ਵਿੱਚ ਰਿਸਦਾ ਰਹਿੰਦਾ ਹੈ ਤੇ ਜਦੋਂ ਪੀਣਯੋਗ ਪਾਣੀ ਵਾਲੀ ਸਤਿਹ ਤੱਕ ਅਜਿਹਾ ਪਾਣੀ ਕੁਦਰਤੀ ਤਰੀਕੇ ਨਾਲ ਪਹੁੰਚਦਾ ਹੈ ਤਾਂ ਉਹ ਪੂਰੀ ਤਰ੍ਹਾਂ ਸੁਰੱਖਿਅਤ ਤੇ ਪੀਣਯੋਗ ਖਣਿਜ ਨਾਲ ਭਰਪੂਰ ਹੁੰਦਾ ਹੈ।