ਜ਼ਮੀਨੀ ਵਿਵਾਦ ਨੇ ਕਰਵਾਇਆ ਮਾਵਾਂ ਧੀਆਂ 'ਤੇ ਕਾਤਲਾਨਾ ਹਮਲਾ

Last Updated: Jul 22 2019 13:51
Reading time: 1 min, 16 secs

ਪਿੰਡ ਟਿੱਬੀ ਕਲਾਂ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਦੋ ਮਾਵਾਂ ਧੀਆਂ 'ਤੇ ਕਾਤਲਾਨਾ ਹਮਲਾ ਹੋਣ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧ ਵਿੱਚ ਪੁਲਿਸ ਥਾਣਾ ਮਮਦੋਟ ਦੇ ਵਲੋਂ 6 ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਬਲਜੀਤ ਕੌਰ ਪਤਨੀ ਚੰਨਣ ਸਿੰਘ ਵਾਸੀ ਪਿੰਡ ਟਿੱਬੀ ਕਲਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਸ ਦੇ ਲੜਕੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਤੇ ਮੁਦਈਆ ਦੀ ਨੂੰਹ ਨੂੰ ਉਸ ਦੇ ਦਿਉਰ ਦੇ ਲੜਕੇ ਘਰ ਬਿਠਾ ਦਿੱਤਾ ਸੀ ਅਤੇ ਮੁਦਈਆ ਨੇ ਆਪਣੀ ਜ਼ਮੀਨ ਵਿੱਚੋਂ 3 ਕਿਲ੍ਹੇ 3 ਕਨਾਲ਼ਾਂ ਉਸ ਦੇ ਨਾਮ ਕਰਵਾ ਦਿੱਤੀ ਸੀ, ਪਰ ਸੁਖਵਿੰਦਰ ਕੌਰ, ਨਿਸ਼ਾਨ ਸਿੰਘ, ਗੁਰਭੇਜ ਸਿੰਘ, ਬਲਦੇਵ ਸਿੰਘ, ਗੁਰਮੀਤ ਕੌਰ ਅਤੇ ਅਮਨਦੀਪ ਕੌਰ ਮੁਦਈਆ ਕੋਲੋਂ ਹੋਰ ਜ਼ਮੀਨ ਦੀ ਮੰਗ ਕਰਦੇ ਸਨ।

ਬਲਜੀਤ ਕੌਰ ਨੇ ਦੋਸ਼ ਲਗਾਇਆ ਕਿ ਇਸੇ ਰੰਜਿਸ਼ ਦੇ ਚੱਲਦਿਆਂ ਉਕਤ ਲੋਕਾਂ ਨੇ ਹਮਮਸ਼ਵਰਾ ਹੋ ਕੇ ਮੁਦਈਆ ਅਤੇ ਉਸ ਦੀ ਲੜਕੀ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ ਹਨ। ਬਲਜੀਤ ਕੌਰ ਨੇ ਦੱਸਿਆ ਕਿ ਸੱਟਾਂ ਵੱਜਣ ਕਾਰਨ ਉਹ ਦੋਵੇਂ ਜਣੀਆਂ ਜ਼ਖਮੀ ਹੋ ਗਈਆਂ ਅਤੇ ਪਰਿਵਾਰ ਵਾਲਿਆਂ ਦੇ ਵਲੋਂ ਉਨ੍ਹਾਂ ਨੂੰ ਸਿਵਲ ਹਸਪਤਾਲ ਮਮਦੋਟ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਮੁਦਈਆ ਹੋਰਾਂ ਦਾ ਇਲਾਜ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਸੰਦੀਪ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਬਲਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਸੁਖਵਿੰਦਰ ਕੌਰ ਪਤਨੀ ਗੁਰਭੇਜ ਸਿੰਘ, ਨਿਸ਼ਾਨ ਸਿੰਘ ਪੁੱਤਰ ਬਲਦੇਵ ਸਿੰਘ, ਗੁਰਭੇਜ ਸਿੰਘ ਪੁੱਤਰ ਬਲਦੇਵ ਸਿੰਘ, ਬਲਦੇਵ ਸਿੰਘ ਪੁੱਤਰ ਮਹਿੰਦਰ ਸਿੰਘ, ਗੁਰਮੀਤ ਕੌਰ ਪਤਨੀ ਬਲਦੇਵ ਸਿੰਘ ਅਤੇ ਅਮਨਦੀਪ ਕੌਰ ਪਤਨੀ ਨਿਸ਼ਾਨ ਸਿੰਘ ਵਾਸੀਅਨ ਪਿੰਡ ਟਿੱਬੀ ਕਲਾਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।