ਪੀ.ਯੂ. ਦੇ ਵਜ਼ੀਫ਼ਾ ਘੋਟਾਲੇ ਤੇ ਹਾਈਕੋਰਟ ਦੀ ਨਜ਼ਰ !!!

Last Updated: Jul 22 2019 13:50
Reading time: 0 mins, 57 secs

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਲੱਖਾਂ ਰੁਪਏ ਦਾ ਵਜ਼ੀਫ਼ਾ ਘੋਟਾਲਾ ਇੱਕ ਵਾਰ ਫ਼ਿਰ ਤੂਲ ਫ਼ੜਦਾ ਹੋਇਆ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਲੱਖਾਂ ਰੁਪਏ ਦੇ ਇਸ ਘੋਟਾਲੇ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੀ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਹਾਈਕੋਰਟ ਨੇ ਜਾਂਚ ਦੀ ਜ਼ਿੰਮੇਵਾਰੀ ਪੀ.ਯੂ. ਦੇ ਵਾਈਸ ਚਾਂਸਲਰ ਨੂੰ ਦਿੰਦਿਆਂ, ਤੁਰੰਤ ਇਸਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। 

ਸਕਾਲਰਸ਼ਿਪ ਨੂੰ ਲੈ ਕੇ ਦਾਇਰ ਹੋਈ ਇੱਕ ਰਿੱਟ ਪਟੀਸ਼ਨ ਦੀ ਸੁਣਵਾਈ ਕਰਦਿਆਂ ਹਾਈਕੋਰਟ ਨੇ ਕਿਹਾ ਹੈ ਕਿਉਂਕਿ, ਵਾਈਸ ਚਾਂਸਲਰ ਹੀ ਪੀ.ਯੂ. ਦੇ ਹੈੱਡ ਹਨ ਤੇ ਹੈੱਡ ਹੋਣ ਦੇ ਨਾਤੇ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ, ਉਹ ਤੁਰੰਤ ਪ੍ਰਭਾਵ ਨਾਲ ਸਾਰੀ ਜਾਂਚ ਮੁਕੰਮਲ ਕਰਕੇ ਮੁਲਜ਼ਮਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕਰਨ। 

ਕਾਬਿਲ-ਏ-ਗੌਰ ਹੈ ਕਿ, ਹਾਈਕੋਰਟ 'ਚ ਦਾਇਰ ਰਿੱਟ ਪਟੀਸ਼ਨ ਵਿੱਚ ਪਟੀਸ਼ਨਰ ਨੇ ਪੀ.ਯੂ. ਦੇ ਫਿਜ਼ੀਕਲ ਵਿਭਾਗ ਦੇ ਹੈੱਡ ਅਤੇ ਦੋ ਵਿਦਿਆਰਥੀਆਂ ਤੇ ਜਾਅਲੀ ਹਾਜ਼ਰੀਆਂ ਦੇ ਅਧਾਰ ਤੇ ਵਜ਼ੀਫ਼ੇ ਦੇ ਲੱਖਾਂ ਰੁਪਏ ਹੜੱਪਣ ਦੇ ਇਲਜ਼ਾਮ ਹਨ। ਇਲਜ਼ਾਮਾਂ ਅਨੁਸਾਰ ਵੀ.ਸੀ. ਨੇ ਮਾਮਲੇ ਨੂੰ ਦਬਾਉਣ ਲਈ ਮੁਲਜ਼ਮਾਂ ਨੂੰ ਆਪਣੇ ਤੌਰ ਤੇ ਹੀ ਕਲੀਨ ਚਿੱਟ ਵੀ ਦੇ ਦਿੱਤੀ ਸੀ। ਕਿਉਂਕਿ ਮਾਮਲਾ ਹੁਣ ਹਾਈਕੋਰਟ ਵਿੱਚ ਹੈ, ਇਸ ਲਈ ਪਟੀਸ਼ਨਕਰਤਾ ਨੂੰ ਤਾਂ ਭਾਵੇਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਪਰ, ਚੂੰਢੀਮਾਰਾਂ ਅਨੁਸਾਰ, ਹਾਈਕੋਰਟ ਦੇ ਡੰਡੇ ਕਾਰਨ ਵੀ.ਸੀ. ਕੁਝ ਘੁਟਨ ਜਿਹੀ ਮਹਿਸੂਸ ਕਰ ਰਹੇ ਹਨ।