ਡੈਂਟਲ ਵਿਦਿਆਰਥੀਆਂ ਨੇ ਵਿਖ਼ਾਈਆਂ ਕੈਪਟਨ ਸਰਕਾਰ ਨੂੰ ਦੰਦੀਆਂ !!!

Last Updated: Jul 22 2019 12:38
Reading time: 0 mins, 55 secs

ਡੈਂਟਲ ਕਾਲਜ ਪਟਿਆਲਾ ਦੇ ਸੈਂਕੜੇ ਹੀ ਵਿਦਿਆਰਥੀਆਂ ਨੇ ਆਪਣੇ ਵਜ਼ੀਫ਼ੇ ਵਿੱਚ ਇਜ਼ਾਫਾ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਦੰਦੀਆਂ ਵਿਖ਼ਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਡੈਂਟਲ ਸਟੂਡੈਂਟਸ ਐਸੋਸੀਏਸ਼ਨ ਪੰਜਾਬ ਦੇ ਆਗੂਆਂ ਤੇ ਜੱਥੇਬੰਦੀ ਨਾਲ ਸਬੰਧਤ ਮੈਂਬਰਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਜਿੱਥੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜ਼ਿੰਦਾਬਾਦ ਮੁਰਦਾਬਾਦ ਕੀਤੀ, ਉੱਥੇ ਹੀ ਉਨ੍ਹਾਂ ਨੇ ਪ੍ਰਿੰਸੀਪਲ ਮੈਡੀਕਲ ਕਾਲਜ ਨੂੰ ਇਸ ਸਬੰਧੀ ਮੰਗ ਪੱਤਰ ਵੀ ਸੌਂਪਿਆ।

ਡੈਂਟਲ ਡੈਂਟਲ ਸਟੂਡੈਂਟਸ ਐਸੋਸੀਏਸ਼ਨ ਦੀ ਮੰਗ ਹੈ ਕਿ, ਉਨ੍ਹਾਂ ਨੂੰ ਇੰਟਰਨਸ਼ਿਪ ਦੌਰਾਨ ਦਿੱਤਾ ਜਾਣ ਵਾਲਾ ਸਟਾਈਪੈਂਡ (ਵਜ਼ੀਫ਼ਾ) ਦੁੱਗਣਾ ਕੀਤਾ ਜਾਵੇ। ਆਗੂਆਂ ਦਾ ਕਹਿਣਾ ਹੈ ਕਿ, ਇਸ ਵੇਲੇ ਉਨ੍ਹਾਂ ਨੂੰ ਪ੍ਰਤੀ ਮਹੀਨਾ ਨੌ ਹਜ਼ਾਰ ਰੁਪਏ ਵਜ਼ੀਫ਼ਾ ਮਿਲਦਾ ਹੈ, ਜਿਹੜਾ ਕਿ ਨਾਕਾਫ਼ੀ ਹੈ, ਇਸ ਲਈ ਇਸ ਨੂੰ ਵਧਾ ਕੇ ਦੁੱਗਣਾ ਯਾਨੀ ਕਿ 18 ਹਜ਼ਾਰ ਰੁਪਏ ਕੀਤਾ ਜਾਣਾ ਚਾਹੀਦਾ ਹੈ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ, ਸਰਕਾਰੀ ਡੈਂਟਲ ਕਾਲਜ ਵਿੱਚ ਬੀ.ਡੀ.ਐੱਸ. ਦੀ ਫੀਸ ਜਿਹੜੀ ਕਿ 2013 ਤੋਂ ਪਹਿਲਾਂ 13 ਹਜ਼ਾਰ ਸੀ, ਸਰਕਾਰ ਨੇ ਉਹੀ ਫ਼ੀਸ 2013 ਵਿੱਚ 26 ਹਜ਼ਾਰ ਅਤੇ ਫ਼ਿਰ 2015 ਵਿੱਚ 80000 ਕਰ ਦਿੱਤੀ ਸੀ। ਜੱਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ, ਜੇਕਰ ਉਨ੍ਹਾਂ ਦੀ ਮੰਗ ਤੁਰੰਤ ਨਾ ਮੰਨੀ ਗਈ ਤਾਂ ਉਹ ਆਪਣਾ ਸੰਘਰਸ਼ ਤੇਜ਼ ਕਰਨ ਲਈ ਮਜ਼ਬੂਰ ਹੋ ਜਾਣਗੇ।