ਅਸ਼ਲੀਲ 'ਵਟਸਐਪ ਗਰੁੱਪ' ਸਮਾਜ ਵਿੱਚ ਘੋਲ ਰਹੇ ਜ਼ਹਿਰ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 22 2019 12:45
Reading time: 3 mins, 21 secs

ਸੋਸ਼ਲ ਮੀਡੀਆ ਦੇ ਖੇਤਰ 'ਚ ਵੱਡੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਜਿੱਥੇ ਲੋਕਾਂ ਦੇ ਗਿਆਨ 'ਚ ਵਾਧੇ ਅਤੇ ਲੋਕਾਂ ਤੱਕ ਦੇਸ਼ ਦੁਨੀਆ 'ਚ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਹਲਚਲ ਨੂੰ ਪਹੁੰਚਾਉਣ ਦਾ ਇੱਕ ਮਹੱਤਵਪੂਰਨ ਜਰਿਆ ਬਣਿਆ ਹੋਇਆ ਹੈ ਉੱਥੇ ਹੀ ਕੁਝ ਲੋਕਾਂ ਵੱਲੋਂ ਇਸ ਤੇ ਭੇਜੀਆਂ ਜਾਂਦੀਆਂ ਫ਼ਰਜ਼ੀ ਖ਼ਬਰਾਂ, ਗਲਤ ਮੈਸੇਜ ਆਦਿ ਨੂੰ ਲੈ ਕੇ ਲੋਕ ਪਰੇਸ਼ਾਨ ਰਹਿੰਦੇ ਹਨ ਪਰ ਇਸ ਵਿੱਚ ਕੁਝ ਲੋਕਾਂ ਵੱਲੋਂ ਬਣਾਏ ਗਏ ਗਰੁੱਪਾਂ ਵਿੱਚ ਭੇਜੀ ਜਾਂਦੀ ਅਸ਼ਲੀਲ ਸਮਗਰੀ ਨੌਜਵਾਨਾਂ ਨੂੰ ਜੁਰਮ ਦੀ ਦੁਨੀਆ ਵੱਲ ਲੈ ਕੇ ਜਾਣ 'ਚ ਵੀ ਕਿਸੇ ਹੱਦ ਤੱਕ ਜ਼ਿੰਮੇਵਾਰ ਹੋ ਸਕਦੀ ਹੈ।

ਸੋਸ਼ਲ ਮੀਡੀਆ ਦੀ ਵਰਤੋਂ ਇੱਕ-ਦੂਸਰੇ ਨਾਲ ਜੁੜੇ ਰਹਿਣ, ਸੰਦੇਸ਼, ਗਿਆਨ ਵਰਧਕ ਜਾਣਕਾਰੀਆਂ, ਹਾਸੇ ਵਾਲੇ ਵੀਡੀਓ ਸਣੇ ਹੋਰ ਕਈ ਤਰ੍ਹਾਂ ਦੀਆਂ ਤਸਵੀਰਾਂ, ਵੀਡੀਓ ਭੇਜਣ ਲਈ ਕੀਤੀ ਜਾਂਦੀ ਹੈ ਪਰ ਹੁਣ ਲਗਦਾ ਹੈ ਕਿ ਕੁਝ ਮਾੜੀ ਸੋਚ ਦੇ ਲੋਕਾਂ ਵੱਲੋਂ ਇਸਦੀ ਵਰਤੋਂ ਅਸ਼ਲੀਲਤਾ ਫੈਲਾਉਣ ਅਤੇ ਅਸ਼ਲੀਲ ਵੀਡੀਓ ਨੌਜਵਾਨਾਂ ਤੱਕ ਜਾਨਬੂਝ ਕੇ ਹੀ ਪਹੁੰਚਾਉਣ ਲਈ ਕੀਤੀ ਜਾਣ ਲੱਗੀ ਹੈ। ਹੋ ਸਕਦਾ ਹੈ ਕਿ ਦੇਸ਼ ਦੇ ਸਾਰੇ ਹੀ ਇਲਾਕਿਆਂ 'ਚ ਅਜਿਹੇ ਗਰੁੱਪ ਬਣੇ ਹੋਣੇ ਹਨ ਜਿਨ੍ਹਾਂ ਵਿੱਚ ਅਸ਼ਲੀਲ ਤਸਵੀਰਾਂ, ਵੀਡੀਓ ਹੀ ਪਾਏ ਜਾਣ ਲਈ ਉਨ੍ਹਾਂ ਨੂੰ ਬਣਾਇਆ ਗਿਆ ਹੈ, ਉੱਥੇ ਹੀ ਜੇਕਰ ਗੱਲ ਅਬੋਹਰ ਦੀ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਖ਼ਾਸਕਰ ਵਟਸਐਪ 'ਤੇ ਅਸ਼ਲੀਲ ਗਰੁੱਪਾਂ ਦੀ ਭਰਮਾਰ ਹੈ।

ਇਨ੍ਹਾਂ ਗਰੁੱਪਾਂ ਵਿੱਚ ਇਤਰਾਜ਼ਯੋਗ, ਫ਼ਰਜ਼ੀ ਵੀਡੀਓ ਅਤੇ ਫ਼ਰਜ਼ੀ ਸਮਾਚਾਰ ਭੇਜ ਕੇ ਸਮਾਜ ਵਿੱਚ ਤਾਂ ਜ਼ਹਿਰ ਘੋਲਿਆ ਹੀ ਜਾ ਰਿਹਾ ਹੈ ਉੱਥੇ ਹੀ ਨਬਾਲਿਗ ਇਨ੍ਹਾਂ ਅਸ਼ਲੀਲ ਵੀਡੀਓ ਨੂੰ ਵੇਖਕੇ ਆਪਣੇ ਰਸਤੇ ਤੋਂ ਭਟਕ ਰਹੇ ਹਨ ਅਤੇ ਬੱਚੇ-ਬੱਚੀਆਂ ਨਾਲ ਹੁੰਦੀਆਂ ਬਦਫੈਲੀ, ਜਬਰ ਜਿਨਾਹ, ਅਸ਼ਲੀਲ ਹਰਕਤਾਂ, ਛੇੜਛਾੜ ਦੀਆਂ ਘਟਨਾਵਾਂ ਦਾ ਇੱਕ ਕਾਰਣ ਇਹ ਅਸ਼ਲੀਲ ਤਸਵੀਰਾਂ ਤੇ ਵੀਡੀਓ ਹੋ ਸਕਦੀਆਂ ਹਨ। ਘਟਨਾਵਾਂ 'ਤੇ ਗੌਰ ਕੀਤਾ ਜਾਵੇ ਤਾਂ ਅਬੋਹਰ ਵਿੱਚ ਇੱਕ ਮਹੀਨੇ ਵਿੱਚ ਬੱਚਿਆਂ ਨਾਲ ਹੋਏ ਜਬਰ ਜਿਨਾਹ ਦੇ ਤਿੰਨ ਮਾਮਲੇ ਸਾਹਮਣੇ ਆ ਚੁੱਕੇ ਹਨ। ਪਹਿਲਾ ਮਾਮਲਾ ਆਰਿਆ ਨਗਰੀ ਦਾ ਸੀ ਜਿਸ ਵਿੱਚ ਇੱਕ ਨਬਾਲਿਗ ਨੇ ਮਾਸੂਮ ਬੱਚੇ ਦੇ ਨਾਲ ਜਬਰ ਜਿਨਾਹ ਕੀਤਾ ਸੀ। ਦੂਜਾ ਪੰਜਪੀਰ ਨਗਰ ਵਾਸੀ ਇੱਕ ਨੌਜਵਾਨ ਵੱਲੋਂ 8 ਸਾਲਾਂ ਬੱਚੇ ਦੇ ਨਾਲ ਬਦਫੈਲੀ ਦਾ ਮਾਮਲਾ, ਤੀਜਾ ਮਾਮਲਾ ਪਿੰਡ ਬਕੈਨਵਾਲਾ ਵਿੱਚ ਸਾਹਮਣੇ ਆਇਆ ਜਿਸ ਵਿੱਚ ਇੱਕ ਨੌਜਵਾਨ ਵੱਲੋਂ ਇੱਕ ਨਬਾਲਿਗ ਕੁੜੀ ਦੇ ਅਸ਼ਲੀਲ ਵੀਡੀਓ ਅਤੇ ਫ਼ੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੇ ਗਏ ਸਨ।

ਜੇਕਰ ਅਸ਼ਲੀਲਤਾ ਫੈਲਾ ਰਹੇ ਗਰੁੱਪਾਂ 'ਤੇ ਰੋਕ ਨਹੀਂ ਲੱਗੀ ਤਾਂ ਆਉਣ ਵਾਲੇ ਦਿਨਾਂ ਵਿੱਚ ਅਬੋਹਰ ਹੀ ਨਹੀਂ ਸਗੋਂ ਪੂਰੇ ਦੇਸ਼ ਭਰ ਵਿੱਚ ਲੜਕੀਆਂ ਨਾਲ ਜਬਰ ਜਿਨਾਹ, ਅਸ਼ਲੀਲ ਹਰਕਤਾਂ, ਛੇੜਛਾੜ ਦੇ ਮਾਮਲਿਆਂ ਵਿੱਚ ਵਾਧਾ ਹੋ ਸਕਦਾ ਹੈ। ਨੌਜਵਾਨਾਂ ਨੂੰ ਪਤਾ ਹੈ ਕਿ ਵਟਸਐਪ ਪੂਰੀ ਤਰ੍ਹਾਂ ਤੋਂ ਐਂਡ ਟੂ ਐਂਡ ਇਨਕ੍ਰਿਪਸ਼ਨ ਹੈ। ਅਜਿਹੇ ਵਿੱਚ ਵਟਸਐਪ ਗਰੁੱਪ ਵਿੱਚ ਕਿਸ ਤਰ੍ਹਾਂ ਦਾ ਕਨਟੈਂਟ ਸ਼ੇਅਰ ਹੋ ਰਿਹਾ ਹੈ ਉਸਦੀ ਨਿਗਰਾਨੀ ਨਹੀਂ ਹੋ ਰਹੀ ਅਤੇ ਇਸ ਗੱਲ ਦਾ ਲੋਕ ਫ਼ਾਇਦਾ ਚੁੱਕ ਰਹੇ ਹਨ। 

ਅਬੋਹਰ ਵਿੱਚ ਹੀ ਕਈ ਦਰਜਨ ਅਜਿਹੇ ਗਰੁੱਪ ਸਿਰਫ਼ ਇਸ ਕੰਮ ਲਈ ਹੀ ਬਣੇ ਹੋਏ ਹਨ ਜਿਨ੍ਹਾਂ ਵਿੱਚ ਸਾਰਾ ਦਿਨ ਅਸ਼ਲੀਲ ਤਸਵੀਰਾਂ, ਵੀਡੀਓ ਆਉਂਦੀਆਂ ਹਨ ਅਤੇ ਇਨ੍ਹਾਂ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕੀਤਾ ਜਾਂਦਾ ਹੈ। ਅਜਿਹੇ ਗਰੁੱਪ 'ਯਾਰਾਂ ਦਾ ਗਰੁੱਪ', 'ਜੱਸੀ ਆਂਟੀ ਦੇ ਫੈਨ' ਜਿਹੇ ਹੋਰਨਾਂ ਨਾਮਾਂ 'ਤੇ ਚਲਾਏ ਜਾ ਰਹੇ ਹਨ। ਹੁਣ ਜੇਕਰ ਸਮਾਂ ਰਹਿੰਦੇ ਪੁਲਿਸ, ਪ੍ਰਸ਼ਾਸਨ, ਸਮਾਜ ਸੇਵੀ ਸੰਸਥਾਵਾਂ, ਲੋਕਾਂ ਵੱਲੋਂ ਅਜਿਹੇ ਗਰੁੱਪਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਹੋ ਸਕਦਾ ਹੈ ਕਿ ਆਪਣਾ ਬੱਚਾ ਵੀ ਇਨ੍ਹਾਂ ਗਰੁੱਪਾਂ ਦਾ ਕਦੀ ਹਿੱਸਾ ਬਣ ਜਾਵੇ ? ਅਜਿਹੇ ਗਰੁੱਪਾਂ 'ਚ ਅਸ਼ਲੀਲ ਤਸਵੀਰਾਂ, ਵੀਡੀਓ ਵੇਖ ਕੇ ਨਾਬਾਲਗ ਬੱਚੇ ਚੰਗੇ ਮਾੜੇ ਦੇ ਨਤੀਜੇ ਨੂੰ ਭੁੱਲ ਕੇ ਉਤੇਜਿਤ ਹੋਕੇ ਅਜਿਹਾ ਕਦਮ ਚੁੱਕ ਬੈਠਦੇ ਹਨ ਜੋ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ-ਨਾਲ ਪਰਿਵਾਰ ਦੀ ਇੱਜ਼ਤ ਨੂੰ ਸਮਾਜ ਵਿੱਚ ਰੋਲ ਦਿੰਦਾ ਹੈ। 

ਕਾਨੂੰਨ ਦੇ ਮਾਹਿਰ ਦੱਸਦੇ ਹਨ ਸੋਸ਼ਲ ਮੀਡੀਆ 'ਤੇ ਅਸ਼ਲੀਲ ਵੀਡੀਓ ਜਾਂ ਫ਼ਰਜ਼ੀ ਅਤੇ ਇਤਰਾਜ਼ਯੋਗ ਵੀਡੀਓ ਸ਼ੇਅਰ ਕਰਣ 'ਤੇ ਆਈ.ਟੀ. ਐਕਟ, ਸਾਈਬਰ ਕ੍ਰਾਈਮ ਅਤੇ ਆਈ.ਪੀ.ਸੀ. ਦੀਆਂ ਧਾਰਾਵਾਂ ਦੇ ਤਹਿਤ ਕਾਰਵਾਈ ਦਾ ਪ੍ਰਾਵਧਾਨ ਹੈ। ਇਸ ਤੋਂ ਇਲਾਵਾ ਆਈ.ਪੀ.ਸੀ. ਦੀ ਧਾਰਾ 153-ਏ ਦੇ ਤਹਿਤ ਕਿਸੇ ਵੀ ਸੋਸ਼ਲ ਮੀਡੀਆ ਜਾਂ ਵਟਸਐਪ ਗਰੁੱਪ ਵਿੱਚ ਧਰਮ, ਜਾਤੀ, ਦੇਸ਼ ਜਾਂ ਭਾਸ਼ਾ ਸਬੰਧੀ ਵਿਵਾਦਿਤ ਪੋਸਟ ਕੀਤੀ ਜਾਂਦੀ ਹੈ ਤਾਂ ਇਸਦੀ ਜ਼ਿੰਮੇਵਾਰੀ ਗਰੁੱਪ ਐਡਮਿਨ ਦੀ ਮੰਨੀ ਜਾਂਦੀ ਹੈ। ਗਰੁੱਪ ਐਡਮਿਨ ਨੂੰ 5 ਸਾਲ ਦੀ ਸਜਾ ਦੇ ਨਾਲ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਉੱਧਰ ਇਨ੍ਹਾਂ ਸੋਸ਼ਲ ਮੀਡੀਆ ਐਪ ਦੇ ਸੰਚਾਲਕਾਂ ਨੂੰ ਵੀ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹਾ ਕੁਝ ਕਰਨ ਤਾਂ ਜੋ ਬੱਚਿਆਂ ਤੇ ਨੌਜਵਾਨਾਂ ਨੂੰ ਇਸ ਅਸ਼ਲੀਲਤਾ ਦੇ ਜ਼ਹਿਰ ਤੋਂ ਬਚਾਇਆ ਜਾ ਸਕੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।