ਨਗਰ ਸੁਧਾਰ ਟਰੱਸਟ ਦੀ ਚੇਅਰਮੈਨੀ ਨੂੰ ਲੈ ਕੇ ਲੱਗਦੈ ਮੂੰਹ ਹੀ ਸੰਵਾਰਦੇ ਰਹਿ ਜਾਣਗੇ ਬਟਾਲਾ ਵਾਲੇ!

Last Updated: Jul 22 2019 12:28
Reading time: 2 mins, 29 secs

ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਪੰਜਾਬ ਪੱਧਰ ਦੀਆਂ ਅੱਠ ਚੇਅਰਮੈਨੀਆਂ ਦੇ ਐਲਾਨ ਤੋਂ ਬਾਅਦ ਹੇਠਲੇ ਪੱਧਰ ਦੀਆਂ ਚੇਅਰਮੈਨੀਆਂ ਲੈਣ ਲਈ ਵੀ ਵਰਕਰਾਂ ਵੱਲੋਂ ਜੋੜ ਤੋੜ ਸ਼ੁਰੂ ਕਰਦਿਆਂ ਆਪਣੇ ਆਪਣੇ ਸਿਆਸੀ ਆਕਾਵਾਂ ਤੱਕ ਪਹੁੰਚ ਕੀਤੀ ਦੱਸੀ ਜਾ ਰਹੀ ਹੈ। ਵੈਸੇ ਤਾਂ ਅਜਿਹੇ ਬਹੁਤ ਅਹੁਦੇ ਹਨ ਜਿੰਨ੍ਹਾ ਤੇ ਵਰਕਰਾਂ ਨੂੰ ਸਰਕਾਰ ਫਿੱਟ ਕਰ ਸਕਦੀ ਹੈ ਪਰ ਇਸ ਵੇਲੇ ਬਟਾਲਾ ਨਗਰ ਸੁਧਾਰ ਟਰੱਸਟ ਦੀ ਚੇਅਰਮੈਨੀ ਨੂੰ ਲੈ ਕੇ ਕਾਫੀ ਚਰਚਾਵਾਂ ਸੁਣਨ ਨੂੰ ਮਿਲ ਰਹੀਆਂ ਹਨ। ਜਿੰਨਾ ਮੂੰਹ ਓਨੀਆਂ ਗੱਲਾਂ ਵਾਲੀ ਕਹਾਵਤ ਵੀ ਇਸ ਵੇਲੇ ਫਿੱਟ ਬੈਠ ਰਹੀ ਹੈ। ਗੁਪਤ ਸੂਚਨਾ ਪ੍ਰਾਪਤ ਹੋਈ ਹੈ ਕਿ ਅਜਿਹੀ ਵੱਕਾਰੀ ਚੇਅਰਮੈਨੀ ਲੈਣ ਲਈ ਵਰਕਰ ਲੱਖਾਂ ਰੁਪਈਆਂ ਖ਼ਰਚ ਕਰਨ ਲਈ ਵੀ ਤਿਆਰ ਹਨ ਜੋ ਆਪਣੇ ਆਕਾਵਾਂ ਤੱਕ ਪਹੁੰਚ ਕਰਕੇ ਆਪਣੀ ਚੇਅਰਮੈਨੀ ਪੱਕੀ ਕਰਨ ਲਈ ਤਰਲੋਮੱਛੀ ਹੋ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਕਈ ਲੀਡਰ ਅਹੁਦਿਆਂ ਦੀ ਵੰਡ ਮੌਕੇ ਆਪਣੇ ਚਹੇਤਿਆਂ ਕੋਲੋਂ ਲਈ ਗਈ ਅਜਿਹੀ ਮਾਇਆ ਨੂੰ ਪਾਰਟੀ ਜਾਂ ਇਲੈਕਸ਼ਨ ਫੰਡ ਦਾ ਨਾਮ ਦੇ ਕੇ ਲੈ ਲੈਂਦੇ ਹਨ।

ਇੱਥੇ ਜ਼ਿਕਰਯੋਗ ਹੈ ਕਿ ਨਗਰ ਟਰੱਸਟਾਂ ਦੀਆਂ ਚੇਅਰਮੈਨੀਆਂ ਸਥਾਨਕ ਸਰਕਾਰਾਂ ਵਿਭਾਗ ਦੇ ਅਧੀਨ ਆਉਂਦੀਆਂ ਹਨ ਤੇ ਇਸ ਵੇਲੇ ਇਹ ਵਿਭਾਗ ਸੀਨੀਅਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਕੋਲ ਹੈ ਪਰ ਫੇਰ ਜਿਸ ਇਲਾਕੇ ਦੀ ਚੇਅਰਮੈਨੀ ਦਿੱਤੀ ਜਾਣੀ ਹੈ ਕਿਹਾ ਜਾ ਰਿਹਾ ਹੈ ਕਿ ਉਸ ਹਲਕੇ ਦੇ ਵਿਧਾਇਕ ਦੀ ਸਿਫਾਰਿਸ਼ ਤੇ ਹੀ ਉਸ ਇਲਾਕੇ ਦੀ ਚੇਅਰਮੈਨੀ ਦਿੱਤੀ ਜਾਵੇਗੀ ਇਸ ਲਈ ਜੇਕਰ ਬਟਾਲਾ ਦੀ ਗੱਲ ਕਰੀਏ ਤਾਂ ਲੱਗਦਾ ਹੈ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਚੇਅਰਮੈਨੀ ਤ੍ਰਿਪਤਰਾਜਿੰਦਰ ਸਿੰਘ ਬਾਜਵਾ ਦੀ ਸਿਫਾਰਿਸ਼ ਤੇ ਹੀ ਮਿਲਣ ਜਾ ਰਹੀ ਹੈ ਕਿਉਂਕਿ 2017 ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬਟਾਲਾ ਤੋਂ ਅਸ਼ਵਨੀ ਸੇਖੜੀ ਚੋਣ ਹਾਰ ਗਏ ਸਨ ਜਿਸ ਤੋਂ ਬਾਅਦ ਮੰਤਰੀ ਬਾਜਵਾ ਹੀ ਬਟਾਲਾ ਦੇ ਸਾਰੇ ਵਿਕਾਸ ਕਾਰਜ ਕਰਵਾ ਰਹੇ ਹਨ ਤੇ ਉਨ੍ਹਾਂ ਵੱਲੋਂ ਕਿਹਾ ਵੀ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਬਟਾਲਾ ਦਾ ਇੰਚਾਰਜ ਨਿਯੁਕਤ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਟਾਲਾ ਤੋਂ ਵਰਕਰ ਵੀ ਕਾਦੀਆਂ ਮੰਤਰੀ ਬਾਜਵਾ ਕੋਲ ਹੀ ਪਹੁੰਚ ਕਰਦੇ ਹਨ ਤੇ ਆਪਣੇ ਛੋਟੇ ਮੋਟੇ ਕੰਮਾਂ ਲਈ ਕਹਿੰਦੇ ਹਨ।

ਇਸ ਤੋਂ ਇਲਾਵਾ ਜਦੋਂ 2002 ਤੋਂ 2007 ਤੱਕ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਸੀ ਤਾਂ ਉਸ ਵੇਲੇ ਵੀ ਬਾਜਵਾ ਦੀ ਸਿਫ਼ਾਰਿਸ਼ ਤੇ ਹੀ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਬਣਾਇਆ ਗਿਆ ਸੀ ਤੇ ਹੁਣ ਵੀ ਲੱਗਦਾ ਹੈ ਕਿ ਬਾਜਵਾ ਦਾ ਹੀ ਕੋਈ ਖਾਸਮ ਖਾਸ ਹੀ ਹੋਵੇਗਾ ਜੋ ਇਸ ਚੇਅਰਮੈਨੀ ਦੀ ਕੁਰਸੀ ਤੇ ਬੈਠੇਗਾ। ਵੈਸੇ ਤਾਂ ਇਸ ਵੇਲੇ ਬਟਾਲਾ ਦੇ ਕਈ ਆਗੂਆਂ ਦੇ ਨਾਮ ਚਰਚਾ ਵਿੱਚ ਚਲ ਰਹੇ ਹਨ ਪਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬਾਜਵਾ ਵੱਲੋਂ ਇਹ ਚੇਅਰਮੈਨੀ ਫਤਿਹਗੜ ਚੂੜੀਆਂ ਦੇ ਹੀ ਕਿਸੇ ਚਹੇਤੇ ਵਰਕਰ ਨੂੰ ਦਿਵਾਈ ਜਾ ਸਕਦੀ ਹੈ ਕਿਉਂਕਿ ਬਟਾਲਾ ਵਿੱਚ ਕਿਸੇ ਇੱਕ ਨੂੰ ਇਹ ਅਹੁਦਾ ਦਿਵਾ ਕੇ ਬਾਜਵਾ ਕਿਸੇ ਵੀ ਤਰ੍ਹਾਂ ਦੀ ਨਾਰਾਜ਼ਗੀ ਮੁੱਲ ਨਹੀਂ ਲੈਣਗੇ। ਇਹ ਵੀ ਪਤਾ ਲੱਗਾ ਹੈ ਕਿ ਇਸ ਚੇਅਰਮੈਨੀ ਲਈ ਕਈਆਂ ਵੱਲੋਂ ਸਿੱਧਾਂ ਹੀ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ ਕਿਉਂ ਜਿਸ ਨੂੰ ਸਬੰਧਿਤ ਮੰਤਰੀ ਦੀ ਹਾਂ ਹੋਵੇਗੀ ਚੇਅਰਮੈਨ ਤਾਂ ਓਹੀ ਬਣਨਾ ਹੈ। ਪਰ ਇਸ ਸਭ ਦੇ ਬਾਵਜੂਦ ਚੇਅਰਮੈਨੀਆਂ ਦੇ ਚਾਹਵਾਨਾਂ ਆਪਣੇ ਆਪਣੇ ਆਕਾਵਾਂ ਦੀਆਂ ਦਹਿਲੀਜ਼ਾਂ ਤੇ ਦਸਤਕ ਜ਼ਰੂਰ ਦਿੰਦੇ ਦੱਸੇ ਜਾ ਰਹੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।