ਹੜ੍ਹਾਂ ਦੇ ਕਾਰਨ ਹਰ ਸਾਲ ਸੈਂਕੜੇ ਕਿਸਾਨਾਂ ਦੀਆਂ ਫ਼ਸਲਾਂ ਹੋ ਜਾਂਦੀਆਂ ਨੇ ਤਬਾਹ, ਪਰ ਸਰਕਾਰਾਂ ਚੁੱਪ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 22 2019 12:26
Reading time: 2 mins, 34 secs

ਸਾਡੇ ਭਾਰਤ ਦੇ ਵਿੱਚ ਹਰ ਸਾਲ ਹੀ ਕਿਸੇ ਨਾ ਕਿਸੇ ਸੂਬੇ ਦੇ ਵਿੱਚ ਹੜ੍ਹ ਆ ਹੀ ਜਾਂਦੀ ਹੈ। ਇਨ੍ਹਾਂ ਹੜ੍ਹਾਂ ਦਾ ਸਭ ਤੋਂ ਵੱਧ ਨੁਕਸਾਨ ਅੰਨਦਾਤੇ ਨੂੰ ਹੀ ਹੁੰਦਾ ਹੈ। ਕਿਉਂਕਿ ਉਸਦੀ ਫਸਲ ਹੜ੍ਹਾਂ ਦੇ ਕਾਰਨ ਤਬਾਹ ਹੋ ਜਾਂਦੀ ਹੈ। ਪਰ ਸਰਕਾਰਾਂ, ਉਸ ਨੂੰ ਯੋਗ ਮੁਆਵਜ਼ਾ ਦੇਣ ਦੀ ਬਜਾਏ 2-4 ਹਜ਼ਾਰ ਮੁਆਵਜ਼ਾ ਦੇ ਕੇ ਬੁੱਤਾ ਸਾਰ ਦਿੰਦੀਆਂ ਹਨ। ਵੇਖਿਆ ਜਾਵੇ ਤਾਂ ਭਾਰਤ ਦੇ ਅੰਦਰ ਕਿਸਾਨ ਦੀ ਹਾਲਤ ਇਸ ਵੇਲੇ ਬੇਹੱਦ ਹੀ ਮਾੜੀ ਹੋਈ ਪਈ ਹੈ, ਕਿਉਂਕਿ ਸਰਕਾਰਾਂ ਕਿਸਾਨ ਦੇ ਵੱਲ ਧਿਆਨ ਨਹੀਂ ਦੇ ਰਹੀਆਂ।

ਦੱਸ ਦਈਏ ਕਿ ਪੰਜਾਬ ਦੇ ਵਿੱਚ ਇਸ ਵੇਲੇ ਅੱਧੇ ਦਰਜਨ ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆਏ ਪਏ ਹਨ, ਜਿਸਦੇ ਕਾਰਨ ਸ਼ਹਿਰ, ਪਿੰਡ ਅਤੇ ਕਸਬੇ ਜਲ ਥਲ ਹੋਏ ਪਏ ਹਨ। ਪਰ ਸਾਡੀਆਂ ਸਰਕਾਰਾਂ ਇਸ ਵੱਲ ਧਿਆਨ ਨਹੀਂ ਮਾਰ ਰਹੀਆਂ। ਦੋਸਤੋਂ, ਪਿਛਲੇ ਮਹੀਨੇ ਹੀ ਪੰਜਾਬ ਦੇ ਅੰਦਰ ਕਿਸਾਨਾਂ ਦੇ ਵੱਲੋਂ ਝੋਨੇ ਦੀ ਫਸਲ ਦੀ ਬਿਜਾਈ ਕੀਤੀ ਗਈ। ਝੋਨੇ ਦੀ ਇੱਕ ਏਕੜ ਦੀ ਲੁਆਈ ਕਰੀਬ 3000 ਹਜ਼ਾਰ ਰੁਪਏ ਸੀ ਅਤੇ ਨਾਲ ਹੀ ਕੁੱਲ ਮਿਲਾ ਕੇ ਖਰਚਾ ਇੱਕ ਏਕੜ 'ਤੇ 7 ਹਜ਼ਾਰ ਰੁਪਏ ਆਇਆ ਸੀ।

ਇਸ ਵੇਲੇ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਤੋਂ ਇਲਾਵਾ ਬਠਿੰਡਾ, ਫਿਰੋਜ਼ਪੁਰ ਅਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਦਰਿਆ ਅਤੇ ਨਹਿਰਾਂ ਟੁੱਟ ਜਾਣ ਦੇ ਕਾਰਨ ਹੜ੍ਹ ਆਉਣੇ ਸ਼ੁਰੂ ਹੋ ਗਏ ਹਨ, ਜਿਸਦੇ ਕਾਰਨ ਕਿਸਾਨਾਂ ਦੀ ਫਸਲ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕੀ ਹੈ। ਸਭ ਤੋਂ ਜ਼ਿਆਦਾ ਜੋ ਨੁਕਸਾਨ ਦੀ ਖ਼ਬਰ ਸਾਹਮਣੇ ਆ ਰਹੀ ਹੈ, ਉਹ ਹੈ ਪਟਿਆਲਾ ਤੋਂ, ਜਿੱਥੇ ਕਿ ਸੈਂਕੜੇ ਕਿਸਾਨਾਂ ਦੀ ਹਜ਼ਾਰਾਂ ਏਕੜ ਹੀ ਫਸਲ ਪਹਿਲੋਂ ਮੀਂਹ ਦੇ ਕਾਰਨ ਤਬਾਹ ਹੋ ਗਈ, ਉੱਥੇ ਹੀ ਦਰਿਆਵਾਂ ਅਤੇ ਨਦੀਆਂ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਖੇਤ ਪਾਣੀ ਨਾਲ ਭਰ ਗਏ।

ਤਰਨਤਾਰਨ ਜ਼ਿਲ੍ਹੇ ਦੇ ਕਸਬਾ ਹਰੀ ਕੇ ਦੀ ਗੱਲ ਕਰੀਏ ਤਾਂ ਸਰਹੱਦੀ ਇਲਾਕਿਆਂ ਦੇ ਵਿੱਚ ਪਾਣੀ ਪੂਰੀ ਤਰ੍ਹਾਂ ਨਾਲ ਭਰ ਚੁੱਕਿਆ ਹੈ ਅਤੇ ਨਹਿਰਾਂ ਟੁੱਟ ਜਾਣ ਦੇ ਕਾਰਨ ਕਿਸਾਨ ਕਾਫੀ ਜ਼ਿਆਦਾ ਪ੍ਰੇਸ਼ਾਨ ਨਜ਼ਰੀ ਆ ਰਹੇ ਹਨ। ਫਿਰੋਜ਼ਪੁਰ ਦੇ ਵਿੱਚ ਵੀ ਕਈ ਜਗ੍ਹਾਵਾਂ 'ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੜ੍ਹਾਂ ਦੇ ਕਾਰਨ ਸੈਂਕੜੇ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਚੁੱਕੀਆਂ ਹਨ ਅਤੇ ਕਈ ਗ਼ਰੀਬ ਘਰਾਂ ਦੇ ਮਕਾਨ ਢਹਿ ਜਾਣ ਤੋਂ ਇਲਾਵਾ ਕਈ ਤਾਂ ਵਿਚਾਰੇ ਇਸ ਹੜ੍ਹ ਦੇ ਵਿਚੇ ਹੀ ਮਰ ਗਏ ਹਨ। ਜਿਨ੍ਹਾਂ ਵਿੱਚ ਬਹੁਤ ਸਾਰੇ ਪਸ਼ੂ ਵੀ ਸ਼ਾਮਲ ਹਨ।

ਹੜ੍ਹਾਂ ਵਰਗੀ ਬਣੀ ਸਥਿਤੀ 'ਤੇ ਜੇਕਰ ਕਿਸਾਨਾਂ ਦੀ ਮੰਨੀਏ ਤਾਂ ਨਹਿਰਾਂ ਅਤੇ ਦਰਿਆਵਾਂ ਦੀ ਸਫ਼ਾਈ ਨਾ ਹੋਣ ਦੇ ਕਾਰਨ ਹੀ ਪਾਣੀ ਓਵਰਫਲੋ ਹੋ ਰਿਹਾ ਹੈ। ਜੇਕਰ ਸਰਕਾਰ ਦੇ ਵੱਲੋਂ ਨਹਿਰਾਂ ਅਤੇ ਦਰਿਆਵਾਂ ਦੀ ਸਫਾਈ ਸਮੇਂ ਸਿਰ ਕਰਵਾਈ ਜਾਵੇ ਤਾਂ ਕਦੇ ਵੀ ਹੜ੍ਹ ਵਰਗੀ ਸਥਿਤੀ ਨਹੀਂ ਬਣ ਸਕਦੀ। ਪਰ ਸਰਕਾਰ ਦੇ ਨਹਿਰੀ ਵਿਭਾਗ ਦੇ ਵੱਲੋਂ ਕਥਿਤ ਤੌਰ 'ਤੇ ਆਈਆਂ ਗ੍ਰਾਂਟਾਂ ਨੂੰ ਡਰਾਕਦਿਆਂ ਹੋਇਆਂ ਨਹਿਰਾਂ ਦੀ ਸਫਾਈ ਤੋਂ ਮੁੱਖ ਫੇਰਿਆ ਜਾ ਰਿਹਾ ਹੈ, ਜਿਸਦਾ ਸਭ ਤੋਂ ਵੱਡਾ ਨੁਕਸਾਨ ਕਿਸਾਨਾਂ ਦਾ ਹੀ ਹੋ ਰਿਹਾ ਹੈ।

ਦੂਜੇ ਪਾਸੇ ਜੇਕਰ ਸਿਆਸੀ ਮਾਹਿਰਾਂ ਦੀ ਮੰਨ ਲਈ ਜਾਵੇ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ, ਜਦਕਿ ਸਰਕਾਰ ਨੂੰ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਦੇ ਲਈ ਪਹਿਲੋਂ ਪ੍ਰਬੰਧ ਕਰਨੇ ਚਾਹੀਦੇ ਸਨ। ਮਾਹਿਰਾਂ ਮੁਤਾਬਿਕ ਹੁਣ ਮੰਤਰੀਆਂ ਅਤੇ ਵਿਧਾਇਕਾਂ ਦੇ ਦੌਰਿਆਂ ਦਾ ਕੋਈ ਫਾਇਦਾ ਨਹੀਂ, ਕਿਉਂਕਿ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਚੁੱਕੀਆਂ ਹਨ। ਲੋੜ ਸੀ ਕਿ ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਪਹਿਲੋਂ ਹੀ ਸਖ਼ਤ ਪ੍ਰਬੰਧ ਕਰਦੀ, ਪਰ ਅਜਿਹਾ ਨਹੀਂ ਹੋ ਸਕਿਆ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।