ਆਖ਼ਰ ਕਦੋਂ ਤੱਕ ਵਿਗਾੜ ਘਰ ਹੀ ਬਣੀਆਂ ਰਹਿਣਗੀਆਂ ਸੂਬੇ ਦੀਆਂ ਜੇਲ੍ਹਾਂ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 22 2019 12:19
Reading time: 1 min, 48 secs

ਭਾਵੇਂਕਿ, ਪੰਜਾਬ ਸਰਕਾਰ ਨੇ ਬੜੀ ਦੇਰ ਪਹਿਲਾਂ ਸੂਬੇ ਦੀਆਂ ਜੇਲ੍ਹਾਂ ਨੂੰ ਸੁਧਾਰ ਘਰਾਂ ਦਾ ਦਰਜਾ ਦੇ ਦਿੱਤਾ ਸੀ ਪਰ, ਇਹ ਸੁਧਾਰ ਘਰ ਤਾਂ ਅੱਜ ਤੱਕ ਨਹੀਂ ਬਣ ਪਾਈਆਂ, ਵਿਗਾੜ ਘਰਾਂ ਦਾ ਰੂਪ ਜ਼ਰੂਰ ਧਾਰਨ ਕਰ ਚੁੱਕੀਆਂ ਹਨ। ਪਿਛਲੇ ਸਮੇਂ ਦੇ ਦੌਰਾਨ ਸੂਬੇ ਦੀਆਂ ਜੇਲ੍ਹਾਂ ਦੇ ਅੰਦਰ ਅਜਿਹੀਆਂ ਵਾਰਦਾਤਾਂ, ਘਟਨਾਵਾਂ ਘਟ ਚੁੱਕੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਇਹ ਕਹਿਣਾ ਮੁਸ਼ਕਿਲ ਹੈ ਕਿ ਕਦੇ ਸੁਧਾਰ ਘਰ ਬਣ ਪਾਉਣਗੀਆਂ।

ਗੱਲ ਕਰੀਏ ਜੇਕਰ ਪਟਿਆਲਾ ਜੇਲ੍ਹ ਦੀ ਤਾਂ ਇਹ ਜੇਲ੍ਹ ਕਦੇ ਇਸਦੇ ਅਧਿਕਾਰੀਆਂ ਦੀਆਂ ਧੱਕੇਸ਼ਾਹੀਆਂ, ਭ੍ਰਿਸ਼ਟਾਚਾਰ ਅਤੇ ਕਦੇ ਭ੍ਰਿਸ਼ਟਾਚਾਰ ਲਈ ਮਾਲਦਾਰ ਤੇ ਅਮੀਰ ਕੈਦੀਆਂ ਤੇ ਤਸ਼ੱਦਦ ਕਰਨ ਕਰਕੇ ਚਰਚਾ ਵਿੱਚ ਵੀ ਰਹੀ ਅਤੇ ਬਦਨਾਮ ਵੀ।

ਲੰਘੇ ਦਿਨ ਹੀ ਇਸ ਜੇਲ੍ਹ ਦੇ ਇੱਕ ਹਵਾਲਾਤੀ ਦੀ ਇਲਾਜ ਦੇ ਦੌਰਾਨ ਮੌਤ ਹੋ ਜਾਣ ਦੇ ਬਾਅਦ ਇਹ ਜੇਲ੍ਹ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ। ਭਾਵੇਂਕਿ ਇਸ ਵਾਰ ਇਸ ਜੇਲ੍ਹ ਦਾ ਚਰਚਾ ਨਾਲ ਸਿੱਧਾ ਸਬੰਧ ਤਾਂ ਕੋਈ ਨਜ਼ਰ ਨਹੀਂ ਆ ਰਿਹਾ ਪਰ, ਮ੍ਰਿਤਕ ਦੇ ਵਾਰਸ ਇਸ ਲਈ ਜੇਲ੍ਹ ਪ੍ਰਸ਼ਾਸਨ ਦੀ ਅਣਗਹਿਲੀ ਨੂੰ ਹੀ ਮੌਤ ਦਾ ਵੱਡਾ ਕਾਰਨ ਮੰਨ ਰਹੇ ਹਨ।

ਪਟਿਆਲਾ ਜੇਲ੍ਹ ਵਿੱਚ ਨਸ਼ਾ ਤਸਕਰੀ ਦੇ ਇਲਜ਼ਾਮਾਂ ਤਹਿਤ ਬੰਦ ਸਮਾਣਾ ਦੇ ਰਹਿਣ ਵਾਲੇ 42 ਸਾਲਾਂ ਦੇ ਰਾਜ ਵਰਮਾ ਨਾਮਕ ਇੱਕ ਹਵਾਲਾਤੀ ਦੀ ਰਜਿੰਦਰਾ ਹਸਪਤਾਲ ਵਿੱਚ ਦੌਰਾਨ-ਏ-ਇਲਾਜ ਮੌਤ ਹੋ ਗਈ ਸੀ। ਰਾਜ ਵਰਮਾ ਦੀ ਪਤਨੀ ਰਜਨੀ ਦਾ ਮੰਨਣਾ ਹੈ ਕਿ ਜੇਕਰ ਜੇਲ੍ਹ ਪ੍ਰਸ਼ਾਸਨ ਨੇ ਸਮੇਂ ਰਹਿੰਦੇ ਉਸਦੇ ਪਤੀ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਭੇਜਿਆ ਹੁੰਦਾ ਤਾਂ ਉਸਦੀ ਜਾਨ ਬਚ ਜਾਣੀ ਸੀ।

ਦੂਜੇ ਪਾਸੇ ਜੇਲ੍ਹ ਸੁਪਰਡੈਂਟ ਭੁਪਿੰਦਰ ਵਿਰਕ ਦਾ ਕਹਿਣਾ ਹੈ ਰਾਜ ਵਰਮਾ 15 ਜੁਲਾਈ ਨੂੰ ਜੇਲ੍ਹ ਵਿੱਚ ਆਇਆ ਸੀ। ਅੰਦਰ ਆਉਂਦਿਆਂ ਹੀ ਉਸਦੀ ਤਬੀਅਤ ਖਰਾਬ ਹੋ ਗਈ ਸੀ, ਜਿਸਦੇ ਚਲਦਿਆਂ ਪਹਿਲਾਂ ਉਸਨੂੰ ਜੇਲ੍ਹ ਦੇ ਹਸਪਤਾਲ ਵਿੱਚ ਅਤੇ ਬਾਅਦ ਵਿੱਚ ਹਾਲਤ ਵਿਗੜਦੀ ਵੇਖ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ, ਜਿੱਥੇ ਕਿ ਉਸਦੀ ਮੌਤ ਹੋ ਗਈ।

ਭਾਵੇਂ ਕਿ ਮਰਨ ਵਾਲੇ ਦੀ ਤਨੀ ਅਤੇ ਜੇਲ੍ਹ ਸੁਪਰਡੈਂਟ ਭੁਪਿੰਦਰ ਵਿਰਕ ਆਪੋ ਆਪਣੀ ਥਾਂ ਤੇ ਠੀਕ ਵੀ ਹੋਣ ਪਰ ਬਾਵਜੂਦ ਇਸਦੇ ਸਵਾਲ ਤੋਂ ਇਹ ਪੈਦਾ ਹੁੰਦਾ ਹੈ ਕਿ ਆਖਰ ਲੋੜਵੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਸਮਾਂ ਰਹਿੰਦਿਆਂ ਇਲਾਜ ਲਈ ਹਸਪਤਾਲਾਂ ਵਿੱਚ ਕਿਉਂ ਭੇਜਿਆ ਜਾਂਦਾ? ਅੱਜ ਜੇਕਰ ਰਾਜ ਵਰਮਾ ਨੂੰ ਵੀ ਸਮੇਂ ਤੇ ਹਸਪਤਾਲ ਦਾਖ਼ਲ ਕਰਵਾ ਦਿੱਤਾ ਜਾਂਦਾ ਤਾਂ ਉਸਦੀ ਪਤਨੀ ਤੇ ਬੱਚਿਆਂ ਨੂੰ ਉਸਦੇ ਬਾਹਰ ਆ ਜਾਣ ਦੀ ਆਸ ਤਾਂ ਰਹਿੰਦੀ, ਜਿਹੜੀ ਕਿ ਹੁਣ ਖ਼ਤਮ ਹੋ ਚੁੱਕੀ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।