'ਸਿੱਧੂ' ਆਇਆ ਲੰਗਾਹ ਦੇ ਰਡਾਰ 'ਤੇ, ਫੇਸਬੁੱਕ ਤੇ ਪੋਸਟ ਪਾ ਕੇ ਖੂਬ ਭੰਡਿਆ!

Last Updated: Jul 21 2019 17:32
Reading time: 2 mins, 0 secs

ਸਿੱਧੂ ਨੂੰ ਕੈਬਨਿਟ ਦੀ ਵਜ਼ੀਰੀ ਤੋਂ ਹੱਥ ਕੀ ਧੋਣੇ ਪੈ ਗਏ ਵਿਰੋਧੀ ਵੀ ਉਸ ਦੇ ਪਿੱਛੇ ਹੱਥ ਧੋ ਕੇ ਹੀ ਪੈ ਗਏ ਦਿਖਾਈ ਦੇ ਰਹੇ ਹਨ। ਕਿਸੇ ਵੇਲੇ ਆਪਣੀਆਂ ਤੇਜ ਤਰਾਰ ਤਕਰੀਰਾਂ ਨਾਲ ਲੋਕਾਂ ਨੂੰ ਕੀਲਣ ਵਾਲੇ ਸਿੱਧੂ ਹੁਣ ਪਿਛਲੇ ਡੇਢ ਮਹੀਨੇ ਤੋਂ ਬਿਲਕੁਲ ਹੀ ਗੁੰਮ ਹੋ ਕੇ ਬੈਠੇ ਹੋਏ ਹਨ। ਆਪਣੀਆਂ ਤਕਰੀਰਾਂ ਵਿੱਚ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਵਾਇਰਲ ਸੀ ਡੀ ਨੂੰ ਲੈ ਕੇ ਭੰਡਣ ਵਾਲੇ ਸਿੱਧੂ ਹੁਣ ਲੰਗਾਹ ਦੇ ਟਾਰਗੇਟ ਤੇ ਆ ਗਏ ਦਿਖਾਈ ਦੇ ਰਹੇ ਹਨ ਤਾਹੀਓਂ ਅੱਜ ਫੇਸਬੁੱਕ ਅਕਾਊਂਟ ਤੇ ਲੰਗਾਹ ਦੇ ਸਪੁੱਤਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਨੇ ਸਿੱਧੂ ਦੇ ਅਸਤੀਫੇ ਤੇ ਵਿਅੰਗ ਕਰਦਿਆਂ ਪੋਸਟ ਪਾ ਕੇ ਸਿੱਧੂ ਦੀ ਰੱਜ ਕੇ ਖਿੱਲੀ ਉਡਾਈ ਹੈ। ਸੁਖਜਿੰਦਰ ਸਿੰਘ ਸੋਨੂੰ ਲੰਗਾਹ ਦੇ ਨਾਮ ਤੇ ਚਲ ਰਹੇ ਫ਼ੇਸਬੁੱਕ ਅਕਾਊਂਟ ਤੇ ਅੱਜ ਇੱਕ ਪੋਸਟ ਪਾਈ ਗਈ ਹੈ ਜਿਸ ਤੇ ਸੋਨੂੰ ਲੰਗਾਹ ਦੀ ਫੋਟੋ ਲੱਗੀ ਹੋਈ ਹੈ ਤੇ ਇਸ ਅਕਾਊਂਟ ਦੀਆਂ ਜਦੋਂ ਪਿਛਲੀਆਂ ਪੋਸਟਾਂ ਵੇਖੀਆਂ ਗਈਆਂ ਤਾਂ ਲੱਗਦਾ ਤਾਂ ਇਹੀ ਹੈ ਕਿ ਇਹ ਸੋਨੂੰ ਲੰਗਾਹ ਦਾ ਹੀ ਅਧਿਕਾਰਕ ਫੇਸਬੁੱਕ ਅਕਾਊਂਟ ਹੈ ਕਿਉਂ ਕਿ ਇਸ ਅਕਾਊਂਟ ਤੇ ਅਕਾਲੀ ਦਲ ਨਾਲ ਸਬੰਧਿਤ ਵੀ ਕਈ ਪੋਸਟਾਂ ਪਹਿਲਾਂ ਹੀ ਪੈ ਚੁੱਕੀਆਂ ਹਨ।

ਪਰ ਅੱਜ ਜੋ ਪੋਸਟ ਪਾਈ ਗਈ ਹੈ ਉਹ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਇਸ ਪੋਸਟ ਤੇ ਕਈਆਂ ਨੇ ਸਿੱਧੂ ਦੇ ਖਿਲਾਫ ਕੁਮੈਂਟ ਵੀ ਕੀਤੇ ਹਨ। ਜੋ ਪੋਸਟ ਲੰਗਾਹ ਦੇ ਫੇਸਬੁੱਕ ਅਕਾਊਂਟ ਤੇ ਪਈ ਹੈ ਉਸ ਵਿੱਚ ਸਿੱਧੂ ਦੀਆਂ ਤਿੰਨ ਵੱਖ-ਵੱਖ ਤਸਵੀਰਾਂ ਲਾਈਆਂ ਗਈਆਂ ਹਨ ਤੇ ਤਿੰਨਾਂ ਤਸਵੀਰਾਂ ਤੇ ਵੱਖਰੇ ਵੱਖਰੇ ਕੁਮੈਂਟ ਲਿਖੇ ਹੋਏ ਹਨ। ਪੋਸਟ ਵਿੱਚ ਲਿਖਿਆ ਹੈ ਕਿ 'ਨਾ ਘਰ ਦਾ ਰਿਹਾ ਨਾ ਘਾਟ ਦਾ, ਗੁਰੂ ਸਾਹਿਬ ਨੇ ਹੰਕਾਰ ਕੀਤਾ ਚੂਰ ਚੂਰ। ਦੂਜੇ ਫੋਟੋ ਤੇ ਲਿਖਿਆ ਹੈ ਕਿ 'ਨਾ ਮੈਂ ਪੇਕਿਆਂ ਨੇ ਰੱਖੀ ਨਾ ਮੈਂ ਸਹੁਰਿਆਂ ਦੀ ਹੋਈ। ਤੀਸਰੀ ਫੋਟੋ ਤੇ ਲਿਖਿਆ ਹੈ ਕਿ ਬੇਅਦਬੀਆਂ ਤੇ ਸਿਆਸਤ ਕਰਨ ਵਾਲੇ ਦਾ ਕੱਖ ਨਹੀਂ ਰਹਿੰਦਾ, ਸਿੱਧੂ ਦਾ ਵੀ ਕੱਖ ਨਹੀਂ ਰਿਹਾ। ਇਸ ਤੋਂ ਇਲਾਵਾ ਪਹਿਲਾਂ ਸਿੱਧੂ ਦੇ ਗੁੰਮਸ਼ੁਦਾ ਪੋਸਟਰ ਵੀ ਲੱਗੇ ਸਨ ਤੇ ਹੁਣ ਸਿੱਧੂ ਨੂੰ ਪੂਰੀ ਤਰ੍ਹਾਂ ਵਿਰੋਧੀ ਆਪਣੇ ਨਿਸ਼ਾਨੇ ਤੇ ਲੈ ਰਹੇ ਹਨ ਜਿਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਰਾਜਨੀਤੀ ਕਾਫੀ ਜ਼ਿਆਦਾ ਗਰਮਾਉਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਿੱਧੂ ਵੱਲੋਂ ਕਾਂਗਰਸ ਵਜਾਰਤ ਵਿੱਚ ਵਜੀਰ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਸੁੱਚਾ ਸਿੰਘ ਲੰਗਾਹ ਦੇ ਖਿਲਾਫ ਬਹੁਤ ਹੀ ਜ਼ਿਆਦਾ ਕਰੜੀ ਸ਼ਬਦਾਵਲੀ ਦਾ ਪ੍ਰਯੋਗ ਕਰਦਿਆਂ ਬਿਆਨਬਾਜ਼ੀ ਕੀਤੀ ਜਾਂਦੀ ਰਹੀ ਹੈ ਤੇ ਇਸ ਗੱਲ ਦਾ ਹੀ ਜਵਾਬ ਲੰਗਾਹ ਵੱਲੋਂ ਫੇਸਬੁੱਕ ਰਾਹੀ ਦਿੱਤਾ ਗਿਆ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।