ਪਿੰਡ ਮੂਲਿਆਵਾਲੀ ਦੀ ਮਹਿਲਾ ਸਰਪੰਚ ਸਣੇ ਉਸਦੇ ਪਤੀ, ਦਿਉਰ ਤੇ ਸਕੂਲ ਪ੍ਰਿੰਸੀਪਲ ਖਿਲਾਫ਼ ਅਪਰਾਧਕ ਮਾਮਲਾ ਦਰਜ

Last Updated: Jul 21 2019 17:17
Reading time: 1 min, 10 secs

ਜ਼ਿਲ੍ਹਾ ਫਾਜ਼ਿਲਕਾ ਅਧੀਨ ਆਉਂਦੀ ਅਰਨੀਵਾਲਾ ਸ਼ੇਖ ਸੁਭਾਨ ਪੰਚਾਇਤ ਦੀ ਮਹਿਲਾ ਸਰਪੰਚ ਸਮੇਤ ਉਸਦੇ ਪਤੀ ਸਣੇ ਕੁਲ 4 ਜਣਿਆ 'ਤੇ ਅਪਰਾਧਕ ਮਾਮਲਾ ਦਰਜ ਹੋਇਆ ਹੈ। ਇਸ ਮੁਕਦਮੇ 'ਚ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਪ੍ਰਿੰਸੀਪਲ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਵੱਲੋਂ ਨਾਮਜ਼ਦ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਕਾਰਵਾਈ ਅਰੰਭੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਵੱਲੋਂ ਇਹ ਮੁਕਦਮਾ ਦਰਜ ਕਰਵਾਇਆ ਗਿਆ ਹੈ। ਥਾਣਾ ਅਰਨੀਵਾਲਾ ਪੁਲਿਸ ਵੱਲੋਂ ਦਰਜ ਇਸ ਮਾਮਲੇ ਮੁਤਾਬਿਕ ਪਿੰਡ ਦੀ ਮਹਿਲਾ ਸਰਪੰਚ ਕੁਲਦੀਪ ਕੌਰ ਪਤਨੀ ਭੁਪਿੰਦਰ ਸਿੰਘ, ਸਰਪੰਚ ਦੇ ਪਤੀ ਭੁਪਿੰਦਰ ਸਿੰਘ, ਬਲਵਿੰਦਰ ਸਿੰਘ ਪੁੱਤਰਾਂ ਸੋਨਾ ਸਿੰਘ ਵਾਸੀ ਮੂਲਿਆ ਵਾਲੀ ਅਤੇ ਮੁਕੇਸ਼ ਕੁਮਾਰ ਪ੍ਰਿੰਸੀਪਲ ਸਰਕਾਰੀ ਪ੍ਰਾਇਮਰੀ ਸਕੂਲ ਮੂਲਿਆ ਵਾਲੀ ਖਿਲਾਫ਼ ਅਧੀਨ ਧਾਰਾ 379, 427, 506, 120 ਬੀ ਅਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ 3 ਪ੍ਰੀਵੇਂਸ਼ਨ ਆਫ਼ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ 1984 ਤਹਿਤ ਦਰਜ ਕੀਤਾ ਗਿਆ ਹੈ।

ਇਹ ਮੁਕਦਮਾ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸ਼ੇਖ ਸੁਭਾਨ ਵੱਲੋਂ ਬਾਅਦ ਪੜਤਾਲ ਰਿਪੋਰਟ ਉਪ ਕਪਤਾਨ ਪੁਲਿਸ ਜਲਾਲਾਬਾਦ ਨੇ ਬਾਅਦ ਅਪਰੂਵਲ ਕਪਤਾਨ ਪੁਲਿਸ ਦੀ ਹਦਾਇਤਾਂ 'ਤੇ ਦਰਜ ਹੋਇਆ ਹੈ। ਇਸ ਮਾਮਲੇ 'ਚ ਨਾਮਜ਼ਦ ਮੁਲਜ਼ਮਾਂ ਤੇ' ਇਲਜ਼ਾਮ ਹੈ ਕਿ ਇਨ੍ਹਾਂ ਨੇ ਬਿਨਾਂ ਮਨਜੂਰੀ ਹੀ ਸਰਕਾਰੀ ਪ੍ਰਾਇਮਰੀ ਸਕੂਲ ਮੂਲਿਆ ਵਾਲੀ ਵਿੱਚ ਲੱਗੇ ਦਰਖਤ ਵੱਡ ਕੇ ਵੇਚ ਦਿੱਤੇ ਗਏ ਅਤੇ ਇਸਦੇ ਨਾਲ ਹੀ ਸਕੂਲ 'ਚ ਬਣਿਆ ਬਾਥਰੂਮ ਵੀ ਢਾਹ ਦਿੱਤਾ ਗਿਆ। ਇਸ ਸਬੰਧੀ ਸ਼ਿਕਾਇਤ 'ਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਵੱਲੋਂ ਜਾਂਚ ਪੜਤਾਲ ਕੀਤੀ ਗਈ ਅਤੇ ਉਸ ਰਿਪੋਰਟ ਦੇ ਅਧਾਰ 'ਤੇ ਪਿੰਡ ਦੀ ਮਹਿਲਾ ਸਰਪੰਚ, ਉਸਦੇ ਪਤੀ, ਦਿਉਰ ਅਤੇ ਸਕੂਲ ਪ੍ਰਿੰਸੀਪਲ ਖਿਲਾਫ਼ ਇਹ ਮੁਕਦਮਾ ਦਰਜ ਕੀਤਾ ਗਿਆ ਹੈ।