ਝੁੱਗੇ ਨਿਹੰਗਾਂ ਵਾਲੇ, ਭਰੇ ਸ਼ਰਾਬ ਦੇ ਨਾਲ !!!

Last Updated: Jul 21 2019 15:10
Reading time: 1 min, 14 secs

ਸਰਹੱਦੀ ਪਿੰਡ ਝੁੱਗੇ ਨਿਹੰਗਾਂ ਵਾਲੇ, ਜਿੱਥੇ ਰਾਤ ਸਮੇਂ ਨਹੀਂ, ਬਲਕਿ ਦਿਨ ਵੇਲੇ ਹੀ ਸ਼ਰਾਬ ਕੱਢੀ ਜਾਂਦੀ ਹੈ। ਪੁਲਿਸ ਦੇ ਵੱਲੋਂ ਹਰ ਵਾਰ ਹੀ ਵੱਡੇ ਪੱਧਰ 'ਤੇ ਨਜਾਇਜ਼ ਸ਼ਰਾਬ ਬਰਾਮਦ ਕੀਤੀ ਜਾਂਦੀ ਹੈ, ਪਰ ਫਿਰ ਵੀ ਸ਼ਰਾਬ ਦਾ ਧੰਦਾ ਬੰਦ ਹੋਣ ਦਾ ਨਾਮ ਨਹੀਂ ਲੈ ਰਿਹਾ। ਸਦਰ ਪੁਲਿਸ ਫਿਰੋਜ਼ਪੁਰ ਦੇ ਵੱਲੋਂ ਹੁਣ ਝੁੱਗੇ ਨਿਹੰਗਾਂ ਵਾਲੇ ਤੋਂ ਫਿਰ 200 ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਫੜੀਆਂ ਗਈਆਂ ਹਨ, ਪਰ ਮੁਲਜ਼ਮ ਭੱਜਣ ਵਿੱਚ ਸਫ਼ਲ ਦੱਸੇ ਜਾ ਰਹੇ ਹਨ। ਇਸ ਸਬੰਧੀ ਪੁਲਿਸ ਥਾਣਾ ਸਦਰ ਫਿਰੋਜ਼ਪੁਰ ਦੇ ਵੱਲੋਂ ਦੋ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।

ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਫਿਰੋਜ਼ਪੁਰ ਦੇ ਏਐਸਆਈ ਪਵਨ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿੱਚ ਬੰਨ ਦਰਿਆ ਅਲੀ ਕੇ ਨੇੜੇ ਮੌਜ਼ੂਦ ਸਨ ਤਾਂ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਕਿਸੇ ਖ਼ਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਮਲਕੀਤ ਸਿੰਘ ਉਰਫ ਘੋਦਰੀ ਅਤੇ ਮਲਕੀਤ ਸਿੰਘ ਨਾਂਅ ਦੇ ਦੋ ਵਿਅਕਤੀ ਨਜਾਇਜ਼ ਸ਼ਰਾਬ ਕੱਢਣ ਅਤੇ ਵੇਚਣ ਦੇ ਆਦੀ ਹਨ ਅਤੇ ਹੁਣ ਵੀ ਉਕਤ ਵਿਅਕਤੀ ਨਜਾਇਜ਼ ਸ਼ਰਾਬ ਦਾ ਧੰਦਾ ਕਰ ਰਹੇ ਹਨ।

ਪੁਲਿਸ ਨੇ ਦਾਅਵਾ ਕਰਦਿਆਂ ਹੋਇਆਂ ਦੱਸਿਆ ਕਿ ਮੁਖ਼ਬਰ ਤੋਂ ਸੂਚਨਾ ਮਿਲਦਿਆਂ ਸਾਰ ਜਦੋਂ ਉਕਤ ਜਗ੍ਹਾ 'ਤੇ ਛਾਪੇਮਾਰੀ ਕੀਤੀ ਗਈ ਤਾਂ ਉੱਥੋਂ ਨਜਾਇਜ਼ ਸ਼ਰਾਬ ਦੀਆਂ 200 ਬੋਤਲਾਂ ਬਰਾਮਦ ਕੀਤੀਆਂ ਗਈਆਂ, ਜਦਕਿ ਮੁਲਜ਼ਮ ਭੱਜਣ ਵਿੱਚ ਸਫ਼ਲ ਹੋ ਗਏ। ਏਐਸਆਈ ਪਵਨ ਕੁਮਾਰ ਨੇ ਦੱਸਿਆ ਕਿ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਮਲਕੀਤ ਸਿੰਘ ਉਰਫ ਘੋਦਰੀ ਪੁੱਤਰ ਦਿਆਲ ਸਿੰਘ ਅਤੇ ਮਲਕੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਝੁੱਗੇ ਨਿਹੰਗਾਂ ਵਾਲਾ ਦੇ ਵਿਰੁੱਧ ਪਰਚਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।