ਪ੍ਰਧਾਨਾਂ ਤੋਂ ਸੱਖਣੀ ਕਾਂਗਰਸ ਨੇ ਜ਼ਿਲ੍ਹਾ ਪੱਧਰ ਤੇ ਵੰਡੇ ਰਿਓੜੀਆਂ ਵਾਂਗ ਅਹੁਦੇ !!!

Last Updated: Jul 21 2019 13:52
Reading time: 3 mins, 18 secs

ਦੇਸ਼ ਵਿੱਚ ਹੀ ਕਾਂਗਰਸ ਦੀ ਹੋਈ ਲੋਕਸਭਾ ਚੋਣਾਂ ਵਿੱਚ ਦੁਰਦਸ਼ਾ ਨੇ ਪਾਰਟੀ ਨੂੰ ਪੂਰੀ ਤਰ੍ਹਾਂ ਲਵਾਰਿਸ ਹੀ ਕਰਕੇ ਰੱਖ ਦਿੱਤਾ ਹੈ। ਓਧਰ ਕੌਮੀ ਪ੍ਰਧਾਨ ਅਤੇ ਇੱਥੇ ਪੰਜਾਬ ਪ੍ਰਧਾਨ ਤੋਂ ਸੱਖਣੀ ਕਾਂਗਰਸ ਵਿੱਚ ਆਪੋਧਾਪੀ ਪਈ ਦਿਖਾਈ ਦੇ ਰਹੀ ਹੈ ਤੇ ਹਰ ਕੋਈ ਆਪਣੀ ਮਨਮਰਜ਼ੀ ਕਰਦਾ ਦਿਖਾਈ ਦੇ ਰਿਹਾ ਹੈ। ਜੇਕਰ ਕੈਪਟਨ ਸਿੱਧੂ ਵਾਲੇ ਹਾਲਾਤਾਂ ਤੇ ਨਜ਼ਰਸਾਨੀ ਕੀਤੀ ਜਾਵੇ ਤਾਂ ਜਿੱਥੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਦਾ ਵਿਭਾਗ ਬਦਲੇ ਜਾਣ ਨੂੰ ਰਾਜਨੀਤੀ ਦੀ ਖ਼ਬਰ ਰੱਖਣ ਵਾਲੇ ਮਨਮਾਨੀ ਮੰਨ ਕੇ ਚੱਲ ਰਹੇ ਹਨ ਉੱਥੇ ਸਿੱਧੂ ਵੱਲੋਂ ਵੀ ਨਵੇਂ ਵਿਭਾਗ ਦਾ ਅਹੁਦਾ ਨਾ ਸੰਭਾਲਣਾ ਅਤੇ ਫੇਰ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦੇਣਾ ਵੀ ਸਿੱਧੂ ਦੀ ਆਪਹੁਦਰੀ ਹੀ ਗਰਦਾਨ ਰਹੇ ਹਨ। ਜੇਕਰ ਵੇਖਿਆ ਜਾਵੇ ਤਾਂ ਕੈਪਟਨ ਸਿੱਧੂ ਦੇ ਵਿਵਾਦ ਵਿੱਚ ਹਾਈਕਮਾਨ ਵੀ ਕੋਈ ਖ਼ਾਸ ਰੋਲ ਅਦਾ ਕਰਨ ਵਿੱਚ ਅਸਮਰਥ ਹੀ ਦਿਖਾਈ ਦਿੱਤੀ ਸੀ ਭਾਵੇਂ ਕਿ ਖ਼ਬਰਾਂ ਤਾਂ ਮਿਲੀਆਂ ਸਨ ਕਿ ਰਾਹੁਲ ਗਾਂਧੀ ਨੇ ਸੀਨੀਅਰ ਆਗੂ ਅਹਿਮਦ ਪਟੇਲ ਦੀ ਡਿਊਟੀ ਲਗਾਈ ਸੀ ਦੋਵਾਂ ਦੀ ਸੁਲ੍ਹਾ ਕਰਵਾਉਣ ਦੀ ਪਰ ਇਹ ਵੀ ਗੋਂਗਲੂਆਂ ਤੋਂ ਮਿੱਟੀ ਝਾੜਨ ਤੱਕ ਹੀ ਸੀਮਤ ਹੋ ਕੇ ਰਹਿ ਗਈ ਸੀ ਕਿਉਂਕਿ ਪਟੇਲ ਨਾਲ ਤਾਂ ਕੈਪਟਨ ਸਾਹਿਬ ਨੇ ਸਿੱਧੂ ਮਸਲੇ ਤੇ ਗੱਲ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਸੀ ਤੇ ਮੁੜ ਪ੍ਰਿਯੰਕਾ ਗਾਂਧੀ ਦੀ ਵੀ ਨਹੀਂ ਸੀ ਮੰਨੀ ਗਈ ਅਜਿਹਾ ਸੁਣਨ ਵਿੱਚ ਮਿਲਦਾ ਰਿਹਾ ਹੈ। ਸੁਣਨ ਵਿੱਚ ਤਾਂ ਇਹ ਵੀ ਮਿਲ ਰਿਹਾ ਹੈ ਕਿ ਕਾਂਗਰਸ ਦੇ ਢਾਈ ਸਾਲਾਂ ਵਿੱਚ ਜ਼ਿਆਦਾਤਰ ਵਰਕਰ ਅਤੇ ਸੀਨੀਅਰ ਜੂਨੀਅਰ ਲੀਡਰ ਵੀ ਅੰਦਰਖਾਤੇ ਪਾਰਟੀ ਨਾਲ ਨਾਰਾਜ਼ ਹੀ ਸਨ ਕਿਉਂਕਿ ਜਿਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵੇਲੇ ਟਿਕਟਾਂ ਨਹੀਂ ਸਨ ਮਿਲੀਆਂ ਉਹ ਚੇਅਰਮੈਨੀਆਂ ਲਈ ਮੂੰਹ ਸਵਾਰਦੇ ਦੱਸੇ ਗਏ ਸਨ ਪਰ ਅਜੇ ਤੱਕ ਅਜਿਹੇ ਵਰਕਰਾਂ ਦੇ ਮੂੰਹ ਵਿੱਚ ਵੀ ਚੇਅਰਮੈਨੀਆਂ ਵਾਲਾ ਲੱਡੂ ਨਹੀਂ ਸੀ ਪਿਆ ਜਿਸ ਕਰਕੇ ਵਰਕਰਾਂ ਵਿੱਚ ਅਸੰਤੋਸ਼ ਦੀ ਭਾਵਨਾ ਵਧਦੀ ਜਾ ਰਹੀ ਸੀ ਅਜਿਹੀਆਂ ਚਰਚਾਵਾਂ ਸੁਣਨ ਨੂੰ ਮਿਲੀਆਂ ਸਨ।

ਭਾਵੇਂ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਈ ਸੀਨੀਅਰ ਆਗੂਆਂ ਨੂੰ ਪੰਜਾਬ ਪੱਧਰ ਤੇ ਚੇਅਰਮੈਨੀਆਂ ਅਤੇ ਹੋਰ ਅਹੁਦੇ ਦਿੱਤੇ ਜਾ ਰਹੇ ਹਨ ਤੇ ਸੁਣਨ ਵਿੱਚ ਮਿਲ ਰਿਹਾ ਹੈ ਕਿ ਆਉਂਦੇ ਦਿਨਾਂ ਵਿੱਚ ਨਗਰ ਸੁਧਾਰ ਟਰੱਸਟਾਂ ਦੀਆਂ ਚੇਅਰਮੈਨੀਆਂ, ਮਾਰਕੀਟ ਕਮੇਟੀ ਦੀਆਂ ਚੇਅਰਮੈਨੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਸਮੇਤ ਹੋਰ ਵੀ ਸਰਕਾਰੀ ਅਹੁਦੇ ਵੰਡੇ ਜਾਣੇ ਹਨ ਜਿਸ ਕਰਕੇ ਵਰਕਰਾਂ ਵੱਲੋਂ ਜ਼ੋਰ ਅਜ਼ਮਾਈ ਕੀਤੀ ਜਾ ਰਹੀ ਦੱਸੀ ਜਾ ਰਹੀ ਹੈ ਤੇ ਨਾਲ ਹੀ ਹਾਈਕਮਾਨ ਤੱਕ ਵੀ ਭੱਜ ਦੌੜ ਵੀ ਕੀਤੀ ਜਾ ਰਹੀ ਸੁਣਨ ਵਿੱਚ ਮਿਲ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਅਜਿਹੇ ਸਰਕਾਰੀ ਅਹੁਦਿਆਂ ਦੇ ਚਾਹਵਾਨ ਆਪਣੇ-ਆਪਣੇ ਸਿਆਸੀ ਆਕਾ ਤੱਕ ਪਹੁੰਚ ਬਣਾ ਰਹੇ ਹਨ ਤਾਂ ਜੋ ਸਰਕਾਰ ਵਿੱਚ ਕੋਈ ਨਾ ਕੋਈ ਫੀਤੀ ਲਗਵਾਈ ਜਾ ਸਕੇ। ਇਸ ਤੋਂ ਇਲਾਵਾ ਹੁਣ ਪਾਰਟੀ ਵਿੱਚ ਵੀ ਵਰਕਰਾਂ ਨੂੰ ਅਹੁਦੇ ਦੇ ਕੇ ਹਲਕਾ ਵਾਈਜ਼ ਸੰਤੁਸ਼ਟ ਕਰਨ ਦਾ ਯਤਨ ਸ਼ਾਇਦ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਤਹਿਤ ਬੀਤੇ ਦਿਨੀਂ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਵੱਲੋਂ ਰਿਓੜੀਆਂ ਦੀ ਤਰ੍ਹਾਂ ਅਹੁਦੇ ਵੰਡੇ ਗਏ ਹਨ। ਜ਼ਿਲ੍ਹਾ ਪ੍ਰਧਾਨ ਵੱਲੋਂ ਵੰਡੇ ਗਏ ਇਸ ਤਰ੍ਹਾਂ ਥੋਕ ਦੇ ਭਾਅ ਅਹੁਦਿਆਂ ਦਾ ਕਈ ਸੀਨੀਅਰ ਵਰਕਰਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਉੱਥੇ ਕਈਆਂ ਦਾ ਕਹਿਣਾ ਹੈ ਕਿ ਜਿਸ ਪਾਰਟੀ ਦਾ ਕੌਮੀ ਅਤੇ ਪੰਜਾਬ ਦਾ ਪ੍ਰਧਾਨ ਹੈ ਹੀ ਨਹੀਂ ਤੇ ਜਿਹੜੀ ਪਾਰਟੀ ਬਿਨਾਂ ਪ੍ਰਧਾਨਾ ਤੋਂ ਲਵਾਰਿਸਾਂ ਵਾਂਗ ਪਈ ਹੋਈ ਹੈ ਉਸ ਦੇ ਜ਼ਿਲ੍ਹੇ ਪੱਧਰ ਤੇ ਕਿਸ ਤਰ੍ਹਾਂ ਨਿਯੁਕਤੀਆਂ ਹੋ ਸਕਦੀਆਂ ਹਨ ਤੇ ਜੇਕਰ ਹੋ ਵੀ ਗਈਆਂ ਹਨ ਤਾਂ ਅਜਿਹੀਆਂ ਨਿਯੁਕਤੀਆਂ ਦਾ ਫ਼ਾਇਦਾ ਕੀ ਹੈ।

ਜਾਣਕਾਰੀ ਅਨੁਸਾਰ ਜ਼ਿਲ੍ਹਾ ਪੱਧਰ ਤੇ 190 ਅਹੁਦੇ ਵੰਡੇ ਗਏ ਤੇ ਇਨ੍ਹਾਂ ਅਹੁਦਿਆਂ ਵਿੱਚ 7 ਸੀਨੀਅਰ ਵਾਈਸ ਪ੍ਰਧਾਨ, 31 ਵਾਈਸ ਪ੍ਰਧਾਨ, 76 ਜਨਰਲ ਸਕੱਤਰ, 74 ਸੈਕਟਰੀ ਅਤੇ 2 ਮੀਡੀਆ ਇੰਚਾਰਜ ਵੀ ਬਣਾਏ ਗਏ ਹਨ। ਇਸ ਤੋਂ ਇਲਾਵਾ ਸਰਕਲ ਪੱਧਰ ਤੇ ਵੀ ਪ੍ਰਧਾਨਾਂ ਵੱਲੋਂ ਵੀ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਇਸ ਤਰ੍ਹਾਂ ਰਿਓੜੀਆਂ ਵਾਂਗ ਵੰਡੇ ਗਏ ਪਾਰਟੀ ਦੇ ਅਹੁਦਿਆਂ ਦਾ ਆਮ ਜਨਤਾ ਨੂੰ ਕੀ ਫ਼ਾਇਦਾ ਹੁੰਦਾ ਹੈ ਤੇ ਜਿਸ ਵੀ ਕਿਸੇ ਨੂੰ ਅਜਿਹੇ ਅਹੁਦੇ ਮਿਲੇ ਹਨ ਉਹ ਆਮ ਜਨਤਾ ਦੇ ਭਲੇ ਲਈ ਕੁਝ ਕਰਨਗੇ ਜਾਂ ਫੇਰ ਆਪਣੀ ਫੋਕੀ ਟੌਹਰ ਲਈ ਅਜਿਹੇ ਅਹੁਦਿਆਂ ਦੀ ਵਰਤੋਂ ਥਾਣੇ, ਤਹਿਸੀਲ ਜਾਂ ਹੋਰ ਸਰਕਾਰੀ ਅਦਾਰਿਆਂ ਵਿੱਚ ਕਰਨਗੇ। ਇੱਥੇ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ ਕਿ ਕੌਮੀ ਪੱਧਰ ਤੇ ਰਾਹੁਲ ਗਾਂਧੀ ਨੇ ਆਪਣਾ ਅਸਤੀਫ਼ਾ ਦੇ ਰੱਖਿਆ ਹੈ ਤੇ ਪੰਜਾਬ ਪੱਧਰ ਤੇ ਸੁਨੀਲ ਜਾਖੜ ਵੀ ਪਾਰਟੀ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਵਿਹਲੇ ਹੋ ਬੈਠੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।