ਦੋਸਤਾਂ ਨੂੰ ਹੁਣ ਦੋਸਤੀ 'ਤੇ ਭਰੋਸਾ ਹੀ ਨਾ ਰਿਹਾ!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 21 2019 13:19
Reading time: 3 mins, 10 secs

ਕਹਿੰਦੇ ਹਨ ਕਿ ਦੋਸਤੀ ਉਹ ਹੁੰਦੀ ਹੈ, ਜੋ ਹੋਰਨਾਂ ਰਿਸ਼ਤਿਆਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੁੰਦੀ ਹੈ। ਆਮ ਰਿਸ਼ਤਿਆਂ ਦੇ ਵਿੱਚ ਭਾਵੇਂ ਬੰਦਾ ਮਰਨ ਤੱਕ ਨਾ ਜਾਵੇ, ਪਰ ਦੋਸਤੀ ਦੇ ਵਿੱਚ ਬੰਦਾ ਆਪਣੀ ਜਾਨ ਵੀ ਦੇ ਦਿੰਦਾ ਹੈ। ਦਰਅਸਲ, ਦੋਸਤੀ ਨੂੰ ਅੱਜ ਦੇ ਜਮਾਨੇ ਵਿੱਚ ਬਹੁਤ ਹੀ ਵਿਰਲੇ ਬੰਦੇ ਨਿਭਾਉਂਦੇ ਹਨ ਅਤੇ ਜਿਹੜੇ ਨਿਭਾਉਂਦੇ ਹਨ ਉਹ ਤਰ ਜਾਂਦੇ ਹਨ। ਕੋਈ ਵੇਲਾ ਸੀ, ਜਦੋਂ ਦੋਸਤ ਕਾਫੀ ਸਾਰੇ ਹੁੰਦੇ ਸੀ, ਪਰ ਹੁਣ ਜਮਾਨਾਂ ਇਸ ਪ੍ਰਕਾਰ ਦਾ ਆ ਗਿਆ ਹੈ ਕਿ ਦੋਸਤ ਲੱਭਣ ਦੇ ਲਈ ਸਾਨੂੰ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਪੈ ਰਿਹਾ ਹੈ।

ਕਿਉਂਕਿ ਸਮਾਂ ਹੀ ਇੰਨੀਂ ਤੇਜੀ ਦੇ ਨਾਲ ਚੱਲ ਰਿਹਾ ਹੈ ਕਿ ਜੇਕਰ ਕੋਈ ਬੰਦਾ ਹੌਲੀ ਚੱਲਦਾ ਹੈ ਤਾਂ ਉਸ ਨੂੰ ਕਈ ਬੰਦੇ ਕੱਟ ਕੇ ਅੱਗੇ ਨਿਕਲ ਜਾਂਦੇ ਹਨ। ਭਾਵੇਂ ਹੀ ਦੋਸਤੀ ਕਾਫੀ ਜ਼ਿਆਦਾ ਪਵਿੱਤਰ ਸ਼ਬਦ ਹੈ, ਪਰ ਇਸ ਵਿੱਚ ਵੀ ਹੁਣ ਫਿਕ ਪੈਣੀ ਸ਼ੁਰੂ ਹੋ ਗਈ, ਕਿਉਂਕਿ ਉਸ ਦਾ ਸਭ ਤੋਂ ਅਹਿਮ ਕਾਰਨ ਹੈ ਪੈਸਾ। ਜਿਹੜਾ ਕਿ ਬੰਦੇ ਨੂੰ ਜਿਉਣ ਹੀ ਨਹੀਂ ਦੇ ਰਿਹਾ। ਵੇਖਿਆ ਜਾਵੇ ਤਾਂ ਅੱਜ ਜਿਸ ਬੰਦੇ ਦੇ ਕੋਲ ਪੈਸਾ ਹੈ, ਉਸ ਦੇ ਹੀ ਸਾਰੇ ਮਿੱਤਰ ਹਨ। ਜਿਸ ਦੇ ਕੋਲ ਪੈਸਾ ਨਹੀਂ, ਉਸ ਦੇ ਰਿਸ਼ਤੇਦਾਰ ਵੀ ਦੁਸ਼ਮਣ ਬਣ ਜਾਂਦੇ ਹਨ ਅਤੇ ਮਿੱਤਰ ਤਾਂ ਪਹਿਲੋਂ ਹੀ ਕੋਈ ਨਹੀਂ ਹੁੰਦੇ।

ਦਰਅਸਲ, ਜਿਸ ਮਿੱਤਰਤਾ ਦੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ। ਉਹ ਵੀ ਕੁਝ ਅਜਿਹੀ ਹੀ ਹੈ। ਪੈਸੇ ਦੇ ਪਿੱਛੇ ਸਾਲਾਂ ਪੁਰਾਣੇ ਰਿਸ਼ਤੇ ਵਿੱਚ ਫਿੱਕ ਪੈ ਗਈ। ਮਾਮਲਾ ਇੱਥੋਂ ਤੱਕ ਵੱਧ ਗਿਆ ਕਿ ਇੱਕ ਦੋਸਤ ਨੇ ਹੀ ਆਪਣੇ ਦੋਸਤ ਨਾਲ ਧੋਖਾ ਕਰਦਿਆਂ ਹੋਇਆ ਕੇਸ ਮਾਣਯੋਗ ਅਦਾਲਤ ਦੇ ਵਿੱਚ ਲਗਾ ਦਿੱਤਾ। ਭਾਵੇਂ ਹੀ ਉਕਤ ਮਾਮਲਾ ਹਾਲੇ ਵਿੱਚਾਰ ਅਧੀਨ ਹੈ, ਵੱਜੀ ਠੱਗੀ ਦਾ ਜ਼ਿਆਦਾ ਦੁੱਖ ਨਹੀਂ ਸੱਜਣ ਨੂੰ, ਪਰ ਦੋਸਤੀ ਦੇ ਵਿੱਚ ਮਿਲਿਆ ਧੋਖਾ ਜ਼ਿਆਦਾ ਦੁੱਖ ਦੇ ਰਿਹਾ ਹੈ। ਮਾਮਲਾ ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਤੋਂ ਸਾਹਮਣੇ ਆ ਰਿਹਾ ਹੈ।

ਦੱਸ ਦਈਏ ਕਿ ਇੱਕ ਵਿਅਕਤੀ ਦੀ 2 ਕਨਾਲ ਜ਼ਮੀਨ ਦੇ ਵਿੱਚ ਕੁਝ ਵਿਅਕਤੀਆਂ ਨੇ ਆਈਸ ਕ੍ਰੀਮ ਦੀ ਫੈਕਟਰੀ ਲਗਵਾਈ ਤੇ ਖਾਲੀ ਕਾਗਜਾਤ 'ਤੇ ਦਸਤਖ਼ਤ ਕਰਵਾ ਲਏ ਸਨ। ਹਿਸਾਬ ਦੀ ਗੜਬੜੀ ਹੋਣ ਕਰਕੇ ਜਿਸ ਬੰਦੇ ਦੀ ਜ਼ਮੀਨ ਸੀ, ਉਸ ਦੀ ਆਪਣੇ ਦੋਸਤਾਂ ਦੇ ਨਾਲ ਨਹੀਂ ਨਿਭੀ ਅਤੇ ਉਕਤ ਦੋਸਤਾਂ ਨੇ ਜ਼ਮੀਨ ਵਾਲੇ ਬੰਦੇ ਦੇ ਦਸਤਖ਼ਤ ਕਰਵਾਏ ਕਾਗਜਾਤ ਫਾਈਲ ਬਣਾ ਕੇ ਮਾਣਯੋਗ ਅਦਾਲਤ ਵਿੱਚ ਕੇਸ ਲਗਾ ਦਿੱਤਾ ਅਤੇ ਫੈਕਟਰੀ ਦੀ ਕੰਧ ਤੋੜ ਕੇ ਫੈਕਟਰੀ ਵਿੱਚ ਲੱਗਾ ਸਮਾਨ ਚੋਰੀ ਕਰ ਲਿਆ।

ਇਸ ਸਬੰਧ ਵਿੱਚ ਭਾਵੇਂ ਹੀ ਗੁਰੂਹਰਸਹਾਏ ਪੁਲਿਸ ਦੇ ਵੱਲੋਂ 5 ਲੋਕਾਂ ਦੇ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਪਰ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਰਾਜ ਕੁਮਾਰ ਪੁੱਤਰ ਕਸ਼ਮੀਰੀ ਲਾਲ ਵਾਸੀ ਆਦਰਸ਼ ਨਗਰ ਮੰਡੀ ਗੁਰੂਹਰਸਹਾਏ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਸ ਦਾ ਸੁਰਿੰਦਰ ਸਿੰਘ, ਜਸਵੰਤ ਸਿੰਘ, ਲਹੌਰ ਸਿੰਘ, ਨਿਸ਼ਾਨ ਸਿੰਘ ਅਤੇ ਸਵਰਨ ਸਿੰਘ ਆਦਿ ਦੇ ਨਾਲ ਮਿਲਵਰਤਨ ਸੀ ਅਤੇ ਉਹ ਚੰਗੇ ਦੋਸਤ ਵੀ ਸਨ। ਜਿਸ ਦੇ ਚੱਲਦਿਆਂ ਮੁੱਦਈ ਦੀ 2 ਕਨਾਲ ਜ਼ਮੀਨ ਦੇ ਵਿੱਚ ਉਕਤ ਵਿਅਕਤੀਆਂ ਨੇ ਆਈਸ ਕ੍ਰੀਮ ਦੀ ਫੈਕਟਰੀ ਲਗਵਾਈ ਤੇ ਖਾਲੀ ਕਾਗਜਾਤ 'ਤੇ ਦਸਤਖ਼ਤ ਕਰਵਾ ਲਏ ਸਨ।

ਰਾਜ ਕੁਮਾਰ ਨੇ ਦੋਸ਼ ਲਗਾਇਆ ਕਿ ਹਿਸਾਬ ਦੀ ਗੜਬੜੀ ਹੋਣ ਕਰਕੇ ਮੁੱਦਈ ਦੀ ਉਕਤ ਲੋਕਾਂ ਦੇ ਨਾਲ ਨਹੀਂ ਨਿਭੀ ਅਤੇ ਉਕਤ ਵਿਅਕਤੀਆਂ ਨੇ ਮੁੱਦਈ ਦੇ ਦਸਤਖ਼ਤ ਕਰਵਾਏ ਕਾਗਜਾਤ ਸਬੰਧੀ ਫਾਈਲ ਬਣਾ ਕੇ ਮਾਣਯੋਗ ਅਦਾਲਤ ਵਿੱਚ ਕੇਸ ਲਗਾ ਦਿੱਤਾ ਅਤੇ ਉਕਤ ਵਿਅਕਤੀਆਂ ਦੇ ਵੱਲੋਂ ਫੈਕਟਰੀ ਦੀ ਕੰਧ ਤੋੜ ਕੇ ਫੈਕਟਰੀ ਵਿੱਚ ਲੱਗਾ ਸਮਾਨ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਸਮਾਨ ਦੀ ਕੁੱਲ ਮਲੀਤੀ ਕੀਮਤ 70 ਲੱਖ ਰੁਪਏ ਬਣਦੀ ਹੈ। ਰਾਜ ਕੁਮਾਰ ਨੇ ਦੋਸ਼ ਲਗਾਇਆ ਕਿ ਉਸ ਦੇ ਵੱਲੋਂ ਉਕਤ ਘਟਨਾ ਦੇ ਸਬੰਧ ਵਿੱਚ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਮੁਖਤਿਆਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਾਜ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਸੁਰਿੰਦਰ ਸਿੰਘ ਪੁੱਤਰ ਸ਼ੇਰ ਅਮੀਰ ਸਿੰਘ, ਜਸਵੰਤ ਸਿੰਘ ਪੁੱਤਰ ਦਲੀਪ ਸਿੰਘ, ਲਾਹੌਰ ਸਿੰਘ ਪੁੱਤਰ ਰੁਲੀਆ ਸਿੰਘ ਵਾਸੀਅਨ ਸਰੂਪੇ ਵਾਲਾ, ਨਿਸ਼ਾਨ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਬੋਘੀ ਵਾਲਾ ਅਤੇ ਸਵਰਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਗੁਰੂਹਰਸਹਹਾਏ ਦੇ ਵਿਰੁੱਧ ਧੋਖਾਧੜੀ ਦੀਆਂ ਵੱਖ ਵੱਖ ਧਰਾਵਾਂ ਦੇ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।