ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਭੱਠਾ ਬਿਠਾਉਣ 'ਤੇ ਤੁਲੇ ਕੁਝ ਟੀਚਰ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 21 2019 12:26
Reading time: 3 mins, 1 sec

ਪੰਜਾਬ ਦੇ ਅੰਦਰ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਲਈ ਸਰਕਾਰ ਦੇ ਵੱਲੋਂ ਜਿੱਥੇ ਕਈ ਪ੍ਰਕਾਰ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵੀ ਸਖ਼ਤ ਤਾੜਣਾ ਕੀਤੀ ਜਾ ਰਹੀ ਹੈ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਭਵਿੱਖ ਸਵਾਰਨ ਦੇ ਲਈ ਜੀ-ਜਾਨ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਬੱਚਿਆਂ ਦਾ ਭਵਿੱਖ ਸਵਾਰਿਆ ਜਾ ਸਕੇ ਅਤੇ ਬੱਚੇ ਅੱਗੇ ਵੱਧ ਕੇ ਤਰੱਕੀ ਕਰ ਸਕਣ।

ਪਰ ਕੁਝ ਕੁ ਅਧਿਆਪਕ ਅਜਿਹੇ ਵੀ ਹਨ ਸਾਡੇ ਸਮਾਜ ਅੰਦਰ, ਜੋ ਖੁਦ ਦਾਦਾਗਿਰੀ ਕਰਕੇ ਸਰਕਾਰੀ ਸਕੂਲਾਂ ਦਾ ਕਥਿਤ ਤੌਰ 'ਤੇ ਭੱਠਾ ਬਿਠਾ ਰਹੇ ਹਨ। ਦੋਸਤੋਂ, ਤੁਹਾਨੂੰ ਦੱਸ ਦਈਏ ਪੰਜਾਬ ਦੇ ਅੰਦਰ ਸਰਕਾਰ ਦੇ ਵੱਲੋਂ ਕਈ ਪ੍ਰਕਾਰ ਦੇ ਅਭਿਆਨ ਸ਼ੁਰੂ ਕਰਕੇ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਦੇ ਕਈ ਯਤਨ ਕੀਤੇ ਜਾ ਰਹੇ ਹਨ। ਦੱਸ ਇਹ ਵੀ ਦਈਏ ਕਿ ਪੰਜਾਬ ਦੇ ਅੰਦਰ ਇਸ ਸਮੇਂ ਵੱਡੇ ਪੱਧਰ 'ਤੇ ਗਰੀਬ ਘਰਾਂ ਦੇ ਬੱਚੇ ਹੀ ਸਰਕਾਰੀ ਸਕੂਲਾਂ ਦੇ ਅੰਦਰ ਪੜ੍ਹ ਰਹੇ ਹਨ।

ਜਦਕਿ ਜ਼ਿਆਦਾਤਰ ਸਰਕਾਰੀ ਅਧਿਆਪਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਾਉਣਾ ਹੀ ਠੀਕ ਸਮਝ ਰਹੇ ਹਨ। ਅਧਿਆਪਕਾਂ ਦੇ ਵੱਲੋਂ ਆਪਣੇ ਬੱਚਿਆਂ ਨੂੰ ਸਰਕਾਰੀ ਦੀ ਬਿਜਾਏ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਣਾ, ਇਸ ਗੱਲ ਤੋਂ ਹੀ ਪਤਾ ਲਗਾਇਆ ਜਾ ਸਕਦਾ ਹੈ ਕਿ ਸਰਕਾਰੀ ਅਧਿਆਪਕ ਕਿੰਨੀ ਕੁ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾਅ ਰਹੇ ਹਨ। ਹਾਂ, ਇੱਥੇ ਅਸੀਂ ਇਹ ਨਹੀਂ ਕਹਿ ਰਹੇ ਕਿ ਸਰਕਾਰੀ ਅਧਿਆਪਕ ਸਾਰੇ ਹੀ ਇੱਕੋ ਜਿਹੇ ਹਨ, ਬਹੁਤ ਅਧਿਆਪਕ ਅਜਿਹੇ ਵੀ ਹਨ।

ਜੋ ਆਪਣੀ ਨੌਕਰੀ ਤੰਨਦੇਹੀ ਦੇ ਨਾਲ ਕਰਕੇ ਬੱਚਿਆਂ ਦਾ ਭਵਿੱਖ ਸਵਾਰ ਵੀ ਰਹੇ ਹਨ ਅਤੇ ਕਈ ਅਧਿਆਪਕ ਅਜਿਹੇ ਹਨ, ਜੋ ਸਕੂਲਾਂ ਵਿੱਚੋਂ ਗੈਰ ਹਾਜ਼ਰ ਹੋ ਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ। ਵੇਖਿਆ ਜਾਵੇ ਤਾਂ ਸਰਕਾਰ ਦੇ ਵੱਲੋਂ ਅਧਿਆਪਕਾਂ ਨੂੰ ਤਨਖਾਹਾਂ ਬੱਚਿਆਂ ਨੂੰ ਪੜ੍ਹਾਉਣ ਦੀਆਂ ਦਿੱਤੀਆਂ ਜਾਂਦੀਆਂ ਹਨ, ਨਾ ਕਿ ਫਰਲੋ 'ਤੇ ਜਾਣ ਲਈ। ਬਹੁਤੇ ਅਧਿਆਪਕਾਂ ਦਾ ਸਰਕਾਰੀ ਸਕੂਲਾਂ ਦੇ ਵੱਲ ਘੱਟ ਧਿਆਨ ਹੈ ਅਤੇ ਉਹ ਸਿੱਧੇ ਤੌਰ 'ਤੇ ਹੀ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾ ਰਹੇ ਹਨ।

ਦੋਸਤੋਂ, ਜੇਕਰ ਆਪਾ ਕੁਝ ਵਿੱਦਿਅਕ ਮਾਹਿਰਾਂ ਦੀ ਮੰਨੀਏ ਤਾਂ ਉਨ੍ਹਾਂ ਦੇ ਮੁਤਾਬਿਕ ਸੂਬੇ ਦੇ ਅੰਦਰ ਸਰਕਾਰ ਦੇ ਵੱਲੋਂ ਸਕੀਮਾਂ ਤਾਂ ਕਈ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਪਰ ਸਰਕਾਰੀ ਅਧਿਆਪਕ ਉਸ ਨੂੰ ਕਥਿਤ ਤੌਰ 'ਤੇ ਲਾਗੂ ਕਰਨ ਦੀ ਬਿਜਾਏ ਮਨਮਰਜੀਆਂ ਕਰ ਰਹੇ ਹਨ। ਦੱਸ ਦਈਏ ਜੇਕਰ ਸਾਰੇ ਹੀ ਸਰਕਾਰੀ ਅਧਿਆਪਕਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਹੋਣ ਤਾਂ ਇਹ ਅਧਿਆਪਕ ਆਪਣੇ ਬੱਚਿਆਂ ਦੇ ਨਾਲ ਨਾਲ ਦੂਜਿਆਂ ਦੇ ਬੱਚਿਆਂ ਦਾ ਭਵਿੱਖ ਵੀ ਸਵਾਰ ਸਕਦੇ ਹਨ।

ਪਰ ਅਜਿਹਾ ਨਹੀਂ ਹੋ ਰਿਹਾ। ਤਨਖਾਹਾਂ ਸਰਕਾਰ ਕੋਲੋਂ ਲੈ ਕੇ ਕੁਝ ਸਰਕਾਰੀ ਅਧਿਆਪਕ ਹੀ ਸਰਕਾਰੀ ਸਕੂਲਾਂ ਨੂੰ ਬੰਦ ਕਰਵਾਉਣ ਦੇ ਵਿੱਚ ਯੋਗਦਾਨ ਪਾਉਣ 'ਤੇ ਤੁਲੇ ਹੋਏ ਹਨ। ਵਿੱਦਿਅਕ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਚੰਗੀ ਵਿੱਦਿਆ ਪ੍ਰਦਾਨ ਕੀਤੀ ਜਾਵੇ ਤਾਂ ਉਹ ਅੱਗੇ ਕਾਲਜਾਂ ਜਾਂ ਫਿਰ ਯੂਨੀਵਰਸਿਟੀਆਂ ਦੇ ਵਿੱਚ ਮਾਰ ਨਹੀਂ ਖਾਂਦੇ। ਕਿਉਂਕਿ ਉਨ੍ਹਾਂ ਦਾ ਮੁੱਢ ਮਜ਼ਬੂਤ ਹੁੰਦਾ ਹੈ। ਪਰ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਬੱਚੇ ਪੰਜਾਬੀ ਵਿਸ਼ੇ ਵਿੱਚੋਂ ਹੀ ਫੇਲ ਹੋ ਰਹੇ ਹਨ, ਹੋਰ ਉਨ੍ਹਾਂ ਕਿਹੜੇ ਵਿਸ਼ੇ ਵਿੱਚ ਮਜ਼ਬੂਤੀ ਕਰਨੀ ਹੈ।

ਕਿਉਂਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਆਈਲੈਟਸ ਕਲਾਸਾਂ ਲਗਾਉਣ ਸਬੰਧੀ ਫੁਰਮਾਨ ਜਾਰੀ ਕੀਤਾ ਹੋਇਆ ਹੈ। ਪਰ ਦੂਜੇ ਪਾਸੇ ਕੁਝ ਕੁ ਸਰਕਾਰੀ ਅਧਿਆਪਕ ਬੱਚਿਆਂ ਨੂੰ ਸਹੀ ਤਰੀਕੇ ਨਾਲ ਆਈਲੈਟਸ ਕਰਵਾ ਹੀ ਨਹੀਂ ਰਹੇ। ਜਿਸ ਦੇ ਕਾਰਨ ਬੱਚੇ ਆਈਲੈਟਸ ਦੇ ਟੈਸਟਾਂ ਵਿੱਚੋਂ ਫੇਲ ਹੋ ਰਹੇ ਹਨ। ਜੇਕਰ ਸਰਕਾਰੀ ਅਧਿਆਪਕ ਬੱਚਿਆਂ ਨੂੰ ਚੰਗੀ ਵਿੱਦਿਆ ਦੇਣ ਤਾਂ ਉਹ ਆਈਲੈਟਸ ਦੇ ਟੈਸਟਾਂ ਵਿੱਚੋਂ ਚੰਗੇ ਬੈਂਡ ਲੈ ਸਕਦੇ ਹਨ।

ਦੋਸਤੋਂ, ਜੇਕਰ ਅੰਗਰੇਜੀ ਅਧਿਆਪਕ ਬੱਚਿਆਂ ਨੂੰ ਸਹੀ ਵਿੱਦਿਆ ਪ੍ਰਦਾਨ ਕਰਨ ਤਾਂ ਕਦੇ ਵੀ ਬੱਚਿਆਂ ਨੂੰ ਆਈਲੈਟਸ ਦੀ ਤਿਆਰੀ ਕਰਨ ਦੀ ਲੋੜ ਹੀ ਨਾ ਪਵੇ। ਦੱਸ ਦਈਏ ਕਿ ਪੰਜਾਬ ਦੇ ਬਹੁਤ ਸਾਰੇ ਸਕੂਲ ਅਜਿਹੇ ਵੀ ਹਨ, ਜਿਨ੍ਹਾਂ ਦੇ ਵਿੱਚ ਚੰਗੇ ਅੰਗਰੇਜ਼ੀ ਅਧਿਆਪਕ ਹਨ ਅਤੇ ਉਹ ਬੱਚਿਆਂ ਨੂੰ ਵਧੀਆ ਪੜ੍ਹਾਉਣ ਦੇ ਨਾਲ ਨਾਲ ਆਈਲੈਟਸ ਦੀ ਤਿਆਰੀ ਕਰਵਾ ਰਹੇ ਹਨ, ਜਿਨ੍ਹਾਂ ਦਾ ਕਾਫੀ ਜ਼ਿਆਦਾ ਬੱਚਿਆਂ ਨੂੰ ਲਾਹਾ ਪ੍ਰਾਪਤ ਹੋ ਰਿਹਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।