ਡੇਢ ਸਾਲ ਪਹਿਲਾਂ ਹੋਏ ਟਰੈਵਲ ਏਜੰਟ ਦੇ ਅੰਨ੍ਹੇ ਕਤਲਕਾਂਡ ਨੂੰ ਫ਼ਤਿਹਗੜ੍ਹ ਸਾਹਿਬ ਪੁਲਿਸ ਨੇ ਸੁਲਝਾਇਆ

Last Updated: Jul 20 2019 19:02
Reading time: 3 mins, 24 secs

ਕਰੀਬ ਡੇਢ ਸਾਲ ਪਹਿਲਾਂ ਨਜ਼ਦੀਕੀ ਪਿੰਡ ਘੁਮੰਡਗੜ ਕੋਲ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਤੇ ਰਾਡਾਂ ਨਾਲ ਕਾਤਲਾਨਾ ਹਮਲਾ ਕਰਕੇ ਟਰੈਵਲ ਏਜੰਟ ਨੂੰ ਕਤਲ ਕੀਤੇ ਜਾਣ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਫ਼ਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਕਤਲ ਦੇ ਦੋਸ਼ ਚ 6 ਵਿਅਕਤੀਆਂ ਨੂੰ ਗਿਰਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਜਦਕਿ ਇਸ ਗਿਰੋਹ ਦੇ ਤਿੰਨ ਹੋਰ ਮੈਂਬਰ ਫ਼ਰਾਰ ਦੱਸੇ ਜਾ ਰਹੇ ਹਨ। ਕਾਬੂ ਕੀਤੇ ਆਰੋਪੀਆਂ ਦੇ ਕਬਜ਼ੇ ਚੋਂ ਪੁਲਿਸ ਨੇ ਵਾਰਦਾਤ ਸਮੇਂ ਇਸਤੇਮਾਲ ਕੀਤੇ ਗਏ ਤਿੰਨ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ। ਗਿਰਫਤਾਰ ਕੀਤੇ ਮੁਜਰਮਾਂ ਤੋਂ ਪੁਲਿਸ ਵੱਲੋਂ ਸਖ਼ਤੀ ਨਾਲ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਨੌਜਵਾਨ ਦੇ ਅੰਨ੍ਹੇ ਕਤਲਕਾਂਡ ਤੋਂ ਪਰਦਾ ਹਟਾਉਂਦੇ ਹੋਏ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਐਸਐਸਪੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜਸਪ੍ਰੀਤ ਸਿੰਘ ਵਾਸੀ ਪਿੰਡ ਕਲੌੜ ਟਰੈਵਲ ਏਜੰਸੀ ਚਲਾਉਣ ਦਾ ਕੰਮ ਕਰਦਾ ਸੀ। ਸਾਲ 2017 ਦੀ 22 ਅਕਤੂਬਰ ਨੂੰ ਜਸਪ੍ਰੀਤ ਸਿੰਘ ਆਪਣੇ ਦੋ ਸਾਥੀਆਂ ਜਗਰੂਪ ਸਿੰਘ ਵਾਸੀ ਪਿੰਡ ਮੌਲੀ ਬੈਦਵਾਨ ਅਤੇ ਕਾਰੀਗਰ ਭੂਰਾ ਸਿੰਘ ਵਾਸੀ ਪਿੰਡ ਕਲੌੜ ਦੇ ਨਾਲ ਆਪਣੇ ਮੋਟਰਸਾਈਕਲ ਨੰ. ਪੀਬੀ-65ਏਐਫ-6205 ਤੇ ਬਸੀ ਪਠਾਣਾਂ ਸ਼ਹਿਰ ਤੋਂ ਸਾਮਾਨ ਖ਼ਰੀਦ ਕੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ।

ਜਦੋਂ ਉਹ ਰਸਤੇ ਚ ਪੈਂਦੇ ਪਿੰਡ ਘੁਮੰਡਗੜ ਦੇ ਬੱਸ ਅੱਡੇ ਕੋਲ ਪਹੁੰਚੇ ਤਾਂ ਮੂੰਹ ਢਕੇ ਹੋਏ ਬਾਈਕ ਸਵਾਰ 8-10 ਅਣਪਛਾਤੇ ਵਿਅਕਤੀਆਂ ਨੇ ਜਸਪ੍ਰੀਤ ਸਿੰਘ ਅਤੇ ਕਾਰੀਗਰ ਭੂਰਾ ਸਿੰਘ ਦੀ ਤੇਜ਼ਧਾਰ ਹਥਿਆਰਾਂ ਅਤੇ ਰਾਡਾਂ ਨਾਲ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਸੀ, ਇਸ ਦੌਰਾਨ ਜਗਰੂਪ ਸਿੰਘ ਮੌਕੇ ਤੋਂ ਭੱਜ ਗਿਆ ਸੀ। ਹਮਲੇ ਦੌਰਾਨ ਗੰਭੀਰ ਰੂਪ ਚ ਜ਼ਖਮੀ ਹੋਏ ਜਸਪ੍ਰੀਤ ਸਿੰਘ ਅਤੇ ਭੂਰਾ ਸਿੰਘ ਨੂੰ ਬਾਵਾ ਨਰਸਿੰਗ ਹੋਮ, ਬਸੀ ਪਠਾਣਾਂ ਦਾਖਲ ਕਰਵਾਇਆ ਗਿਆ ਸੀ। ਜਿੱਥੇ ਭੂਰਾ ਸਿੰਘ ਦੇ ਘੱਟ ਸੱਟਾਂ ਲੱਗਣ ਕਾਰਨ ਉਸ ਨੂੰ ਛੁੱਟੀ ਮਿਲ ਗਈ ਸੀ ਪਰ ਗੰਭੀਰ ਰੂਪ ਚ ਜ਼ਖਮੀ ਜਸਪ੍ਰੀਤ ਸਿੰਘ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ ਸੀ, ਜਿੱਥੇ ਕੁਝ ਦਿਨਾਂ ਬਾਅਦ 2 ਨਵੰਬਰ 2017 ਨੂੰ ਜਸਪ੍ਰੀਤ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।

ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਐਸ.ਪੀ (ਆਈ) ਹਰਪਾਲ ਸਿੰਘ ਅਤੇ ਡੀਐਸਪੀ (ਕ੍ਰਾਈਮ) ਜਸਵਿੰਦਰ ਸਿੰਘ ਟਿਵਾਣਾ, ਡੀਐਸਪੀ ਬਸੀ ਪਠਾਣਾਂ ਸੁਖਮਿੰਦਰ ਸਿੰਘ ਚੌਹਾਨ ਅਤੇ ਸੀਆਈਏ ਸਟਾਫ਼ ਸਰਹਿੰਦ ਦੇ ਇੰਚਾਰਜ ਕੁਲਵੰਤ ਸਿੰਘ ਦੀ ਟੀਮ ਵੱਲੋਂ ਕਤਲਕਾਂਡ ਦੀ ਜਾਂਚ ਕੀਤੀ ਜਾ ਰਹੀ ਸੀ। ਕਰੀਬ 1 ਸਾਲ 8 ਮਹੀਨੇ ਬਾਅਦ ਪੁਲਿਸ ਨੇ ਕਤਲ ਕੇਸ ਨੂੰ ਟਰੇਸ ਕਰਕੇ 6 ਮੁਜਰਮਾਂ ਨੂੰ ਗਿਰਫਤਾਰ ਕੀਤਾ ਹੈ।

ਵਾਰਦਾਤ ਨੂੰ ਅੰਜਾਮ ਦੇਣ ਵਾਲੇ 9 ਨੌਜਵਾਨਾਂ ਦਾ ਗੈਂਗ ਹੈ, ਜਿਨ੍ਹਾਂ ਵਿੱਚੋਂ ਮੁੱਖ ਮੁਜਰਮ ਜਸਵਿੰਦਰ ਸਿੰਘ ਉਰਫ਼ ਕਾਲੂ ਵਾਸੀ ਪਿੰਡ ਭੰਗੂਆਂ ਥਾਣਾ ਬਸੀ ਪਠਾਣਾਂ, ਉਸਦਾ ਭਾਣਜਾ ਚੰਨਪ੍ਰੀਤ ਸਿੰਘ, ਅਰਵਿੰਦਰ ਸਿੰਘ ਉਰਫ਼ ਅਮਨ ਦੋਨੋਂ ਵਾਸੀ ਪਿੰਡ ਬਜਹੇੜੀ ਥਾਣਾ ਸਦਰ ਖਰੜ, ਤੇਜਿੰਦਰ ਸਿੰਘ ਉਰਫ਼ ਤੇਜੀ ਵਾਸੀ ਪਿੰਡ ਉੱਪਲਹੇੜੀ ਥਾਣਾ ਸਦਰ ਰਾਜਪੁਰਾ, ਹਰਸ਼ਦੀਪ ਸਿੰਘ ਤੇ ਦਵਿੰਦਰ ਸਿੰਘ ਉਰਫ਼ ਬੰਟੀ ਦੋਨੋਂ ਵਾਸੀ ਪਿੰਡ ਚਲਹੇੜੀ ਥਾਣਾ ਸ਼ੰਭੂ (ਜ਼ਿਲ੍ਹਾ ਪਟਿਆਲਾ) ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਦਕਿ 3 ਦੂਸਰੇ ਮੁਜਰਮਾਂ ਚ ਦਵਿੰਦਰ ਸਿੰਘ ਉਰਫ਼ ਦਿਲਬਰ ਵਾਸੀ ਪਿੰਡ ਚਲਹੇੜੀ ਥਾਣਾ ਸ਼ੰਭੂ, ਗੁਰਵਿੰਦਰ ਸਿੰਘ ਵਾਸੀ ਪਿੰਡ ਮਦਨਪੁਰ ਥਾਣਾ ਸ਼ੰਭੂ ਅਤੇ ਗੁਰਸੇਵਕ ਸਿੰਘ ਉਰਫ਼ ਲਾਲਾ ਵਾਸੀ ਪਿੰਡ ਖ਼ਾਨਪੁਰ ਬੜਿੰਗ, ਜ਼ਿਲ੍ਹਾ ਪਟਿਆਲਾ ਫ਼ਰਾਰ ਹਨ, ਜਿਨ੍ਹਾਂ ਨੂੰ ਕਾਬੂ ਕਰਨ ਸਬੰਧੀ ਤਲਾਸ਼ ਕੀਤੀ ਜਾ ਰਹੀ ਹੈ। ਕਤਲ ਦੀ ਵਾਰਦਾਤ ਸਮੇਂ ਇਸਤੇਮਾਲ ਕੀਤੇ ਤਿੰਨ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ।

ਐਸਐਸਪੀ ਸ਼੍ਰੀਮਤੀ ਅਮਨੀਤ ਕੌਂਡਲ ਵੱਲੋਂ ਕੀਤੇ ਦਾਅਵੇ ਮੁਤਾਬਿਕ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਤਲ ਦੇ ਪਿੱਛੇ ਮੁਜਰਮ ਜਸਵਿੰਦਰ ਸਿੰਘ ਵਾਸੀ ਭੰਗੂਆਂ ਦੀ ਟਰੈਵਲ ਏਜੰਟੀ ਦਾ ਕੰਮ ਕਰਨ ਵਾਲੇ ਮ੍ਰਿਤਕ ਜਸਪ੍ਰੀਤ ਸਿੰਘ ਨਾਲ ਪੈਸਿਆਂ ਦੇ ਲੈਣ-ਦੇਣ ਸਬੰਧੀ ਰੰਜਿਸ਼ ਸੀ। ਜਸਪ੍ਰੀਤ ਸਿੰਘ ਨੇ 1 ਲੱਖ 20 ਹਜ਼ਾਰ ਰੁਪਏ ਲੈ ਕੇ ਮੁਜਰਮ ਜਸਵਿੰਦਰ ਸਿੰਘ ਨੂੰ ਅਪ੍ਰੈਲ 2017 ਚ ਮਲੇਸ਼ੀਆ ਭੇਜਿਆ ਸੀ ਅਤੇ ਵਿਸ਼ਵਾਸ ਦਿਵਾਇਆ ਸੀ ਕਿ ਮਲੇਸ਼ੀਆ ਚ ਜਸਵਿੰਦਰ ਸਿੰਘ ਨੂੰ 42 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੇ ਕੰਮ ਵੀ ਦਿਵਾਏਗਾ। ਪਰ ਮਲੇਸ਼ੀਆ ਚ ਜਸਵਿੰਦਰ ਸਿੰਘ ਨੂੰ 17 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਦਾ ਸੀ, ਜਿਸ ਕਾਰਨ ਜਸਵਿੰਦਰ ਸਿੰਘ ਸਤੰਬਰ 2017 ਚ ਵਾਪਸ ਪੰਜਾਬ ਆ ਗਿਆ ਅਤੇ ਆ ਕੇ ਜਸਪ੍ਰੀਤ ਸਿੰਘ ਤੋਂ ਆਪਣੇ ਪੈਸਿਆਂ ਦੀ ਮੰਗ ਕੀਤੀ, ਜਿਸਨੂੰ ਲੈ ਕੇ ਦੋਨਾਂ ਦਰਮਿਆਨ ਬਹਿਸਬਾਜੀ ਹੋਈ ਸੀ।

ਐਸਐਸਪੀ ਅਮਨੀਤ ਕੌਂਡਲ ਨੇ ਅੱਗੇ ਦੱਸਿਆ ਕਿ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚੱਲ ਰਹੀ ਰੰਜਿਸ਼ ਦੇ ਕਾਰਨ ਤਕਰਾਰਬਾਜ਼ੀ ਹੋਣ ਦੇ ਬਾਅਦ ਮੁਜਰਮ ਜਸਵਿੰਦਰ ਸਿੰਘ ਨੇ ਆਪਣੇ ਭਾਣਜੇ ਚੰਨਪ੍ਰੀਤ ਸਿੰਘ ਅਤੇ ਅਰਵਿੰਦਰ ਸਿੰਘ ਦੇ ਨਾਲ ਸਾਜ਼ਿਸ਼ ਰਚ ਕੇ ਉਨ੍ਹਾਂ ਦੇ ਸਾਥੀਆਂ ਨਾਲ ਮਿਲਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਕਤਲਕਾਂਡ ਸਬੰਧੀ ਫ਼ਰਾਰ ਚੱਲ ਰਹੇ ਮੁਜਰਮ ਗੁਰਸੇਵਕ ਸਿੰਘ ਉਰਫ਼ ਲਾਲਾ ਵਾਸੀ ਪਿੰਡ ਖ਼ਾਨਪੁਰ ਬੜਿੰਗ, ਜ਼ਿਲ੍ਹਾ ਪਟਿਆਲਾ ਦੇ ਖ਼ਿਲਾਫ਼ ਇਸ ਤੋਂ ਪਹਿਲਾਂ ਵੀ ਮਾਰਕੁੱਟ ਕਰਕੇ ਇੱਕ ਵਿਅਕਤੀ ਨੂੰ ਜ਼ਖਮੀ ਕਰਨ ਦੇ ਇਲਜ਼ਾਮ ਚ ਥਾਣਾ ਖੇੜੀ ਗੰਢਿਆਂ (ਜ਼ਿਲ੍ਹਾ ਪਟਿਆਲਾ) ਵਿਖੇ ਪਰਚਾ ਦਰਜ ਹੈ।