ਸਕੂਲ 'ਚ ਨਾ ਖੇਡ ਅਧਿਆਪਕ ਤੇ ਨਾ ਹੀ ਖੇਡ ਦਾ ਮੈਦਾਨ, ਬੱਚਿਆਂ ਨੇ ਸਤਲੁਜ ਦਰਿਆ ਦੇ ਕੰਢੇ ਪ੍ਰੈਕਟਿਸ ਕਰਕੇ ਮਾਰੀਆਂ ਮੱਲ੍ਹਾਂ !!!

Last Updated: Jul 20 2019 17:30
Reading time: 1 min, 29 secs

ਖੇਡ ਵਿਭਾਗ ਫ਼ਿਰੋਜ਼ਪੁਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ (ਨੈਸ਼ਨਲ ਸਟਾਈਲ) 17 ਜੁਲਾਈ ਤੋਂ 19 ਜੁਲਾਈ ਤੱਕ ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਵਿਖੇ ਆਯੋਜਿਤ ਕਰਵਾਇਆ ਗਿਆ। ਜਿਸ ਵਿੱਚ ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਵੱਖ-ਵੱਖ ਵਰਗ ਦੀਆਂ ਚਾਰ ਟੀਮਾਂ ਨੇ ਪਹਿਲੀ ਵਾਰ ਖੇਡ ਮੁਕਾਬਲੇ ਵਿੱਚ ਭਾਗ ਲਿਆ ਅਤੇ ਚਾਰ ਹੀ ਪੁਜ਼ੀਸ਼ਨਾਂ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਪਹੁੰਚਣ ਤੇ ਸਕੂਲ ਪ੍ਰਿੰਸੀਪਲ ਡਾਕਟਰ ਸਤਿੰਦਰ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਇਨ੍ਹਾਂ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। 

ਇਸ ਮੌਕੇ 'ਤੇ ਡਾਕਟਰ ਸਤਿੰਦਰ ਸਿੰਘ ਨੇ ਇਨ੍ਹਾਂ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਰਹੱਦੀ ਖੇਤਰ ਦੇ ਇਸ ਪਿਛੜੇ ਇਲਾਕੇ ਵਿੱਚ ਲੜਕੀਆਂ ਦਾ ਕਬੱਡੀ ਖੇਡਣਾ ਇੱਕ ਬਹੁਤ ਵੱਡੀ ਸਮਾਜਿਕ ਤਬਦੀਲੀ ਦਾ ਸਬੂਤ ਹੈ। ਸਕੂਲ ਵਿੱਚ ਖੇਡ ਅਧਿਆਪਕ ਅਤੇ ਖੇਡ ਦਾ ਮੈਦਾਨ ਨਾ ਹੋਣ ਦੇ ਬਾਵਜੂਦ ਸਤਲੁਜ ਦਰਿਆ ਦੇ ਕੰਢੇ ਤੇ ਖੇਡ ਕੇ ਪ੍ਰੈਕਟਿਸ ਕਰਕੇ ਇਨ੍ਹਾਂ ਬੱਚਿਆਂ ਨੇ ਥੋੜ੍ਹੇ ਸਮੇਂ ਵਿੱਚ ਜੋ ਪ੍ਰਾਪਤੀ ਕੀਤੀ ਹੈ, ਇਸ ਵਿੱਚ ਕਬੱਡੀ ਕੋਚ ਸ੍ਰੀਮਤੀ ਅਵਤਾਰ ਕੌਰ ਦਾ ਵਿਸ਼ੇਸ਼ ਯੋਗਦਾਨ ਹੈ। ਕਬੱਡੀ ਕੋਚ ਸ੍ਰੀਮਤੀ ਅਵਤਾਰ ਕੌਰ ਵੱਲੋਂ ਪਾਏ ਗਏ ਯੋਗਦਾਨ ਨੂੰ ਦੇਖਦੇ ਹੋਏ ਸਕੂਲ ਵੱਲੋਂ ਕਬੱਡੀ ਕੋਚ ਸ਼੍ਰੀਮਤੀ ਅਵਤਾਰ ਕੌਰ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥੀ ਜੀਵਨ ਵਿੱਚ ਖੇਡਾਂ ਦੇ ਮਹੱਤਤਾ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ। 

ਸਕੂਲ ਅਧਿਆਪਕ ਬਲਜੀਤ ਕੌਰ ਅਤੇ ਛਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਬੱਡੀ ਦੇ ਇਸ ਖੇਡ ਵਿੱਚ ਅੰਡਰ 14 ਲੜਕੀਆਂ ਅਤੇ ਅੰਡਰ 14 ਲੜਕਿਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ 18 ਟੀਮ ਲੜਕੇ ਅਤੇ ਲੜਕੀਆਂ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦਾ ਸਟਾਫ਼ ਸੁਖਵਿੰਦਰ ਸਿੰਘ ਲੈਕਚਰਾਰ, ਸ੍ਰੀਮਤੀ ਗੀਤਾ, ਸ੍ਰੀਮਤੀ ਸਰੂਚੀ, ਸ੍ਰੀਮਤੀ ਮੀਨਾਕਸ਼ੀ, ਰਜੇਸ਼ ਕੁਮਾਰ, ਦਵਿੰਦਰ ਕੁਮਾਰ, ਸ੍ਰੀਮਤੀ ਵਿਜੇ ਭਾਰਤੀ, ਪ੍ਰਿਤਪਾਲ ਸਿੰਘ, ਅਰੁਣ ਕੁਮਾਰ, ਸ਼ਿੰਦਰਪਾਲ ਸਿੰਘ, ਬਲਜੀਤ ਕੌਰ, ਜੋਗਿੰਦਰ ਸਿੰਘ, ਸ੍ਰੀਮਤੀ ਮਹਿਮਾ, ਸੂਚੀ ਜੈਨ, ਸ੍ਰੀਮਤੀ ਪ੍ਰਵੀਨ ਬਾਲਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।