ਕਿਹੜਾ ਸੁੱਟ ਜਾਂਦਾ ਤਸਕਰਾਂ ਦੇ ਘਰ 'ਨਸ਼ਾ'? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 20 2019 13:51
Reading time: 2 mins, 33 secs

ਮੈਡੀਕਲ ਨਸ਼ੇ ਨੇ ਜਿਥੇ ਨੌਜਵਾਨ ਪੀੜ੍ਹੀ ਨੂੰ ਆਪਣੀ ਗ੍ਰਿਫ਼ਤ ਦੇ ਵਿੱਚ ਪੂਰੀ ਤਰ੍ਹਾਂ ਨਾਲ ਲੈ ਲਿਆ ਹੈ, ਉੱਥੇ ਹੀ ਦੂਜੇ ਪਾਸੇ ਹੁਣ ਤੱਕ ਮੈਡੀਕਲ ਨਸ਼ੇ ਦੇ ਕਾਰਨ ਕਈ ਨੌਜਵਾਨ ਇਸ ਫਾਨੀ ਸੰਸਾਰ ਨੂੰ ਵੀ ਅਲਵਿਦਾ ਆਖ ਚੁੱਕੇ ਹਨ। ਪਰ ਸਵਾਲ ਪੈਦਾ ਹੁੰਦਾ ਹੈ ਕਿ ਆਖ਼ਰ ਇਹ ਮੈਡੀਕਲ ਨਸ਼ਾ ਆਉਂਦਾ ਕਿਥੋਂ ਹੈ? ਕੌਣ ਹੈ ਮੈਡੀਕਲ ਨਸ਼ੇ ਦਾ ਅਸਲ ਮਾਸਟਰਮਾਈਂਡ? ਕੀ ਮੈਡੀਕਲ ਨਸ਼ਾ ਵਿਦੇਸ਼ਾਂ ਤੋਂ ਆਉਂਦਾ ਹੈ? ਕੀ ਇਹ ਮੈਡੀਕਲ ਨਸ਼ਾ ਸਮਗਲਰ ਆਪਣੇ ਘਰਾਂ ਦੇ ਵਿੱਚ ਤਿਆਰ ਕਰਦੇ ਹਨ?

ਅਜਿਹੇ ਬਹੁਤ ਸਾਰੇ ਸਵਾਲ ਹਨ, ਜੋ ਕਿ ਨਸ਼ੇ ਦੀਆਂ ਗੋਲੀਆਂ, ਪਾਊਡਰ ਅਤੇ ਨਸ਼ੀਲੇ ਟੀਕਿਆਂ ਤੋਂ ਇਲਾਵਾ ਨਸ਼ੀਲੇ ਕੈਪਸੂਲ ਬਰਾਮਦ ਹੋਣ ਤੋਂ ਬਾਅਦ ਪੈਦਾ ਹੁੰਦੇ ਹਨ । ਵੇਖਿਆ ਜਾਵੇ ਤਾਂ ਇੱਕ ਬੰਦਾ ਨਸ਼ੇ ਦੀਆਂ ਗੋਲੀਆਂ ਸਮੇਤ ਫੜਿਆ ਜਾਂਦਾ ਹੈ। ਪੁਲਿਸ ਦੇ ਵਲੋਂ ਉਸ ਵਿਅਕਤੀ ਦੇ ਵਿਰੁੱਧ ਮੁਕੱਦਮਾ ਵੀ ਦਰਜ਼ ਕਰ ਦਿੱਤਾ ਜਾਂਦਾ ਹੈ, ਪਰ ਪੁਲਿਸ ਦੇ ਵਲੋਂ ਕਦੇ ਵੀ ਇਹ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਕਿ, ਫੜਿਆ ਗਿਆ ਵਿਅਕਤੀ ਕਿਸ ਦੇ ਕੋਲੋਂ ਇਹ ਨਸ਼ੇ ਦੀਆਂ ਗੋਲੀਆਂ ਖ਼ਰੀਦ ਕੇ ਲਿਆਉਂਦਾ ਸੀ?
 
ਦਰਅਸਲ, ਜਦੋਂ ਕੋਈ ਵੀ ਬੰਦਾ ਨਸ਼ੀਲੇ ਪਦਾਰਥਾਂ ਸਮੇਤ ਫੜਿਆ ਜਾਂਦਾ ਹੈ ਤਾਂ ਪੁਲਿਸ ਨੂੰ ਬੱਸ ਇੱਕੋ ਹੀ ਕੰਮ ਹੁੰਦਾ ਹੈ ਕਿ ਪਰਚਾ ਦਰਜ ਕਰ ਦਿਉ ਅਤੇ ਸਰਕਾਰ ਮੂਹਰੇ ਵਾਹ ਵਾਹ ਖੱਟ ਲਓ ਕਿ ਅਸੀਂ ਇੰਨੇ ਸਮਗਲਰ ਫੜ ਕੇ ਸਲਾਖ਼ਾਂ ਪਿੱਛੇ ਸੁੱਟ ਦਿੱਤੇ। ਵੇਖਿਆ ਜਾਵੇ ਤਾਂ ਪੁਲਿਸ ਆਖ਼ਰ ਕਦੋਂ ਤੱਕ ਅਜਿਹੇ ਡਰਾਮੇ ਲਗਾਉਂਦੀ ਰਹੇਗੀ? ਕੀ ਪੁਲਿਸ ਦਾ ਫ਼ਰਜ਼ ਨਹੀਂ ਬਣਦਾ ਕਿ ਫੜੇ ਗਏ ਨਸ਼ੇ ਸਬੰਧੀ ਤਹਿ ਤੱਕ ਜਾਇਆ ਜਾਵੇ? ਮੇਰੇ ਹਿਸਾਬ ਦੇ ਨਾਲ ਕੋਈ ਵਿਰਲਾ ਹੀ ਪੁਲਿਸ ਵਾਲਾ ਹੋਵੇਗਾ, ਜੋ ਨਸ਼ੇ ਦੀ ਤਹਿ ਤੱਕ ਜਾਂਦਾ ਹੈ।
 
ਨਹੀਂ ਤਾਂ ਬਹੁਤ ਸਾਰੇ ਪੁਲਿਸ ਵਾਲੇ ਤਾਂ ਮੁਕੱਦਮਾ ਦਰਜ ਕਰਕੇ ਹੀ ਡੰਗ ਸਾਰ ਦਿੰਦੇ ਹਨ। ਦੱਸ ਦੇਈਏ ਕਿ ਪੰਜਾਬ ਦੇ ਅੰਦਰ ਇਸ ਵੇਲੇ ਚਿੱਟੇ ਦੇ ਨਾਲੋਂ ਮੈਡੀਕਲ ਨਸ਼ਾ ਜ਼ਿਆਦਾ ਫੜਿਆ ਜਾ ਰਿਹਾ ਹੈ, ਪਰ.!! ਫਿਰ ਵੀ ਸਾਡੀ ਪੰਜਾਬ ਪੁਲਿਸ ਮੈਡੀਕਲ ਨਸ਼ੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਨਹੀਂ ਕਰ ਰਹੀ। ਇੱਕ ਪਾਸੇ ਤਾਂ ਪੰਜਾਬ ਪੁਲਿਸ ਅਤੇ ਸਰਕਾਰਾਂ ਦੇ ਵਲੋਂ ਇਹ ਕਿਹਾ ਜਾਂਦਾ ਹੈ ਕਿ ਅਸੀਂ ਨਸ਼ਾ ਖ਼ਤਮ ਕਰਨ ਦੇ ਲਈ ਪੂਰੀ ਵਾਹ ਲਗਾ ਰਹੇ ਹਾਂ, ਜਦੋਂਕਿ ਅਸਲੀਅਤ ਇਹ ਹੈ ਕਿ ਨਸ਼ੇ ਦੇ ਕਾਰਨ ਕਈ ਨੌਜਵਾਨ ਮਰ ਰਹੇ ਹਨ ।
 
ਜਿਸ ਦਾ ਜਵਾਬ ਨਾ ਤਾਂ ਸਾਡੀ ਪੰਜਾਬ ਪੁਲਿਸ ਦੇ ਕੋਲ ਹੈ ਅਤੇ ਨਾ ਹੀ ਸਰਕਾਰ ਦੇ ਕੋਲ । ਹੁਣ ਤੱਕ ਤਾਂ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਸਾਡੇ ਦੇਸ਼ ਦੇ ਅੰਦਰ ਨਸ਼ਾ ਕੌਣ ਭੇਜ ਰਿਹਾ ਹੈ? ਜੇਕਰ ਪੁਲਿਸ ਨੂੰ ਇਸ ਗੱਲ ਦਾ ਪਤਾ ਹੈ ਤਾਂ ਪੁਲਿਸ ਨਸ਼ੇ ਦੇ ਅਸਲੀ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰਦੀ? ਵੇਖਿਆ ਜਾਵੇ ਤਾਂ ਨਸ਼ੇ ਨੇ ਪੰਜਾਬ ਨੂੰ ਘੁਣ ਵਾਂਗ ਖਾ ਲਿਆ ਹੈ, ਜਿਸ ਨੂੰ ਬਚਾਉਣ ਦੇ ਲਈ ਭਾਵੇਂ ਹੀ ਕਈ ਬੁੱਧੀਜੀਵੀ ਅੱਗੇ ਆ ਰਹੇ ਹਨ, ਪਰ ਇਸ ਦਾ ਨਤੀਜਾ ਜ਼ਿਆਦਾ ਵਧੀਆ ਨਹੀਂ ਆ ਰਿਹਾ। 

ਦੂਜੇ ਪਾਸੇ ਪੁਲਿਸ ਪੰਜਾਬ ਅਤੇ ਸਰਕਾਰ ਨੂੰ ਸਾਡੀ ਹਮੇਸ਼ਾ ਹੀ ਇਹੀ ਸਲਾਹ ਹੁੰਦੀ ਹੈ ਕਿ ਨਸ਼ੇ ਨੂੰ ਖ਼ਤਮ ਕਰਨ ਦੇ ਲਈ ਮੁਹਿੰਮ ਜ਼ਰੂਰ ਚਲਾਊ, ਪਰ ਨਸ਼ਾ ਅਸਲ 'ਚ ਵੀ ਖ਼ਤਮ ਕਰਕੇ ਵਿਖਾਓ। ਖ਼ਾਲੀ ਮੁਹਿੰਮਾਂ ਚਲਾ ਕੇ ਗੱਲ ਨਹੀਂ ਬਣਦੀ। ਪੰਜਾਬ ਪੁਲਿਸ ਨੂੰ ਚਾਹੀਦਾ ਹੈ ਕਿ ਜਿਹੜਾ ਵੀ ਕੋਈ ਨਸ਼ਾ ਸਮਗਲਰ ਫੜਿਆ ਜਾਂਦਾ ਹੈ ਤਾਂ ਉਸ ਤੋਂ ਚੰਗੀ ਤਰ੍ਹਾ ਨਾਲ ਪੁੱਛਗਿੱਛ ਕੀਤੀ ਜਾਵੇ ਅਤੇ ਉਹ ਨਸ਼ਾ ਕਿਥੋਂ ਲਿਆਉਂਦਾ ਹੈ, ਉਸ ਦੇ ਬਾਰੇ 'ਚ ਪੂਰਾ ਪਤਾ ਲਗਾਇਆ ਜਾਵੇ । ਦੇਖਣਾ ਹੁਣ ਇਹ ਹੋਵੇਗਾ ਕਿ, ਆਖ਼ਰ ਕਦੋਂ ਨਸ਼ਾ ਮੁਕਤ ਪੰਜਾਬ ਹੋਵੇਗਾ?