ਅਤੀ ਸੁਰੱਖਿਆ ਵਾਲੇ ਕੈਂਟ ਇਲਾਕੇ 'ਚ ਪ੍ਰਵੇਸ਼ ਹੋਇਆ ਗਾਂਜਾ !!!

Last Updated: Jul 20 2019 13:41
Reading time: 0 mins, 54 secs

ਅਤੀ ਸੁਰੱਖਿਆ ਵਾਲੇ ਕੈਂਟ ਫ਼ਿਰੋਜ਼ਪੁਰ ਇਲਾਕੇ ਦੇ ਅੰਦਰ ਗਾਂਜਾ ਪ੍ਰਵੇਸ਼ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਦੂਜੇ ਪਾਸੇ ਕੈਂਟ ਫ਼ਿਰੋਜ਼ਪੁਰ ਪੁਲਿਸ ਦੇ ਵੱਲੋਂ ਗਸ਼ਤ ਦੇ ਦੌਰਾਨ ਗਾਂਜੇ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧ ਵਿੱਚ ਪੁਲਿਸ ਥਾਣਾ ਕੈਂਟ ਫ਼ਿਰੋਜ਼ਪੁਰ ਦੇ ਵੱਲੋਂ ਇੱਕ ਵਿਅਕਤੀ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਕੈਂਟ ਫ਼ਿਰੋਜ਼ਪੁਰ ਦੇ ਹੌਲਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿੱਚ ਚੁੰਗੀ ਨੰਬਰ 7 ਕੋਲ ਮੌਜੂਦ ਸਨ। 

ਹੌਲਦਾਰ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਦੇ ਵੱਲੋਂ ਸ਼ੱਕ ਦੇ ਤਹਿਤ ਇੱਕ ਵਿਅਕਤੀ ਨੂੰ ਰੋਕਿਆ ਗਿਆ। ਪੁਲਿਸ ਨੇ ਦਾਅਵਾ ਕਰਦਿਆਂ ਹੋਇਆਂ ਦੱਸਿਆ ਕਿ ਜਦੋਂ ਉਕਤ ਵਿਅਕਤੀ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਵਿੱਚੋਂ 200 ਗ੍ਰਾਮ ਗਾਂਜੇ ਦੀਆਂ ਪੱਤੀਆਂ ਬਰਾਮਦ ਹੋਈਆਂ। ਪੁਲਿਸ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਸਤਨਾਮ ਸਿੰਘ ਉਰਫ਼ ਸੱਤਾ ਪੁੱਤਰ ਲਾਲ ਸਿੰਘ ਵਾਸੀ ਇੰਦਰਾ ਕਲੋਨੀ ਫ਼ਿਰੋਜ਼ਪੁਰ ਕੈਂਟ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਉਕਤ ਸਤਨਾਮ ਸਿੰਘ ਉਰਫ਼ ਸੱਤਾ ਦੇ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।