ਤਿੰਨ ਦਰਜਨ ਲੋਕਾਂ ਨੂੰ ਹਸਪਤਾਲ ਪਹੁੰਚਾਉਣ ਦਾ ਕਾਰਨ ਬਣ ਗਿਆ ਅਵਾਰਾ ਸਾਂਢ !!! (ਵਿਅੰਗ)

Last Updated: Jul 20 2019 13:42
Reading time: 1 min, 39 secs

ਪਿੰਡ ਤੇਪਲਾ ਕੋਲ ਹੋਇਆ ਸੜਕ ਹਾਦਸਾ ਟਲ ਸਕਦਾ ਸੀ ਜੇਕਰ, ਪੰਜਾਬ ਸਰਕਾਰ ਅਵਾਰਾ ਪਸ਼ੂਆਂ ਨੂੰ ਉਹਨਾਂ ਦੇ ਅਸਲ ਟਿਕਾਣਿਆਂ ਤੇ ਪਹੁੰਚਾਉਣ ਵਿੱਚ ਨਾਕਾਮ ਨਾ ਰਹਿੰਦੀ ਤਾਂ। ਇਹ ਹਾਦਸਾ ਤਾਂ ਟਲ ਹੀ ਸਕਦਾ ਸੀ, ਉਹ ਤਿੰਨ ਦਰਜਨ ਲੋਕ ਵੀ ਜ਼ਖਮੀ ਹੋਣੋਂ ਬਚ ਜਾਂਦੇ, ਜਿਹੜੇ ਇਸ ਵੇਲੇ ਪਟਿਆਲਾ, ਰਾਜਪੁਰਾ ਅਤੇ ਚੰਡੀਗੜ੍ਹ ਦੇ ਵੱਖ-ਵੱਖ ਹਸਪਤਾਲਾਂ ਵਿੱਚ ਪਏ ਹੋਏ, ਆਪੋ ਆਪਣੇ ਹੱਡ ਗੋਡਿਆਂ ਤੇ ਪੱਟੀਆਂ ਕਰਵਾ ਰਹੇ ਹਨ। ਦੱਸਿਆ ਜਾ ਰਿਹੈ ਕਿ ਹਾਦਸੇ ਵਿੱਚ ਇੱਕ ਬੰਦੇ ਦਾ ਸੱਜਾ ਹੱਥ ਜਦਕਿ ਇੱਕ ਦਾ ਪੈਰ ਉਹਨਾਂ ਦੇ ਜਿਸਮ ਨਾਲੋਂ ਕੱਟ ਕੇ ਵੱਖ ਹੋ ਗਿਆ।

ਇਹ ਹਾਦਸਾ ਉਸ ਵੇਲੇ ਹੋਇਆ, ਜਦੋਂ ਦਿੱਲੀ ਤੋਂ ਸਵਾਰੀਆਂ ਦੀ ਭਰੀ ਹੋਈ ਇੱਕ ਡਬਲ ਡੈਕਰ ਬੱਸ ਕੱਟੜਾ ਜਾ ਰਹੀ ਸੀ। ਜਿਵੇਂ ਹੀ ਇਹ ਬੱਸ ਪਿੰਡ ਤੇਪਲਾ ਕੋਲ ਪੁੱਜੀ ਤਾਂ ਅਚਾਨਕ ਹੀ ਸੜਕ ਦੇ ਵਿਚਕਾਰ ਕਾਲੇ ਰੰਗ ਦਾ ਇੱਕ ਸਾਂਢ ਆ ਗਿਆ। ਬਸ ਇਹੀ ਕਾਲਾ ਸਾਂਢ ਬੱਸ ਵਿੱਚ ਬੈਠੀਆਂ ਸਵਾਰੀਆਂ ਲਈ ਕਾਲ ਬਣ ਗਿਆ। ਪ੍ਰਤੱਖ਼ ਦਰਸ਼ਕਾਂ ਅਨੁਸਾਰ ਅਚਾਨਕ ਹੀ ਸੜਕ ਦੇ ਵਿਚਕਾਰ ਆਏ ਸਾਂਢ ਨੂੰ ਵੇਖ ਕੇ ਚਾਲਕ, ਬੱਸ ਤੋਂ ਆਪਣਾ ਸੰਤੁਲਨ ਗੁਆ ਬੈਠਾ।

ਪ੍ਰਤੱਖ਼ ਦਰਸ਼ਕਾਂ ਅਨੁਸਾਰ, ਵੇਖ਼ਦੇ ਹੀ ਵੇਖ਼ਦੇ ਬੱਸ ਪਲਟ ਗਈ ਅਤੇ ਉਸ ਵਿੱਚ ਬੈਠੀਆਂ ਸਵਾਰੀਆਂ ਗੋਂਗਲੂਆਂ ਵਾਂਗ ਭੁੜਕ-ਭੁੜਕ ਕੇ ਬਾਹਰ ਡਿੱਗਣ ਲੱਗ ਪਈਆਂ। ਹੱਸਦੇ ਖ਼ੇਡਦੇ ਸਫ਼ਰ ਕਰ ਰਹੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਕਿ, ਉਹਨਾਂ ਨਾਲ ਕਦੋਂ ਇਹ ਭਾਣਾ ਵਰਤ ਗਿਆ, ਹਰ ਪਾਸੇ ਚੀਖ਼ ਚਿੰਘਾੜਾ ਪੈ ਗਿਆ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਆਸ-ਪਾਸ ਦੇ ਪਿੰਡਾਂ ਦੇ ਲੋਕ ਘਟਨਾਸਥਲ ਤੇ ਪਹੁੰਚ ਗਏ, ਜਿਹਨਾਂ ਨੇ ਜਖ਼ਮੀਆਂ ਨੂੰ ਹਸਪਤਾਲ ਵਿੱਚ ਪਹੁੰਚਾਉਣ ਦੇ ਨਾਲ-ਨਾਲ ਬੱਸ ਦੇ ਅੰਦਰ ਫ਼ਸੀਆਂ ਸਵਾਰੀਆਂ ਨੂੰ ਬਾਹਰ ਕੱਢਣ ਵਿੱਚ ਵੱਡਾ ਯੋਗਦਾਨ ਪਾਇਆ। 

ਕਾਬਿਲ-ਏ-ਗੌਰ ਹੈ ਅਜੇ ਲੰਘੇ ਦਿਨ ਹੀ, ਪਟਿਆਲਾ ਵਿੱਚ ਇੱਕ ਅਵਾਰਾ ਸਾਂਢ ਨੇ ਟੱਕਰ ਮਾਰ ਕੇ ਇੱਕ ਰਾਹਗੀਰ ਦਾ ਢਿੱਡ ਪਾੜ ਦਿੱਤਾ ਸੀ। ਜਿਸਦੇ ਬਾਅਦ ਪਟਿਆਲਾ ਨਗਰ ਨਿਗਮ ਅਤੇ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਨੇ ਪਟਿਆਲਾ ਵਿੱਚ ਸਾਂਢ ਫੜੂ ਮੁਹਿੰਮ ਸ਼ੁਰੂ ਕੀਤੀ ਸੀ, ਪਰ ਇਸਦੇ ਦੌਰਾਨ ਹੀ ਤੇਪਲਾ ਵਿੱਚ ਵੀ ਇੱਕ ਅਵਾਰਾ ਸਾਂਢ, ਬੱਸ ਦੇ ਪਲਟਣ ਅਤੇ ਤਿੰਨ ਦਰਜਨ ਸਵਾਰੀਆਂ ਦੇ ਜ਼ਖਮੀ ਹੋ ਜਾਣ ਦਾ ਕਾਰਨ ਬਣ ਗਿਆ। ਰੱਬ ਹੀ ਬਚਾਵੇ, ਸਮੇਂ ਦੀਆਂ ਸਰਕਾਰਾਂ ਅਤੇ ਇਹਨਾਂ ਦੇ ਸਾਂਢਾਂ ਤੋਂ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।