ਸਿੱਧੂ ਦੇ ਅਸਤੀਫ਼ੇ ਨੂੰ ਕੈਪਟਨ ਦੀ ਮਨਜ਼ੂਰੀ, ਸਿਆਸੀ ਮਾਹੌਲ ਗਰਮਾਇਆ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 20 2019 13:27
Reading time: 1 min, 12 secs

ਬੀਤੇ ਕਈ ਦਿਨਾਂ ਤੋਂ ਸੂਬਾ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਕਾਰ ਚੱਲ ਰਹੀ ਠੰਡੀ ਜੰਗ ਆਉਂਦੇ ਸਮੇਂ 'ਚ ਗਰਮਾ ਸਕਦੀ ਹੈ। ਸਿੱਧੂ ਦੇ ਅਸਤੀਫ਼ੇ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਪਰ ਅੱਜ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਦੇ ਅਸਤੀਫ਼ੇ ਨੂੰ ਮਨਜ਼ੂਰ ਕੀਤੇ ਜਾਣ ਦੇ ਨਾਲ ਹੀ ਸਿਆਸੀ ਮਾਹੌਲ ਗਰਮਾ ਗਿਆ ਹੈ।

ਹੁਣ ਸਿੱਧੂ ਵੱਲੋਂ ਕਿਸ ਤਰ੍ਹਾਂ ਦਾ ਪ੍ਰਤੀਕਰਮ, ਫ਼ੈਸਲਾ ਲਿਆ ਜਾਂਦਾ ਹੈ ਇਸ ਨੂੰ ਵੇਖਣ ਲਈ ਲੋਕਾਂ ਦੀ ਦਿਲਚਸਪੀ ਵੱਧ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਨੂੰ ਮਨਜ਼ੂਰ ਕਰਕੇ ਉਸ ਨੂੰ ਮਾਨਯੋਗ ਰਾਜਪਾਲ ਸ਼੍ਰੀ ਵੀ.ਪੀ ਸਿੰਘ ਬਦਨੋਰ ਕੋਲ ਭੇਜ ਦਿੱਤਾ ਗਿਆ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸ ਹਾਈ ਕਮਾਨ ਕੋਲ ਕੀਤੀ ਗਈ ਅਪੀਲ ਦਲੀਲ ਕਿਸੇ ਕੰਮ ਨਹੀਂ ਆਈ ਅਤੇ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਸਣੇ ਕਾਂਗਰਸ ਦੇ ਦਿੱਗਜ ਤੇ ਗਾਂਧੀ ਪਰਿਵਾਰ ਦੇ ਨੇੜਲਿਆਂ ਦੇ ਨੇੜੇ ਹੋਣ ਦੇ ਬਾਵਜੂਦ ਸਿੱਧੂ ਕੈਪਟਨ ਅੱਗੇ ਟਿੱਕ ਨਹੀਂ ਸਕੇ ਅਤੇ ਆਖ਼ਰ ਅਸਤੀਫ਼ੇ ਨੂੰ ਲੈ ਕੇ ਚੱਲ ਰਿਹਾ ਮਾਮਲੇ ਦਾ ਨਬੇੜਾ ਫ਼ਿਲਹਾਲ ਲਗਦਾ ਹੈ ਕਿ ਹੋ ਗਿਆ ਹੈ।

ਚਰਚਾ ਤਾਂ ਇਹ ਵੀ ਹੈ ਕਿ ਸਿੱਧੂ ਨੂੰ ਗਾਂਧੀ ਪਰਿਵਾਰ ਕਿਸੇ ਹੋਰ ਅਹੁਦੇ 'ਤੇ ਨਵਾਜ਼ ਸਕਦਾ ਹੈ ਪਰ ਫ਼ਿਲਹਾਲ ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਹੁਣ ਸਿਆਸੀ ਮਾਹਿਰਾਂ ਤੇ ਸਿਆਸੀ ਪਾਰਟੀਆਂ ਦੀ ਨਜ਼ਰ ਰਾਜਪਾਲ ਵੱਲੋਂ ਅਸਤੀਫ਼ੇ 'ਤੇ ਆਖ਼ਰੀ ਮੋਹਰ ਲਾਉਣ ਦੇ ਨਾਲ-ਨਾਲ ਸਿੱਧੂ ਵੱਲੋਂ ਆਉਣ ਵਾਲੀ ਪ੍ਰਤੀਕ੍ਰਿਆ ਨੂੰ ਲੈ ਕੇ ਬਣੀ ਹੋਈ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।